ਇਲਾਕੇ ਵਿਚ ਆਰਾਮ ਨਾਲ ਰਹਿ ਸਕੇਗਾ ਤੇ ਦੇਸ਼ ਵਿਚ ਮੀਰ ਮੰਨੂੰ ਦੀ ਵਸ ਰਹੀ ਅੱਗ ਤੋਂ ਬਚਕੇ ਟੱਬਰਦਾਰ ਸਿਖ ਏਥੇ ਦਿਨ-ਕਟੀ ਕਰ ਲੈਣਗੇ। ਸੋ ਇਉਂ ਉਨ੍ਹਾਂ ਨਾਲ ਉਸ ਦੀ ਸੁਲਹ ਹੋ ਗਈ ਹੈ ਤੇ ਸਿਖ ਹੁਣ ਫੇਰ ਆਨੰਦਪੁਰ ਵਿਚ ਸਿਰ ਲੁਕਾਉਣ ਲਈ ਜਾ ਰਹੇ ਹਨ। ਮੇਰੇ ਪਤੀ ਜੀ ਦੱਸਦੇ ਸੀ ਕਿ ਮੇਰੀ ਰਾਇ ਵਿਚ ਆਦੀਨਾ ਬੇਗ ਬੜਾ ਚਾਲਾਕ ਹੈ। ਉਹ ਸੋਚਦਾ ਹੈ ਕਿ ਜੇ ਮੈਂ ਸਿਖਾਂ ਨੂੰ ਮੂਲੋਂ ਹੀ ਮਾਰ ਲਿਆ ਤਦ ਲਾਹੌਰ ਦੀ ਸਰਕਾਰ ਮੈਨੂੰ ਮਾਰ ਲਵੇਗੀ: ਕਿਉਂਕਿ ਹੁਣ ਮੇਰਾ ਡਰ ਬਣਿਆ ਹੋਇਆ ਹੈ ਕਿ ਇਹ ਸਿਖਾਂ ਦਾ ਬੰਦੋਬਸਤ ਚੰਗਾ ਕਰਦਾ ਹੈ। ਇਹ ਸੋਚ ਕੇ ਉਸ ਨੇ ਸਿਖਾਂ ਨਾਲ ਅੰਦਰਖਾਨੇ ਸੁਲਹ ਕਰ ਲਈ ਹੈ ਕਿ ਤੁਸੀਂ ਆਰਾਮ ਨਾਲ ਟਿਕ ਜਾਓ ਤੇ ਮੈਂ ਤੁਹਾਨੂੰ ਤੰਗ ਨਹੀਂ ਕਰਾਂਗਾ। ਇਧਰ ਸਿਖਾਂ ਤੇ ਛਾਪਾ ਮਾਰ ਤੇ ਸ਼ਹਿਰੀ ਵਸੋਂ ਨੂੰ ਕਤਲ ਕਰਕੇ ਲਾਹੌਰ ਪਤ ਬਣਾ ਲਈ ਸੂ ਕਿ ਮੈਂ ਸਿਖ ਯੋਧੇ ਖੂਬ ਮੁਕਾਏ ਹਨ।
ਦੀਵਾਨਣੀ— ਭੈਣ ਜੀ! ਤੁਹਾਨੂੰ ਇਹ ਕਿਥੋਂ ਪਤੇ ਲਗੇ?
ਨਾਜ਼ਮਣੀ— ਕੱਲ ਦਰਬਾਰ ਵਿਚ ਏਸੇ ਗੱਲ ਦੀ ਚਰਚਾ ਰਹੀ। ਰਾਤ ਪਤੀ ਜੀ ਤੇ ਇਕ ਮਿਤ੍ਰ ਸਾਡੇ ਘਰ ਗੱਲਾਂ ਕਰਦੇ ਰਹੇ ਸਨ ਕਿ ਨਵਾਬ ਆਦੀਨਾ ਬੇਗ ਬੜਾ ਚਲਾਕ ਹੈ, ਲਾਹੌਰ ਦੇ ਥੱਲੇ ਭੀ ਨਹੀਂ ਲਗਦਾ, ਵਿਗੜਦਾ ਭੀ ਨਹੀਂ, ਸਿਖਾਂ ਨਾਲ ਲੜ ਭੀ ਪੈਂਦਾ ਹੈ ਤੇ ਫੇਰ ਸੁਲਹ ਭੀ ਕਰ ਲੈਂਦਾ ਹੈ। ਦਿਖਾਵਾ ਇਹ ਕਰਦਾ ਹੈ ਕਿ ਮੈਂ ਸਿਖਾਂ ਦੇ ਫਸਾਦ ਦੂਰ ਕਰਦਾ ਹਾਂ ਅਰ ਫੇਰ ਆਪਣੀ ਲੱਤ ਉਚੀ ਰੱਖਣ ਲਈ ਥੋੜੇ ਬਹੁਤ ਫਸਾਦ ਸਿਖਾਂ ਦੇ ਹੋਣ ਭੀ ਦਿੰਦਾ ਹੈ। ਮੈਂ ਇਹ ਸਾਰੇ ਪ੍ਰਸੰਗ ਅੰਦਰ ਬੈਠੀ ਸੁਣਦੀ
ਰਹੀ ਸਾਂ,* ਪਰ ਭੈਣ ਜੀ ਐਤਕਾਂ ਇਕ ਗੱਲ ਬੜੀ ਮਾੜੀ ਹੋਈ ਹੈ। ਸਿਖਾਂ ਦਾ ਇਕ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਮੇ ਅਦੀਨਾ ਬੇਗ ਪਾਸ ਨੌਕਰ ਹੋ ਗਿਆ ਹੈ।
ਦੀਵਾਨਣੀ— ਚੁਪ ਕਰ ਰਹੁ ਭੈਣ! ਹੋ ਗਿਆ ਹੋਊ। ਕੋਈ ਕਾਰਣ ਵਰਤਿਆ ਹੋਊ। ਚਿਰ ਨਹੀਓਂ ਰਹਿਣ ਲੱਗਾ, ਸਿਖਾਂ ਦਾ ਲਹੂ ਡਾਢਾ ਸੰਘਣਾ ਹੈ। ਇਸਨੇ ਕਿਸੇ ਵੇਲੇ ਤੜੱਕ ਆਪਣੇ ਭਰਾਵਾਂ ਨਾਲ ਜਾ ਰਲਣਾ ਹੈ।