ਦਾ ਕੰਮ ਕਰ ਰਹੀ ਸੀ। ਤੜਕਸਾਰ ਦੇ ਵੇਲੇ ਤੱਕ ਕੋਈ ਸੱਤ ਕੋਹ ਪੈਂਡ ਲੰਘ ਗਏ। ਪਿੰਡ ਰਾਹ ਵਿਚ ਦਿੱਸੇ ਸਭ ਤੋਂ ਲਾਂਭੇ ਰਹਿ ਰਹਿ ਕੇ ਨਿਕਲ ਜਾਂਦੇ ਰਹੇ। ਹੁਣ ਸੂਰਜ ਚੜ੍ਹ ਪਿਆ ਤੇ ਇਕ ਘਣਾਂ ਜੰਗਲ ਆ ਗਿਆ ਉਸ ਨੂੰ ਕਿਲ੍ਹਾ ਸਮਝ ਕੇ ਬਨ ਵਿਚ ਆ ਵੜੇ ਅਰ ਇਕ ਘਣੇ ਛਾਏ ਵਾਈ ਥਾਂ ਪੁਰ ਜਾ ਕੇ ਹਰੇ ਹਰੇ ਘਾਹ ਪੁਰ ਲੇਟ ਗਏ। ਲੇਟੇ ਐਸੇ ਕਿ ਸੱਤੇ ਸੁਧਾਂ ਭੁੱਲ ਗਈਆਂ, ਜਿਵੇਂ ਕੋਈ ਸੌਦਾਗਰ ਘੋੜੇ ਵੇਚ ਕੇ ਜਾਂ ਕੋਈ ਪਿਓ ਧੀ ਦਾ ਡੋਲਾ ਤੋਰ ਕੇ ਸੌਂਦਾ ਹੈ। ਥਕਾਨ ਭਾਵੇਂ ਅੱਚਵੀ ਤੱਕ ਪਹੁੰਚ ਗਿਆ ਸੀ ਅਰ ਇਹ ਉਮੈਦ ਨਹੀਂ ਸੀ ਕਿ ਨੀਂਦ ਇਨ੍ਹਾਂ ਦੀਆਂ ਹੱਟੀਆਂ ਹੋਈਆਂ ਅੱਖਾਂ ਵਿਚ ਬਿਸਰਾਮ ਕਰੇਗੀ ਪਰ ਸਬਦ ਦੇ ਪ੍ਰੇਮੀ ਹੋਣ ਕਰਕੇ ਸੁਰਤ ਇਨ੍ਹਾਂ ਦੇ ਵੱਸ ਵਿਚ ਸੀ. ਸੁਰਤ ਨੂੰ ਟਿਕਾਉ ਦੇ ਰਸਤੇ ਪਾਉਂਦੇ ਨਿੰਦਰਾ ਵਿਚ ਲੈ ਗਏ ਅਰ ਘਾਹ ਪੁਰ ਸੌ ਗਏ, ਜਿਵੇਂ ਇੰਦਰ ਤਖ਼ਤ ਤੇ ਸੌਂ ਜਾਵੇ। ਇਸ ਵੇਲੇ ਠੰਢਕ ਇਨ੍ਹਾਂ ਨੂੰ ਮੁੱਠੀਆਂ ਭਰਨ ਲੱਗ ਗਈ ਅਰ ਪਿਆਰੀ ਪਿਆਰੀ ਪੌਣ ਪੱਖਾ ਕਰਨ ਲੱਗ ਗਈ।
ਮੁਨ੍ਹੇਰੇ ਦੇ ਸੁਤੇ ਲੌਢੇ ਪਹਿਰ ਉਠੇ। ਬਨ ਦੇ ਵਿਚ ਇਕ ਛੰਭ ਜਿਹਾ ਲੱਭ ਕੇ ਇਸ਼ਨਾਨ ਪਾਣੀ ਕੀਤਾ ਅਰ ਇਕ ਬੇਰੀ ਦੇ ਬੇਰ ਖਾ ਕੇ ਇਸ ਮੁੱਢ ਕਦੀਮਾਂ ਦੇ ਵੈਰੀ ਢਿਡ ਦਾ ਲਾਂਘਾ ਲੰਘਾਇਆ। ਬਿਜੈ ਸਿੰਘ ਦਾ ਸੰਕਲਪ ਇਸ ਬਨ ਵਿਚ ਕੁਝ ਦਿਨ ਕੱਟਣੇ ਦਾ ਸੀ, ਪਰ ਬਨ ਵਿਚੋਂ ਕਈ ਵੈਰੀ ਤੁਰਕ ਸਿਪਾਹੀ ਦੂਰ ਸੜਕ ਪੁਰ ਤੁਰੇ ਜਾਂਦੇ ਵੇਖ ਕੇ ਇਹ ਥਾਂ ਸਲਾਮਤ ਨਾ ਜਾਣੀ ਤੇ ਘੁਸਮੁਸੇ ਹੋਣੇ ਤੋਂ ਰਤਾ ਕੁ ਪਹਿਲੋਂ ਕੂਚ ਕਰ ਦਿੱਤਾ। ਸੰਝ ਹੋਣੇ ਦੇ ਵੇਲੇ ਕੀ ਦੇਖਦੇ ਹਨ ਕਿ ਦਰਯਾ ਕੰਢੇ ਆ ਨਿਕਲੇ ਹਾਂ ਸੂਰਜ ਦਾ ਡੁਬਾਉ, ਨਦੀ ਦਾ ਚੜ੍ਹਾਉ, ਰਾਤ ਦਾ ਉਤਰਾਉ ਇਕ ਐਸਾ ਭੈ-ਭੀਤ ਸਮੇਂ ਦਾ ਕਾਰਨ ਹੋ ਰਿਹਾ ਸੀ ਕਿ ਜਿਸ ਵਿਚ ਮਨ ਸਹਿਮਦਾ, ਦੇਹਿ ਸੰਕੁਚਦੀ ਤੇ ਨਿਰਾਸਤਾ ਵਧਦੀ ਚਲੀ ਗਈ ਸੀ। ਪਾਰ ਹੋ ਸਕਣ ਦੀ ਆਸ ਆਸਾ ਤੋਂ ਹੱਥ ਧੋ ਬੈਠੀ ਸੀ ਜਿਵੇਂ ਗ੍ਯਾਨਵਾਨ ਦੇ ਕਰਮ ਪੁੰਗਰਨ ਦੀ ਆਸ ਛੱਡ ਬੈਠਦੇ ਹਨ। ਪਰ ਥੋੜਾ ਚਿਰ ਹੋਰ ਉੱਤਰ ਰੁਖ਼ ਕਦਮ ਮਾਰਨ ਤੇ ਹੋ ਚੂਕੀ ਨਿਰਾਸਾ ਫੇਰ ਆਸਾ ਵਿਚ ਪਲਟ ਖਲੋਤੀ ਕਿ ਇਕ ਪਤਣ ਨਜ਼ਰੀਂ ਆ ਗਿਆ ਤੇ ਇਕ ਬੇੜੀ ਦਿੱਸ ਪਈ, ਜਿਸ ਦਾ ਪੂਰ ਕੁਝ ਊਣਾ ਸੀ, ਪਰ ਉਹ ਬੇੜੀ ਨੂੰ ਊਣਿਆਂ ਹੀ ਠੇਲ੍ਹਣ ਲੱਗੇ ਸੀ। ਬਿਜੈ ਸਿੰਘ ਦੀ ਅਵਾਜ਼ ਸੁਣ ਕੇ