ਤੇਜ਼ੀ ਤੋਂ ਮੱਧਮ ਹੋ ਕੇ ਚਾਨਣੇ ਦੇ ਵਿਚਕਾਰ ਹੁੰਦਾ ਹੈ,
ਆਪਣੀ ਅਚਰਜ ਰੌਣਕ ਨੂੰ ਬਨ ਦੀ ਸਾਦਗੀ ਵਾਂਗ ਇਕ ਟਿਕਾਉ ਵਾਲਾ ਤੇ ਸਾਦਾ ਸਮਾਂ ਬਣਾ ਰਿਹਾ ਹੈ। ਸੰਘਣੇ ਬਨਾਂ ਵਿਚ ਦਿਨ ਵੇਲੇ ਹੀ ਸੂਰਜ ਕਿਸੇ ਘੁੰਢ ਕੱਢੀ ਦੁਲਹਨ ਦੀ ਨਜ਼ਰ ਵਾਂਗੂੰ ਧੁੱਪ ਦੇ ਬਾਣ ਪੱਤਿਆਂ ਦੀਆਂ ਵਿੱਥਾਂ ਵਿਚੋਂ ਭੇਜਿਆ ਕਰਦਾ ਹੈ ਤੇ ਹੁਣ ਤਾਂ ਵੇਲਾ ਹੀ ਉਹ ਹੋ ਗਿਆ ਹੈ ਕਿ ਜਿਸ ਵੇਲੇ ਬੜੇ ਬੜੇ ਪਹਾੜਾਂ ਪਰ ਹੀ ਧੁਪ ਦੇ ਪੀਲੇ ਰੰਗ ਦਾ ਪ੍ਰਕਾਸ਼ ਕਿਸੇ ਦੇ ਘਟਦੇ ਪ੍ਰਤਾਪ ਵਾਂਗ ਦ੍ਰਿਸ਼ਟੀ ਪੈਂਦਾ ਹੈ। ਉਸ ਕੁੱਲੀ ਦੇ ਅੱਗੇ ਵਾੜ ਦੇ ਅੰਦਰ ਇਕ ਜਵਾਨ ਸੁੰਦਰ ਇਸਤ੍ਰੀ ਬੈਠੀ ਹੈ,
ਜਿਸ ਦੀ ਸੁੰਦਰਤਾ ਨੂੰ ਦੇਖ ਕੇ ਸੁੰਦਰਤਾ ਬੀ ਦੰਗ ਰਹਿ ਜਾਏ। ਇਸਦੇ ਸੁੰਦਰ ਚਿਹਰੇ ਨੂੰ ਧਰਮ,
ਸਹਿਨਸ਼ੀਲਤਾ,
ਪਤਿਬਤਾ ਭਾਵ ਤੇ ਭਜਨ ਨੇ ਐਸੀ ਅਚਰਜ ਰੰਗਤ ਦਿੱਤੀ ਹੈ ਕਿ ਸ਼ਰਈ ਮੁਸਲਮਾਨ ਦਾ ਜੀ ਵੀ ਸਿਜਦੇ ਵਿਚ ਝੁਕ ਜਾਵੇ। ਪਾਪ ਜਿਸ ਦੇ ਨੇੜੇ ਨਹੀਂ ਕਦੇ ਆਇਆ,
ਛਲ ਕਪਟ ਦੀ ਇਹ ਕਦੇ ਜਾਣੂ ਨਹੀਂ ਹੋਈ। ਕਬੂਤਰ ਵਰਗਾ ਭੋਲਾਪਨ ਉਸ ਦੇ ਮਨਮੋਹਨ ਚਿਹਰੇ ਨੂੰ ਐਸਾ ਪ੍ਰਭਾਵ ਦੇ ਰਿਹਾ ਹੈ ਕਿ ਕਵੀਆਂ ਦੀ ਕਲਮ ਇਸ ਨੂੰ ਵਰਣਨ ਕਰਨ ਤੇ ਚਿੱਤ੍ਰਕਾਰ ਦੀ ਕਲਮ ਇਸ ਨੂੰ ਅੰਕਿਤ ਕਰਨ ਵੇਲੇ ਡੂੰਘੀਆਂ ਸੋਚਾਂ ਵਿਚ ਪੈ ਪੈ ਜਾਂਦੀਆਂ। ਹਾਂ ਕੋਈ ਈਸ਼ਵਰ ਭਗਤ ਹੀ ਉਸ ਧਰਮਾਵਤਾਰ ਇਸਤ੍ਰੀ ਦੀ ਦੈਵੀ ਸੁੰਦਰਤਾ ਨੂੰ ਸਮਝ ਸਕਦਾ ਹੈ ਕਿ ਆਤਮਾ ਦੀ ਨਿਰਮਲਤਾਈ ਇਨਸਾਨ ਦੇ ਚਿਹਰੇ ਵਿਚ ਕੋਈ ਅਚਰਜ ਤਰ੍ਹਾਂ ਦੀ ਸਤੋਗੁਣੀ ਰੌਣਕ ਭਰ ਦਿਆ ਕਰਦੀ ਹੈ। ਇਸ ਦੇ ਪਾਸ ਇਕ ਸੁੰਦਰ ਬਾਲਕ ਬੈਠਾ ਹੈ ਜੋ ਗਮਲੇ ਵਿਚ ਲੱਗੇ ਹੋਏ ਸਰੂ ਦੀ ਤਰ੍ਹਾਂ ਲੰਮਾਂ,
ਪਤਲਾ ਤੇ ਸਡੋਲ ਹੈ। ਇਸਦਾ ਚਿਹਰਾ ਸੁੰਦਰ,
ਭਲਾ ਤੇ ਦੂਰ ਦੀ ਸੋਝੀ ਵਾਲਾ ਜਾਪਦਾ ਹੈ,
ਧਰਮ ਅਰ ਪਾਪ ਦੀ ਘ੍ਰਿਣਾਂ ਦਾ ਸੁਭਾਵ ਚਿਹਰੇ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਤਰਬੂਜ਼ ਦੀ ਅੰਦਰਲੀ ਲਾਲੀ ਬਾਹਰਲੇ ਸਾਵੇ ਛਿੱਲੜ ਦੇ ਵਿਚ ਦੀ ਪ੍ਰਤੀਤ
ਹੋ ਜਾਂਦੀ ਹੈ।
ਇਹ ਦੋਵੇਂ ਮਾਂ ਪੁੱਤ੍ਰ ਬੈਠੇ ਪਿਲਛੀ ਦੀਆਂ ਟੋਕਰੀਆਂ ਬਣਾ ਰਹੇ ਸਨ ਕਿ ਸੰਝ ਨੂੰ ਸਿਰ ਤੇ ਪਹੁੰਚਾ ਵੇਖਕੇ ਇਨ੍ਹਾਂ ਨੇ ਆਪਣੇ ਕੰਮ ਨੂੰ ਚੁੱਕ ਦਿੱਤਾ ਅਰ ਮੂੰਹ ਹੱਥ ਧੋ ਕੇ ਚੌਂਕੜੀ ਮਾਰ ਰਹਿਰਾਸ ਦਾ ਪਾਠ ਕਰਨ ਲਈ ਬੈਠ ਗਏ। ਪਰ ਪਾਠ ਕਰਨ ਦੀ ਥਾਵੇਂ ਚੁਪ ਚਾਪ ਬੈਠ ਜਾਣ ਥੀਂ ਮਲੂਮ ਹੁੰਦਾ ਹੈ