Back ArrowLogo
Info
Profile
ਹੀ ਰਹਿੰਦੀ ਹੈ। ਹਾਂ ਹਾਂ ਪਰ ਸਿੱਖ ਤਾਂ ਸਿੱਖ ਹੁੰਦੇ ਸਾਰ ਹੀ ਮਰਨਾ ਮੰਗਦੇ ਹਨ। ਏਹ ਤਾਂ ਆਪ ਮੌਤਾਂ ਨੂੰ ਵਾਜਾਂ ਮਾਰਦੇ ਫਿਰਦੇ ਹਨ, ਇਨ੍ਹਾਂ ਦਾ ਮਾਰਿਆ ਜਾਣਾ ਇਨ੍ਹਾਂ ਨੂੰ ਮੂੰਹ ਮੰਗੀ ਮੁਰਾਦ ਮਿਲਣੀ ਹੈ। ਇਸ ਵਿਚ ਦੋਸ਼ ਤਾਂ ਨਹੀਂ ਇਹ ਤਾਂ ਪੁੰਨ ਹੀ ਹੈ। ਮੈਂ ਬੀ ਕੈਸਾ ਦਾਨਾਂ ਹਾਂ ਲੋਕ ਏਕ ਪੰਥ ਦੋ ਕਾਜ ਕਰਦੇ ਹਨ, ਮੈਂ ਇਕ ਪੰਥ ਤਿੰਨ ਕਾਜ ਕਰਨ ਲੱਗਾ ਹਾਂ। ਇਕ ਤਾਂ ਗੱਫ਼ਾ ਹੋਰ ਲੱਝੇਗਾ, ਇਕ ਮੇਰੇ ਮਨ ਦਾ ਕੰਟਕ ਮਰੇਗਾ; ਇਕ ਪੁੰਨ ਹੋਵੇਗਾ। ਹਾ ਹਾ ਹਾ, ਖਿੜ ਖਿੜ ਹੱਸ ਪਏ।

8. ਕਾਂਡ

ਭਾਈ ਬਿਜੈ ਸਿੰਘ ਜੀ ਉਸ ਬਨ ਵਿਚ ਭਜਨ ਸਿਮਰਨ ਵਿਚ ਸਮਾਂ ਬਿਤਾ ਰਹੇ ਸਨ ਕਿ ਜਿੱਥੇ ਪੰਡਤ ਜੀ ਨੇ ਉਨ੍ਹਾਂ ਦੇ ਅਡੋਲ ਵਸੇਬੇ ਵਿਚ ਜਾ ਪੱਥਰ ਸਿੱਟਿਆ, ਪਰ ਦਿਲ ਦਾ ਪੱਕਾ ਮਰਦ ਐਸੀਆਂ ਗੱਲਾਂ ਨੂੰ ਬਿਦਨੇ ਵਾਲਾ ਨਹੀਂ ਸੀ। ਪ੍ਰੋਹਿਤ ਨੂੰ ਤੋਰ ਕੇ ਆਟਾ ਮੁੱਲ ਲਿਆ ਕੇ ਪ੍ਰਸ਼ਾਦ ਪਕਵਾਇਆ ਤੇ ਛਕਿਆ ਅਰ ਫੇਰ ਸਾਰਾ ਟੱਬਰ ਆਪਣੀ ਕਿਰਤੇ ਲੱਗਾ। ਉਹ ਇਹ ਸੀ ਕਿ ਦਿਨ ਭਰ ਤਿੰਨੇ ਜਣੇ ਪਿਲਛੀ ਦੇ ਟੋਕਰੇ ਟੋਕਰੀਆਂ ਬਣਾਉਂਦੇ। ਦੂਏ ਤੀਏ ਦਿਨ ਬਿਜੈ ਸਿੰਘ ਰੰਘੜਾਂ ਦੇ ਵੇਸ ਵਿਚ ਨਗਰ ਜਾ ਕੇ ਵੇਚਦਾ ਅਰ ਪੈਸੇ ਵੱਟ ਕੇ ਟੱਬਰ ਦਾ ਗੁਜ਼ਾਰਾ ਤੋਰਦਾ ਸੀ। ਤ੍ਰੈ ਚਾਰ ਆਨੇ ਦੀ ਕਾਰ ਰੋਜ਼ ਹੋ ਜਾਂਦੀ ਸੀ, ਜੋ ਉਨ੍ਹਾਂ ਸੰਤੋਖੀਆਂ ਲਈ ਬੜੀ ਹੁੰਦੀ ਸੀ। ਕੈਸੀ ਅਚਰਜ ਦਸ਼ਾ ਹੈ ਕਿ ਸਿਖ ਉਸ ਸਮੇਂ ਰਾਜ ਭਾਗਾਂ ਨੂੰ ਛਡ ਕੇ ਕੰਗਾਲਤਾਈ ਅਰ ਕੈਦਾਂ, ਦੇਸ਼ ਨਿਕਾਲੇ ਤੇ ਡਾਢੇ ਕਸ਼ਟਾਂ ਵਿਚ ਪੈਕੇ ਸਿੱਖੀ ਧਰਮ ਦਾ ਨਿਰਬਾਹ ਕਰਦੇ ਸਨ? ਉਨ੍ਹਾਂ ਦੇ ਪੂਰਨਿਆਂ ਤੇ ਸਭ ਸਿੱਖਾਂ ਨੂੰ ਟੁਰਨਾ ਚਾਹੀਏ। ਸਿੱਖੀ ਧਾਰਨ ਤੇ ਨਿਬਾਹੁਣ ਵਿਚ ਹੀ ਆਪਣੀ ਕਲ੍ਯਾਣ ਤੇ ਪੰਥ ਦੀ ਤਾਕਤ ਹੈ।

ਪ੍ਰੋਹਿਤ ਦੇ ਵਿਦਾ ਹੋਣ ਤੋਂ ਤੀਸਰੇ ਦਿਨ ਸੂਰਜ ਢਲੇ ਸਿੰਘ ਜੀ ਸ਼ਹਿਰ ਵਿਚ ਟੋਕਰੀਆਂ ਵੇਚਣ ਗਏ, ਪਿੱਛੇ ਸ਼ੀਲ ਕੌਰ ਤੇ ਭੁਜੰਗੀ ਆਪਣੀ ਕਾਰੇ ਲੱਗੇ ਹੋਏ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹਨ:-

ਪੁੱਤ੍ਰ- ਮਾਂ ਜੀ! ਇਹ ਬ੍ਰਾਹਮਣ ਮੈਨੂੰ ਚੰਗਾ ਨਹੀਂ ਲੱਗਾ।

ਮਾਂ- ਕਾਕਾ ਜੀ! ਕਿਉਂ?

49 / 162
Previous
Next