7. ਕਾਂਡ
ਲਾਹੌਰੋਂ ਤੁਰ ਰਾਵੀ ਪਾਰ ਹੋ ਕੇ ਫੇਰ ਝਨਾਂ ਨਦੀ ਆਉਂਦੀ ਹੈ। ਜਿਸ ਦਾ ਪਾਤ ਅਰ ਵਹਿਣ ਐਡਾ ਭਾਰੀ ਹੈ ਕਿ ਪੰਜਾਬੀ ਵਿਚ ਕਹਾਵਤਾਂ ਵਿਚ ਵਰਤੀਂਦਾ ਹੈ. ਯਥਾ- 'ਨਹੀਓਂ ਅੰਤ ਝਨਾਂ ਦਾ ਜਿਥੇ ਬੇੜੇ ਲੱਖ ਡੁਬੰਨ ! ਇਸ ਨਦੀ ਦੇ ਦੋਹੀਂ ਪਾਸੀਂ ਕਿਸੇ ਸਮੇਂ ਭਾਰੀ ਬੇਲੇ ਹੁੰਦੇ ਸਨ, ਜਿਨ੍ਹਾਂ ਵਿਚ ਕਿਸਮ ਕਿਸਮ ਦੇ ਬ੍ਰਿਛ ਅਰ ਭਾਂਤ ਭਾਂਤ ਦੇ ਜੀਵ-ਜੰਤੂ ਰਹਿੰਦੇ ਸਨ। ਅੱਜ ਕੱਲ ਭੀ ਇਹ ਬੇਲਾ ਕਈ ਥਾਈਂ ਦਿੱਸਦਾ ਹੈ, ਪਰ ਉਸ ਸਮੇਂ ਤਾਂ ਲਗ ਪਗ ਸਾਰੇ ਹੁੰਦਾ ਸੀ। ਅਰ ਵਿੱਥਾਂ ਘੱਟ ਹੁੰਦੀਆਂ ਸਨ। ਲਾਹੌਰ ਜਾਂਦਿਆਂ ਉੱਤਰ ਪੰਛ ਰੁਖ ਨੂੰ ਪਹਿਲੇ ਹੀ ਕੰਢੇ ਭਾਰੀ ਸੰਘਣਾ ਬੇਲਾ ਸੀ। ਜਿਥੇ ਕੁ ਵਜ਼ੀਰਾਬਾਦ ਹੈ. ਇਹੈ ਇਸ ਤੋਂ ਕੁਝ ਮੀਲ ਪੱਛਮ ਉੱਤਰ ਰੁਖ ਨੂੰ ਸੀਗਾ। ਇਹ ਬਨ ਕੇਵਲ ਕੰਢੇ ਹੀ ਨਹੀਂ, ਸਗੋਂ ਕੁਝ ਕੁ ਮੀਲ ਉਤੇ ਤੀਕ ਪਸਰਿਆ ਹੋਇਆ ਸੀ। ਸੰਘਣੇ ਬ੍ਰਿਛਾਂ ਅਰ ਕੰਡੇਦਾਰ ਝਾੜੀਆਂ ਨੇ ਇਸ ਨੂੰ ਕਠਨ ਬਨ ਬਣਾ ਦਿੱਤਾ ਹੋਯਾ ਸੀ। ਇਸ ਦੇ ਅੰਦਰ ਜਾਣਾ ਤਾਂ ਔਖਾ ਸੀ, ਪਰ ਵਿਚ ਵਿਚਾਲੇ ਜਾ ਕੇ ਕਈ ਥਾਈਂ ਖੁੱਲ੍ਹੇ ਪੱਧਰ ਅਰ ਵਿਰਲੇ ਥਾਂ ਹੁੰਦੇ ਸਨ, ਪਰ ਤਦ ਭੀ ਬ੍ਰਿਛਾਂ ਦੀ ਛਾਯਾ ਸਾਰੇ ਸਹਾਰਾ ਦਿੰਦੀ ਸੀ, ਜਿਨ੍ਹਾਂ ਸਮਿਆਂ ਦੇ ਅਸੀਂ ਦੁੱਖ ਭਰੇ ਸਮਾਚਾਰ ਲਿਖਦੇ ਹਾਂ, ਇਹੋ ਦੁਸ਼ਤਰ ਜੰਗਲ ਹੀ ਖਾਲਸੇ ਦਾ ਸ੍ਵਰਗ ਤੇ ਇੰਦ੍ਰਪੁਰੀਆਂ ਹੁੰਦੇ ਸਨ। ਕੋਈ ਜੰਗਲ, ਬਨ, ਬੇਲਾ, ਐਸਾ ਨਹੀਂ ਹੁੰਦਾ ਸੀ ਕਿ ਜਿਸ ਵਿਚ ਦਸ, ਪੰਜ ਯਾ ਸੋ ਸਿੱਖ ਸਿਰ ਲੁਕਾਈ ਦਿਨ-ਕਟੀ ਨਾ ਕਰ ਰਹੇ ਹੋਣ। ਜਿਸ ਵੇਲੇ ਦਾ ਅਸੀਂ ਉਤੇ ਸਮਾਚਾਰ ਦੱਸਿਆ ਹੈ, ਉਸ ਵਿਚ ਇਕ ਖੁਲ੍ਹੇ ਥਾਂ ਪੁਰ ਬਨ ਦੇ ਕੱਖ ਕੰਡਿਆਂ ਦੀ ਬਣੀ ਹੋਈ ਇਕ ਕੁੱਲੀ ਹੈ, ਜਿਸ ਦੇ ਉਦਾਲੇ ਕੰਡਿਆਂ ਦੀ ਵਾੜ ਦੇ ਕੇ ਝਿੜੀ ਜਿਹੀ ਬਣਾਈ ਹੋਈ ਹੈ, ਕੁੱਲੀ ਦੇ ਅੱਗੇ ਤੇ ਝਿੜੀ ਦੇ ਵਿਚ ਇਕ ਵਿਹੜਾ ਬੀ ਹੈ। ਇਹ ਝਿੜੀ ਬਨ-ਪਸੂਆਂ ਤੋਂ ਬਚਾਉ ਦੀ ਇਕ ਚੰਗੀ ਸੂਰਤ ਦੇ ਕੇ ਰਚੀ ਹੋਈ ਹੈ ਅਰ ਕੁੱਲੀ ਦੇ ਦੁਆਲੇ ਕਈ ਵੇਲਾਂ ਲਾਈਆਂ ਹੋਈਆਂ ਹਨ। ਥੋੜ੍ਹੀ ਦੂਰ ਪਰੇ ਇਕ ਛੰਭ ਹੈ ਜੇ ਮੀਂਹ ਦੇ ਜਲ ਨਾਲ ਅਥਵਾ ਦਰਿਯਾ ਦੇ ਉਛਲਣੇ ਨਾਲ ਭਰਪੂਰ ਰਹਿੰਦਾ ਹੈ। ਇਸ ਦਾ ਜਲ ਚੰਗਾ, ਮਿੱਠਾ ਤੇ ਸੁਥਰਾ ਰਹਿੰਦਾ ਹੈ। ਇਸ ਕੁਟੀਆ ਵਿਚ ਇਕ ਸਿੰਘ ਟੱਬਰ ਸਮੇਤ ਜਿੰਦ ਬਚਾਈ ਦਿਨ ਬਿਤਾ ਰਿਹਾ ਹੈ।
ਸੂਰਜ ਦੇਉਤਾ ਧਰਤੀ ਦੇ ਉਹਲੇ ਹੁੰਦਾ ਜਾਂਦਾ ਆਪਣੀਆਂ ਛੇਕੜਲੀਆਂ ਲਾਸਾਂ ਦਿਖਾ ਰਿਹਾ ਹੈ। ਚਾਰ ਚੁਫੇਰੇ ਸੁਹਾਉ ਵਾਲਾ ਚਾਨਣਾ, ਜੋ ਧੁੱਪ ਦੀ