

ਮਲਾਹਾਂ ਨੇ ਉਡੀਕ ਕੀਤੀ ਅਰ ਤਿੰਨਾਂ ਨੂੰ ਚੜ੍ਹਾ ਕੇ ਪਾਰ ਲੈ ਗਏ ਪੈਸੇ ਦੇਣ ਵਾਸਤੇ ਤਾਂ ਉਨ੍ਹਾਂ ਦੇ ਪਾਸ ਕੋਈ ਦਮੜਾ ਸੀ ਹੀ ਨਹੀਂ. ਮਲਾਹਾਂ ਨੂੰ ਇਕਲਵੰਜੇ ਲਿਜਾਕੇ ਇਕ ਮੋਹਰ ਦੇ ਦਿਤੀ ਜੋ ਸ਼ੀਲ ਕੌਰ ਦੇ ਪਾਸ ਕੁਝ ਕੁ ਵਾਂਸਲੀ ਵਿਚ ਪਈਆਂ ਲੱਕ ਨਾਲ ਬੱਧੀਆਂ ਸਨ। ਜਾਂ ਕੁਝ ਕਦਮ ਤੁਰੇ ਤਦ ਕੀ ਦੇਖਦੇ ਹਨ ਕਿ ਪੱਤਣ ਜਗਾਤੀਆਂ ਨੇ ਆ ਘੇਰਿਆ ਅਰ ਪਲੇਪਲੀ ਵਿਚ ਦਸ ਪੰਜ ਸਿਪਾਹੀ ਬੀ ਗਿਰਦੇ ਆ ਗਏ: "ਮਰਦੂਦ ਸਿੱਖ ਮਰਦੂਦ ਸਿੱਖ` ਆਖਦੇ ਮੂੰਹ ਬਣਾਉਂਦੇ ਉਨ੍ਹਾਂ ਨੂੰ ਫੜ ਕੇ ਲੈ ਗਏ, ਅਰ ਤਲਾਸ਼ੀ ਲੈ ਕੇ ਮੋਹਰਾਂ ਗਹਿਣੇ, ਜੋ ਉਨ੍ਹਾਂ ਪਾਸ ਸੀ, ਖੋਹ ਲਿਆ। ਕੋਈ ਦੋ ਕੁ ਸੋਨੇ ਦੀਆਂ ਛਾਪਾਂ ਉਨ੍ਹਾਂ ਦੀਆਂ ਚੋਰ ਨਜ਼ਰਾਂ ਤੋਂ ਬਚ ਗਈਆਂ: ਯਾ ਕ੍ਰਿਪਾਨਾਂ ਕਿਸੇ ਨੇ ਨਾ ਖੋਹੀਆਂ। ਪਰੇ ਲਿਜਾ ਕੇ ਇਕ ਕੋਠੇ ਵਿਚ ਦੇ ਕੇ ਕੁੰਡਾ ਮਾਰ ਦਿੱਤਾ। ਉਸ ਡਰਾਉਣੀ ਕੁਟੀਆ ਵਿਚ ਕਾਲੀ ਬੋਲੀ ਰਾਤ ਆਪਣੇ ਭਯੰਕਰ ਅਸਰ ਨੂੰ ਲੈ ਕੇ ਆ ਪਹੁੰਚੀ। ਸਾਰੇ ਸੰਸਾਰ ਵਿਚ ਚੁਪ- ਚਾਂ ਵਰਤ ਗਈ, ਪਾਪਾਂ ਦੇ ਕਰਨੇ ਵਾਲੀ ਅਰ ਅਪਰਾਧਾਂ ਦੇ ਫੈਲਾਣੇ ਵਾਲੀ ਸ੍ਰਿਸ਼ਟੀ ਅਨੰਦ ਦੀ ਨੀਂਦ ਸੁਤੀ ਘੁਰਾੜੇ ਮਾਰ ਰਹੀ ਹੈ। ਜ਼ਾਲਮਾਂ ਤੇ ਜਰਵਾਣਿਆਂ ਦੇ ਘਰੀਂ ਸੰਸਾਰ ਦੀ ਸਾਰੀ ਖੁਸ਼ੀ ਕੱਠੀ ਹੋ ਰਹੀ ਹੈ; ਪਰ ਹਾਇ! ਧਰਮ ਦੇ, ਸੱਚ ਦੇ ਪੁਤਲੇ! ਦੁਖੀਆਂ ਦੀਨਾਂ ਦੇ ਰੱਖ੍ਯਕ ਕਿਸ ਤਰ੍ਹਾਂ ਮੁਸੀਬਤਾਂ ਵਿਚ ਰਾਤਾਂ ਕੱਟ ਰਹੇ ਹਨ! ਮੁਸੀਬਤ ਦੀ ਰਾਤ ਕਿਸ ਤਰ੍ਹਾਂ ਬੀਤੇ ? ਦੁਖੀ ਲੋਕ ਤਾਰੇ ਗਿਣਦਿਆਂ ਹੀ ਕੱਟ ਲੈਂਦੇ ਹਨ, ਪਰ ਹੇ ਗੁਰੂ ਗੋਬਿੰਦ ਸਿੰਘ ਜੀ! ਤੇਰੇ ਸ਼ੇਰਾਂ ਤੇ ਵਿਪਤਾਂ ਵੀ ਐਸੀਆਂ ਕਾਲੀਆਂ ਕੁਟੀਆਂ ਵਿਚ ਆਉਂਦੀਆਂ ਹਨ ਕਿ ਜਿੱਥੇ ਤਾਰੇ ਗਿਣ ਸਕਣ ਦਾ ਸਮਾਂ ਕੱਟਣੇ ਵਾਲਾ ਪਰਚਾਵਾ ਵੀ ਨਸੀਬ ਨਹੀਂ ਹੁੰਦਾ। ਪਰ ਨਹੀਂ ਤੇਰੀ ਸਦਾ ਜਗਾਣੇ ਵਾਲੀ ਬਾਣੀ ਭਗਤਾਂ ਦਾ ਆਸਰਾ ਹੈ ਅਰ ਸਹਾਰਾ ਦੇਣ ਲਈ ਸੱਚੀ ਮਦਦਗਾਰ ਤੇ ਜ਼ਖਮੀਂ ਦਿਲਾਂ ਦੀ ਮਲ੍ਹਮ ਹੈ। ਭਾਵੇਂ ਬਿਜੈ ਸਿੰਘ ਜੀ ਕੈਦ ਹੋ ਗਏ ਹਨ। ਪਰ ਅੱਧੀ ਰਾਤ ਦਾ ਵੇਲਾ ਹੋਇਆ ਤਾਂ ਖਬਰ ਨਹੀਂ ਬਾਣੀ ਦੇ ਪਾਠ ਨੇ ਕੀ ਅਸਰ ਕੀਤਾ ਕਿ ਉਸ ਕਮਰੇ ਵਿਚ ਗੁਰੂ ਗੁਰੂ ਦੀ ਦਰਦਨਾਕ ਅਵਾਜ਼ ਹਾਹੁਕਿਆਂ ਨਾਲ ਭਰੀ ਹੋਈ ਆਉਣ ਲੱਗ ਪਈ। ਦੰਪਤੀ ਨੇ ਤੜ੍ਹਕ ਕੇ ਅੱਖਾਂ ਖੋਹਲੀਆਂ ਪਰ ਹਨੇਰੇ ਵਿਚ ਕੀ ਦਿੱਸੇ? ਇੰਨੇ ਨੂੰ ਪਿੱਠ ਫੇਰਕੇ ਵੇਖਣ ਤੇ ਮਲੂਮ ਹੋਇਆ ਕਿ ਬੂਹਾ ਖੁਲ੍ਹਾ ਹੈ ਅਰ ਦੀਵਾ ਆ ਰਿਹਾ