

ਪੁੱਤ੍ਰ- ਮਾਂ ਜੀ! ਇਹ ਪਤਾ ਨਹੀਂ ਕਿਉਂ ਪਰ ਅੱਖਾਂ ਨੂੰ ਭਾਇਆ ਨਹੀਂ।
ਮਾਂ- ਬਰਖੁਰਦਾਰ! ਕਲ੍ਹ ਤੇਰੇ ਪਿਤਾ ਜੀ ਨੇ ਕਥਾ ਕੀਤੀ ਸੀ ਅਰ ਇਹ ਦੱਸਿਆ ਸੀ ਕਿ ਜਾਤ ਕਰਕੇ ਕਿਸੇ ਨੂੰ ਭਲਾ ਬੁਰਾ ਜਾਣਨਾ ਸਾਡੇ ਧਰਮ ਵਿਚ ਠੀਕ ਨਹੀਂ ਅਰ ਨਾ ਹੀ ਰੂਪ ਕਰਕੇ ਕਿਸੇ ਨੂੰ ਚੰਗਾ ਮੰਦਾ ਸਮਝਣਾ ਭਲੀ ਗੱਲ ਹੈ। ਚੰਗਿਆਈ ਤੇ ਮੰਦਿਆਈ ਕਰਮਾਂ ਕਰ ਕੇ ਹੁੰਦੀ ਹੈ; ਜਿਸ ਦੇ ਕਰਮ ਨੀਚ ਉਹ ਆਪ ਭੀ ਨੀਚ।
ਪੁੱਤ੍ਰ— ਫੇਰ ਮਾਂ ਜੀ! ਤੁਰਕਾਂ ਨਾਲ ਕਿਉਂ ਸਿੰਘ ਲੜਦੇ ਹਨ ?
ਮਾਂ- ਕਾਕਾ ਜੀ! ਇਸ ਲਈ ਨਹੀਂ ਕਿ ਓਹ ਤੁਰਕ ਹਨ, ਜਾਂ ਉਹ ਧਰਮ ਕਰਕੇ ਮੁਸਲਮਾਨ ਹਨ ਜਾਂ ਰੰਗ ਦੇ ਕਾਲੇ ਚਿੱਟੇ ਜਾਂ ਸੂਰਤ ਦੇ ਕੋਝੇ ਕਿ ਸੋਝੇ ਹਨ, ਪਰ ਇਸ ਲਈ ਕਿ ਇਸ ਵੇਲੇ ਰਾਜ ਤੁਰਕਾਂ (ਮੁਗਲਾਂ) ਦਾ ਹੈ, ਉਨ੍ਹਾਂ ਦੇ ਕਰਮ ਮੰਦੇ ਹਨ। ਕਰਤਾਰ ਨੇ ਉਨ੍ਹਾਂ ਨੂੰ ਰਾਜ ਦਿੱਤਾ ਹੈ ਅਰ ਉਹ ਰਾਜ ਅੰਨ੍ਯਾਯ ਦਾ ਕਰਦੇ ਹਨ, ਧਰਮ ਅਰ ਨਿਆਂ ਦਾ ਰਾਜ ਨਹੀਂ ਕਰਦੇ। ਬਿਨਦੇਸ਼ਿਆਂ ਨੂੰ ਮਾਰਦੇ ਅਰ ਅਨਾਥਾਂ ਪੁਰ ਜ਼ੁਲਮ ਕਰਦੇ ਹਨ।
ਪੁੱਤ੍ਰ— ਠੀਕ ਹੈ, ਪਰ ਮਾਂ ਜੀ! ਫੇਰ ਭੀ ਮੈਨੂੰ ਬ੍ਰਾਹਮਣ ਚੰਗਾ ਨਹੀਂ ਲੱਗਾ— ਖਬਰੇ; ਮਾਂ ਜੀ! ਉਸ ਦੇ ਕਰਮ ਖੋਟੇ ਹੀ ਹੋਣ?
ਮਾਂ- ਤੂੰ ਕੋਈ ਖੋਟਾ ਕਰਮ ਕਰਦੇ ਉਸ ਨੂੰ ਡਿੱਠਾ ਹੈ ?
ਪੁੱਤ੍ਰ-ਨਹੀਂ ਜੀ!
ਮਾਂ— ਫੇਰ ਕਿਉਂ ਉਸਨੂੰ ਬੁਰਾ ਸਮਝਦੇ ਹੋ, ਲਾਲ ਜੀ! ਨਿਰਾ ਸ਼ੱਕ ਕਰਨਾ ਚੰਗਾ ਨਹੀਂ, ਪੱਕੀ ਖ਼ਬਰ ਬਿਨਾਂ ਕਿਸੇ ਨੂੰ ਬੁਰਾ ਕਹਿਣਾ ਭਲਿਆਂ ਦਾ ਕੰਮ ਨਹੀਂ ਹੈ।
ਪੁੱਤ੍ਰ- ਮਾਂ ਜੀ! ਮੇਰੇ ਜੀ ਵਿਚ ਪੱਕੀ ਗੱਲ ਬਹਿ ਗਈ ਹੈ, ਕਿਸੇ ਤਰ੍ਹਾਂ ਨਹੀਂ ਉੱਠਦੀ।
ਮਾਂ— (ਨਿਮੋਝੂਣੀ ਹੋ ਕੇ) ਮੇਰੇ ਲਾਲ! ਤੇਰੇ ਜੀ ਵਿਚ ਸ਼ੱਕ ਵੜ ਗਿਆ ਹੈ, ਇਹ ਮਨੁੱਖ ਦਾ ਭਾਰਾ ਵੈਰੀ ਹੈ, ਹਿਰਦੇ ਨੂੰ ਖ਼ਰਾਬ ਕਰ ਦਿੰਦਾ ਹੈ। ਹਿਰਦੇ ਦੇ ਸਿੰਘਾਸਨ ਨੂੰ ਪਰਮੇਸ਼ੁਰ ਦੇ ਬਿਰਾਜਮਾਨ ਹੋਣ ਦੇ ਲਾਇਕ ਨਹੀਂ ਰਹਿਣ ਦਿੰਦਾ! ਬੱਚਾ ਜੀਓ! ਇਹ ਆਤਮਕ ਰੋਗ ਹੈ, ਆ ਗੁਰੂ ਸਾਹਿਬ ਅੱਗੇ ਪ੍ਰਾਰਥਨਾ ਕਰੀਏ ਜੇ ਰੋਗ ਕੱਟਿਆ ਜਾਏ।