Back ArrowLogo
Info
Profile
ਇਹ ਸਲਾਹ ਗੁੰਦਕੇ ਤੁਰ ਪਏ, ਤੁਰਕ ਜ਼ਖਮੀ ਬੇਸੁੱਧ ਪਿਆ ਸੀ, ਆਪ ਜੰਗਲ ਵਿਚ ਚਾਰ ਚੁਫੇਰੇ ਨਜ਼ਰ ਮਾਰਕੇ ਬੇਖਟਕੇ ਹੋ ਦੱਖਣ ਪੂਰਬ ਰੁਖ ਨੂੰ ਹੋ ਟੁਰੇ। ਸ਼ਸਤ੍ਰ ਅਰ ਕੁਝ ਕੁ ਜ਼ਰੂਰੀ ਲਟਾ-ਪਟਾ ਨਾਲ ਚੁੱਕ ਲਿਆ। ਘੁਸਮੁਸੇ ਵੇਲੇ ਬਨ ਤੋਂ ਪਾਰ ਹੋਏ। ਏਥੇ ਇਕ ਮਾਤਬਰ ਆਦਮੀ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਖਾਲਸੇ ਦਾ ਦਲ ਅਜੇ ਚਾਰ ਕੋਹ ਪਰੇ ਹੈ।

ਹੁਣ ਸੋਚ ਇਹ ਪਈ ਕਿ ਚਾਰ ਕੋਹ ਦਾ ਪੈਂਡਾ ਇਸ ਹਨੇਰੇ ਵਿਚ ਕਿੱਕੁਰ ਕੱਟਿਆ ਜਾਵੇ ? ਤੀਮੀਂ ਤੇ ਬੱਚਾ, ਉਹ ਭੀ ਕੁਛ ਕੁ ਜ਼ਖਮੀ ਤੇ ਥੱਕੇ ਹੋਏ ਅਰ ਕਦੇ ਨਾ ਭੋਗੇ ਹੋਏ ਸਦਮੇਂ ਦੇ ਵਿਚ ਦੀ ਲੰਘੇ ਹੋਏ। ਸਿੰਘ ਜੀ ਸੋਚ ਦੀ ਬਾਉਲੀ ਵਿਚ ਸਹਿਜੇ ਸਹਿਜੇ ਉਤਰਦੇ ਉਤਰਦੇ ਚਿੰਤਾ ਦੇ ਜਲ ਵਿਚ ਡੁਬ ਗਏ। ਇਹ ਨਿਰਨੇ ਕਰਨਾ ਕਿ ਰਾਤ ਕਿੱਥੇ ਕੱਟੀਏ ਤਾਂ ਕਿਤੇ ਰਿਹਾ ਸਿੰਘ ਜੀ ਨੂੰ ਇਹ ਭੀ ਭੁੱਲ ਗਿਆ ਕਿ ਮੈਂ ਸੋਚਣ ਕੀ ਲੱਗਾ ਸਾਂ ? ਜਿੱਕੁਰ ਕਿਸੇ ਪੋਥੀ ਨੂੰ ਪੜ੍ਹਦਿਆਂ ਨੇੜੇ ਕਰਦਿਆਂ ਕਰਦਿਆਂ ਅੱਖਾਂ ਦੇ ਨਾਲ ਹੀ ਲਾ ਦੇਈਏ ਤਾਂ ਉੱਕਾ ਕੁਝ ਨਹੀਂ ਦਿੱਸਦਾ, ਜਿਵੇਂ ਅਤਿ ਤਿੱਖਾ ਭੌਂਦਾ ਲਾਟੂ ਖਲੋਤਾ ਹੋਇਆ ਦਿੱਸਦਾ ਹੈ, ਜਿਵੇਂ ਧਰਤੀ ਦੀ ਡਾਢੀ ਤਿੱਖੀ ਚਾਲ ਅੱਖਾਂ ਨੂੰ ਨਹੀਂ ਦਿੱਸਦੀ ਤੇ ਖਲੋਤੀ ਭਾਸਦੀ ਹੈ; ਕੁਝ ਚਿਰ ਸਿੰਘ ਜੀ ਦੀ ਸੋਚ ਇਸ ਪ੍ਰਕਾਰ ਦੀ ਸੁੰਨ ਦਸ਼ਾ ਵਿਚ ਪਹੁੰਚੀ ਹੋਈ ਇਉਂ ਫੇਰ ਆਪਣੇ ਆਪ ਵਿਚ ਆਈ, ਜਿੱਕਰ ਪਾਣੀ ਵਿਚ ਡਿੱਗਾ ਪੁਰਖ ਪਹਿਲੇ ਤਾਂ ਥੱਲੇ ਨੂੰ ਜਾਂਦਾ ਹੈ ਪਰ ਪਾਣੀ ਦਾ ਸੁਭਾਵ ਫੇਰ ਉਸ ਨੂੰ ਉਤੇ ਲੈ  ਆਉਂਦਾ ਹੈ, ਫਿਰ ਥੱਲੇ ਜਾਂਦਾ ਹੈ ਤੇ ਫੇਰ ਉੱਪਰ ਆਉਂਦਾ ਹੈ; ਇੱਕੁਰ ਦੀ ਹਿਚ ਪਿਚ ਵਿਚੋਂ ਤਾਰੂ ਤਾਂ ਤਰ ਨਿਕਲਦਾ ਹੈ, ਪਰ       ਅਨਜਾਣ ਦਸ ਬਾਰਾਂ ਗੋਤੇ ਖਾ ਕੇ ਜਲ ਵਿਚ ਸਮਾਧ ਬਣਾ ਲੈਂਦਾ ਹੈ, ਸੋ ਸਿੰਘ ਜੀ ਮਨ ਦੀ ਪਾਣੀ ਵਰਗੀ ਤੈਰਾਉਣ ਵਾਲੀ ਸ਼ਕਤੀ ਕਰ ਕੇ ਫੇਰ ਹੋਸ਼ ਵਿਚ ਆਏ। ਇਹ ਉਹ ਸ਼ਕਤੀ ਹੈ ਜੋ ਯੋਗੀਆਂ ਦੀ ਸਮਾਧ ਨਹੀਂ ਲੱਗਣ ਦੇਂਦੀ ਅਰ ਧਿਆਨੀਆਂ ਦਾ ਧਿਆਨ ਨਹੀਂ ਟਿਕਣ ਦਿੰਦੀ ਪਰ ਇਸ ਵੇਲੇ ਤਾਂ ਸਿੰਘ ਜੀ ਨੂੰ ਇਹ ਸ਼ਕਤੀ ਐਸੀ ਗੁਣਦਾਇਕ ਹੋ ਗਈ ਜਿੱਕਰ ਸਿਆਲ ਦਾ ਮੀਂਹ ਖ਼ਲਕਤ ਨੂੰ ਪਾਲੇ ਦਾ ਦੁੱਖ ਦਿੰਦਾ ਹੈ, ਪਰ ਖੇਤੀ ਲਈ ਗੁਣਕਾਰੀ ਹੁੰਦਾ ਹੈ।

ਹੁਣ ਸਿੰਘ ਜੀ ਹੋਸ਼ ਵਿਚ ਆਏ, ਚਾਰ ਚੁਫੇਰੇ ਨਜ਼ਰ ਦੇ ਦੂਤ ਦੁੜਾਉਣ ਲੱਗੇ, ਇਕ ਪਾਸੇ ਇਕ ਕੰਧ ਜਿਹੀ ਰੁੱਖਾਂ ਦੇ ਲਾਂਭੇ ਜਿਹੇ ਦਿੱਸੀ।

57 / 162
Previous
Next