ਪੰਡਤ ਜੀ ਨੇ ਪਹਿਲੇ ਬੜੇ ਲੰਮੇ ਚੌੜੇ ਵਖ੍ਯਾਨ ਦੇ ਕੇ ਉਸਦੇ ਪਤੇ ਕੱਢਣ ਦੀਆਂ ਔਕੜਾਂ ਦੱਸੀਆਂ, ਪਰ ਛੇਕੜ ਕਰਾਰ ਕੀਤਾ ਕਿ ਮੈਂ ਸਿਰੋਂ ਪਰੇ ਯਤਨ ਕਰਾਂਗਾ ਅਰ ਆਸ਼ਾ ਹੈ ਕਿ ਪਤਾ ਲਾ ਲਵਾਂਗਾ। ਸੁਆਣੀ ਜੀ ਨੇ ਕੋਈ ਦੇ ਹਜ਼ਾਰ ਰੁਪੱਯਾ ਪੰਡਤ ਜੀ ਨੂੰ ਇਸ ਸੇਵਾ ਲਈ ਪੇਸ਼ਗੀ ਦਿੱਤਾ। ਕੋਈ ਪੰਦਰਾਂ ਕੁ ਦਿਨ ਮਗਰੋਂ ਪੰਡਤ ਜੀ ਨੇ ਸੁਆਣੀ ਜੀ ਨੂੰ ਕਿਹਾ ਕਿ ਮੈਂ ਬਿਜੈ ਸਿੰਘ ਦਾ ਪਤਾ ਕੱਢ ਲਿਆ ਹੈ। ਮਮਤਾ ਦੀ ਮਾਰੀ ਮਾਂ ਨੇ ਕੁਛ ਜਵਾਹਰ ਤੇ ਹਜ਼ਾਰ ਕੁ ਮੋਹਰ ਪੰਡਤ ਹੁਰਾਂ ਦੇ ਹਵਾਲੇ ਕੀਤੀ ਅਰ ਪੈਰਾਂ ਪੁਰ ਸਿਰ ਧਰ ਕੇ ਵਾਸਤਾ ਪਾ ਕੇ ਕਿਹਾ ਭਗਵਾਨ ਦਾ ਵਾਸਤਾ ਜੇ ਕਿ ਇਹ ਪਦਾਰਥ ਮੇਰੇ ਪੁਤ੍ਰ ਨੂੰ ਪੁਚਾ ਦਿਓ। ਪੰਡਤ ਜੀ ਨੇ ਉਸ ਦੀ ਚੰਗੀ ਤਰ੍ਹਾਂ ਤਸੱਲੀ ਬਨਾਹੀ। ਗਊ ਮਾਤਾ ਜਾਮਨ ਦਿੱਤੀ, ਸ਼ਾਸਤਰ ਵੇਦ ਦੀ ਸਹੁੰ ਖਾਧੀ ਤੇ ਗੱਫਾ ਲੈ ਕੇ ਘਰ ਪਹੁੰਚੇ। ਇਕ ਡੂੰਘਾ ਜਿਹਾ ਟੋਆ ਪੁੱਟ ਕੇ ਧਨ ਦੱਬ ਦਿਤਾ ਅਰ ਦੂਸਰੇ ਦਿਨ ਢੂੰਡ ਵਿਚ ਟੁਰ ਪਏ।
ਦੇਸ਼ ਵਿਚ ਸਿੱਖਾਂ ਨੇ ਸਿਰ ਹਿਲਾਇਆ ਸੀ, ਖ਼ਾਸ ਕਰ ਬਾਰੀ ਦੁਆਬ ਵਿਚ ਪਰ ਮੰਨੂੰ ਵੱਲੋਂ ਬੀ ਬੜੀ ਸਖ਼ਤੀ ਤੇ ਕਤਲ ਹੋ ਰਹੀ ਸੀ। ਲਾਹੌਰ ਵਿਚ ਆਏ ਦਿਨ ਸਿਖ ਮਾਰੇ ਜਾਂਦੇ ਸਨ।* ਘਰ ਘਰ ਇਨ੍ਹਾਂ ਗੱਲਾਂ ਦਾ ਚਰਚਾ ਸੀ। ਮੰਨੂੰ ਨੂੰ ਅਦੀਨਾਬੇਗ ਤੇ ਸ਼ੱਕ ਸੀ ਕਿ ਉਹ ਸਿੱਖਾਂ ਨੂੰ ਚੁੱਕਦਾ ਹੈ ਸੋ ਉਸ ਨੂੰ ਹੁਕਮ ਗਿਆ ਸੀ ਕਿ ਤੂੰ ਇਨ੍ਹਾਂ ਦਾ ਖੁਰਾ ਖੋਜ ਮਿਟਾ ਦੇ। ਬਿਜੈ ਸਿੰਘ ਦੀ ਮਾਂ ਇਹਨਾਂ ਗੱਲਾਂ ਨੂੰ ਬੜੇ ਗਹੁ ਨਾਲ ਸੁਣਦੀ ਹੁੰਦੀ ਸੀ।
––––––––––
* ਦੇਖੋ ਤਾਰੀਖੇ ਪੰਜਾਬ ਲਿਖਤ ਸੱਯਦ ਮੁਹੰਮਦ ਲਤੀਫ਼।