

ਸਿੰਘਣੀ ਤੇ ਭੁਜੰਗੀ ਨੂੰ ਉਹ ਮਲ੍ਹਮ, ਜੇ ਖਾਲਸੇ ਵਿਚ ਜੀਉਣ ਬੂਟੀ ਕਰਕੇ ਸਦਾਉਂਦੀ ਸੀ, ਅਰ ਹਰ ਸਿੰਘ ਦੇ ਪਾਸ ਥੋੜੀ ਬਹੁਤ ਰਹਿੰਦੀ ਸੀ, ਲਾਈ ਗਈ ਅਰ ਜਲ ਪਾਣੀ ਛਕ ਕੇ ਸਿੰਘ ਜੀ ਨੇ ਕਿਹਾ ਕਿ ਹੁਣ ਇਥੇ ਦਾ ਵਸੇਬਾ ਮਾੜਾ ਹੈ, ਅੱਜ ਤਾਂ ਬਚ ਰਹੇ, ਪਰ ਕੱਲ੍ਹ ਨਹੀਂ ਬਚਾਂਗੇ। ਹੁਣ ਰਾਜਨੀਤੀ ਇਥੋਂ ਹਰਨ ਹੋਣਾ ਹੈ।
ਪੁੱਤਰ- ਪਿਤਾ ਜੀ! ਚੱਲਾਂਗੇ ਕਿੱਧਰ ?
ਪਿਤਾ- ਕਾਕਾ ਜੀ! ਕਿਸੇ ਦਲ ਨਾਲ ਚੱਲ ਰਲਾਂਗੇ।
ਪੁੱਤ੍ਰ- ਵਾਹ! ਵਾਹ! ਤੇ ਪਿਤਾ ਜੀ ਅੱਗੇ ਹੀ ਉਹਨਾਂ ਵਿਚ ਚੱਲ ਰਹਿੰਦੇ, ਮੈਂ ਬੰਦੂਕ ਚਲਾਉਣੀ ਤਾਂ ਚੰਗੀ ਸਿੱਖ ਲੈਂਦਾ।
ਪਿਤਾ— ਤੁਹਾਡੇ ਕਰਕੇ ਹੀ ਮੈਂ ਇਸ ਥਾਂ ਨੂੰ ਲੱਭਿਆ ਸੀ ਕਿ ਦਲਾਂ ਵਿਚ ਇਸਤ੍ਰੀਆਂ ਤੇ ਬਾਲਾਂ ਦਾ ਨਿਭਣਾ ਔਖਾ ਹੈ। ਐਵੇਂ ਕਿਤੇ ਪੰਥ ਦੀ ਸੇਵਾ ਕਰਦੇ ਕਰਦੇ ਫਸ ਜਾਣ ਕਰਕੇ ਪੰਥ ਨੂੰ ਉਲਟੀ ਖੇਚਲ ਨਾ ਪੈ ਜਾਵੇ।
ਵਹੁਟੀ— ਕੀ ਇਸਤ੍ਰੀਆਂ ਦਾ ਪੰਥ ਵਿਚ ਨਿਰਥਾਹ ਨਹੀਂ ਹੁੰਦਾ? ਸਗੋਂ ਸੇਵਾ ਦਾ ਕੰਮ ਤਾਂ ਅਸੀਂ ਚੰਗਾ ਕਰ ਸਕਦੀਆਂ ਹਾਂ. ਹੁਣ ਜਰੂਰ ਚੱਲੇ।0
ਪਤੀ- ਸਤਿ ਬਚਨ! ਪੰਥ ਦੇ ਜਥਿਆਂ ਵਿਚ ਕੋਈ ਕੋਈ ਸੇਰ ਦਿਲ ਤ੍ਰੀਮਤਾਂ ਸੇਵਾ ਕਰਦੀਆਂ ਹਨ। ਮੈਨੂੰ ਤੁਹਾਡੇ ਉਤੇ ਇੰਨੀ ਆਸ ਨਾ ਸੀ ਪਰ ਅੱਜ ਨਿਸਚਾ ਹੋ ਗਿਆ ਹੈ ਕਿ ਤੁਸੀਂ ਦੁੱਖ ਸੁਖ ਝੱਲ ਗੁਜ਼ਰੇਗੇ। ਹੁਣ ਕੂਚ ਕਰਦੇ ਹਾਂ, ਦਿਹੁੰ ਆਥਣ ਲੱਗਾ ਹੈ, ਪਰ ਉਮੈਦ ਹੈ ਕਿ ਦੇ ਘੜੀ ਰਾਤ ਗਈ ਤੱਕ ਕ੍ਰੋੜਾ ਸਿੰਘ ਦੇ ਜਥੇ ਵਿਚ ਚੱਲ ਰਲਾਂਗੇ, ਜਿਨ੍ਹਾਂ ਦੇ ਦਲ ਦੇ ਸੂਰਮਿਆਂ ਦਾ ਇਕ ਟੋਲਾ ਐਥੋਂ ਚਾਰ ਕੁ ਕੋਹ ਪਰ ਉਤਰਿਆ ਪਿਆ ਹੈ।