

ਹੁਣ ਸਿਪਾਹੀ ਵਾੜ ਟੱਪਣ ਲੱਗਾ ਤਦ ਕੌਰਾਂ ਦੇ ਸ਼ੇਰ ਹੱਥ ਨੇ ਵਧਕੇ ਤਲਵਾਰ ਦਾ ਅਜਿਹਾ ਵਾਰ ਕੀਤਾ ਕਿ ਉਸਦੇ ਮੋਢੇ ਪੁਰ ਲੱਗਾ ਅਰ ਮੂਧਾ ਹੋ ਕੇ ਵਾੜ ਤੇ ਡਿੱਗਾ, ਅਗੋਂ ਹੁਜਕ ਕੇ ਕੌਰਾਂ ਦੀ ਤਲਵਾਰ ਫੇਰ ਵੱਜੀ ਅਰ ਗਰਦਨ ਨੂੰ ਚੀਰ ਗਈ। ਬਾਕੀ ਦੇ ਤਿੰਨ ਸਿਪਾਹੀ ਖਿੜਕਾ ਭੰਨ ਕੇ ਅੰਦਰ ਵੜੇ ਅਰ ਸਾਡੀ ਸ਼ੇਰਨੀ ਪਰ ਹਾਥੀ ਵਾਂਗ ਭੱਜ ਕੇ ਪਏ। ਇੰਨੇ ਚਿਰ ਵਿਚ ਭੁਜੰਗੀ ਨੇ ਦੂਜੀ ਵੇਰ ਬੰਦੂਕ ਭਰ ਲਈ ਸੀ। ਫੁਰਤੀ ਨਾਲ ਅੰਦਰਵਾਰ ਉਹਲੇ ਵਿਚੋਂ ਹੀ ਸਰ ਕੀਤੀ, ਤਾਂ ਇਕ ਹੋਰ ਦੀ ਛਾਤੀ ਵਿਚ ਲੱਗੀ ਅਰ ਬੰਦੂਕ ਸੁੱਟ ਕੇ ਬਹਾਦਰ ਬੱਚੇ ਨੇ ਆਪਣੀ ਘਿਰੀ ਹੋਈ ਮਾਤਾ ਦੇ ਇਕ ਹੋਰ ਵੈਰੀ ਦੀ ਲੱਤ ਤੇ ਕਟਾਰ ਮਾਰੀ, ਜਿਸ ਦੀ ਸੱਟ ਨਾਲ ਉਹ ਢਹਿ ਪਿਆ। ਇਸ ਪੁਰਖ ਦੀ ਸਿੱਖੀ ਹੋਈ ਤਲਵਾਰ ਦੀ ਪੜਤ ਅਰ ਪੈਰਾਂ ਦੀ ਚੌਕੜੀ ਐਸੀ ਬਲ ਵਾਲੀ ਸੀ ਕਿ ਸ਼ੀਲ ਕੌਰ ਦੇ ਬਚਣ ਦੀ ਸੂਰਤ ਨਾ ਸੀ: ਪਰ ਇਹ ਸਿਪਾਹੀ ਜਦ ਡਿੱਗਾ ਹੈ. ਉਸ ਦੂਜੇ ਜੁਆਨ ਦੀ ਤਲਵਾਰ ਸ਼ੀਲ ਕੌਰ ਪੁਰ ਤੁਲਵੇਂ ਹੱਥ ਦੀ ਪਈ: ਤਲਵਾਰ ਅੱਗੇ ਕਰਕੇ ਬੀਰਾ ਨੇ ਵਾਰ ਤਾਂ ਰੋਕਿਆ ਪਰ ਆਪਣੀ ਤਲਵਾਰ ਟੁੱਟ ਗਈ, ਭੱਜ ਕੇ ਅੰਦਰ ਗਈ ਤਾਂ ਬੰਦੂਕ ਚੁੱਕ ਕੇ ਡਾਂਗ ਵਾਂਗ ਹੀ ਉਲਾਰ ਕੇ ਪਈ, ਪਰ ਇਸ ਫੁਰਤੀ ਦੇ ਹੁੰਦਿਆਂ ਬੀ ਸਿਪਾਹੀ ਨੇ ਭੁਜੰਗੀ ਨੂੰ ਘਾਇਲ ਕਰ ਲਿਆ ਸੀ। ਜੇ ਕਦੀ ਦੂਜਾ ਵਾਰ ਪੈਂਦਾ ਤਾਂ ਸੇਰ ਬੱਚਾ ਗੁਰਪੁਰੀ ਸਿਧਾਰਦਾ, ਪਰ ਨਹੀਂ, ਭੂਏ ਹੋਈ ਹੋਈ ਸਿੰਘਣੀ ਦੀ ਬੰਦੂਕ ਦਾ ਕੁੰਦਾ ਉਸਦੇ ਹੱਥ ਪਰ ਐਸਾ ਪਿਆ ਕਿ ਤਲਵਾਰ ਢਹਿ ਪਈ ਅਰ ਉਹ ਇਸ ਅਚਾਨਕ ਸੱਟ ਦੇ ਸਦਮੇਂ ਤੋਂ ਘਾਬਰਕੇ ਪਿੱਛੇ ਗਿੱਚੀ ਮਰੋੜ ਕੇ ਫੁਰਤੀ ਨਾਲ ਤਲਵਾਰ ਫੜਨ ਦੇ ਯਤਨ ਵਿਚ ਲਪਕਿਆ ਹੀ ਸੀ ਕਿ ਘਾਇਲ ਬਾਲਕ ਨੇ ਸੱਜੇ ਪਾਸਿਓਂ ਕਟਾਰ ਅਰ ਖੱਬੇ ਪਾਸਿਓਂ ਜ਼ਖ਼ਮੀ ਸਿੰਘਣੀ ਨੇ ਬੰਦੂਕ ਦਾ ਇਕ ਭਰਵਾਂ ਵਾਰ ਕੀਤਾ: ਜਿਸ ਨਾਲ ਉਹ ਹੈਂ ਕਰਦਾ ਧਰਤੀ ਪੁਰ ਡਿੱਗਾ। ਲਹੂ ਦੇ ਛੁਹਾਰੇ ਛੁੱਟ ਪਏ। ਹੁਣ ਪੰਜੇ ਵੈਰੀ ਲੈ ਲਏ। ਤਿੰਨ ਤਾਂ ਮਰ ਚੁਕੇ ਸਨ, ਚੌਥਾ, ਜਿਸ ਨੂੰ ਗੋਲੀ ਛਾਤੀ ਵਿਚ ਲੱਗੀ ਸੀ, ਹਟਕੋਰੇ ਲੈ ਲੈ ਜਿੰਦ ਤੋੜ ਰਿਹਾ ਸੀ ਤੇ ਜਿਸ ਦੀ ਟੰਗ ਟੁੱਟੀ ਸੀ, ਉਹ ਜੀਉਂਦਾ ਸੀ, ਤੁਰਨ ਜੋਗਾ ਤਾਂ ਨਹੀਂ ਸੀ,