

ਮਾੜਾ ਕਰਨ ਲੱਗਾ ਹੈ। ਮਨਾਂ! ਤਕੜਾ ਹੈ, ਤੈਨੂੰ ਕਿੰਨੀ ਰਾਜਨੀਤੀ ਪੜ੍ਹਾਈ, ਪਰ ਤੂੰ ਕੋਈ ਕੋਈ ਆਵਾਜ਼ ਅੰਦਰੋਂ ਕੱਢ ਹੀ ਮਾਰਦਾ ਹੈ। ਹੇ ਮੇਰੇ ਹੰਭਲੇ ਉੱਦਮ ਕਰ ਅਰ ਇਸ ਘਰ ਦੇ ਵੈਰੀ ਆਪਣੇ ਮਨ ਨੂੰ ਨੱਪ ਲੈ। ਦੇਖ, ਇਹ ਰਾਜਨੀਤੀ ਤੇ ਸੂਰਬੀਰਤਾ ਦੇ ਉਲਟ ਚਲਦਾ ਹੈ। ਉਠ ਤਕੜਾ ਹੋਹੁ, ਉਠ ਹੌਸਲੇ ਉਠ! ਦੇਖ ਮੇਰਾ ਆਪਣਾ ਹੀ ਮਨ ਮੇਰਾ ਪ੍ਰਣ ਛੁਡਾਉਂਦਾ ਹੈ। ਆਹਾ ਆਹਾ, ਵਾਹ ਵਾਹ, ਮਨ ਬੀ ਮੰਨ ਪਿਆ, ਹੁਣ ਮੇਜ ਹੋਈ ਜਿਸ ਘਰ ਏਕਾ ਨਹੀਂ ਉਸ ਦਾ ਸਤ੍ਯਾਨਾਸ ਹੋ ਜਾਂਦਾ ਹੈ। ਹੰਭਲੇ ਭਈ ਹੰਭਲੇ, ਚੱਲ ਛੂਟ ਕਰ ਚਲੋ, ਮੇਰੀਓ ਟੰਗੇ ਟੁਰੋ। ਮਨਾ! ਦੇਖ ਪਰਸਰਾਮ ਬ੍ਰਾਹਮਣ ਸੀ ਪਰ ਕੈਸਾ ਸੂਰਬੀਰ ਹੋਇਆ, ਤੂੰ ਬੀ ਬ੍ਰਾਹਮਣ ਹੈਂ, ਤਕੜਾ ਹੈ। ਇਹ ਸੋਚ ਕਰਦਿਆਂ ਅੰਤਹਕਰਣ ਤੋਂ ਫੇਰ ਕੁਛ ਸੋਚ ਫੁਰੀ ਕਿ ਮੈਂ ਕੀਹ ਪਿਆ ਕਰਦਾ ਹਾਂ। ਫਿਰ ਉਸ ਆਵਾਜ਼ ਨੂੰ ਠੰਢਿਆਂ ਕਰਨ ਲਈ ਆਪ ਮਨ ਨੂੰ ਕਹਿਣ ਲੱਗੇ:- ਮੈਂ ਸਰਵਣ ਪਤ੍ਰ ਹਾਂ, ਮੇਰਾ ਪਿਤਾਮਾ ਪਰਸ ਰਾਮ ਮੈਨੂੰ ਬਚਾਵੇਗਾ, ਪਿਤ੍ਰੀ ਭਗਤਾਂ ਦੀ ਬੀ ਬੜੀ ਉੱਤਮ ਗਤੀ ਹੁੰਦੀ ਹੈ, ਫੇਰ ਕੀ ਅੱਗੇ ਦਾ ਡਰ ਹੈ? ਹੁਣ ਬਈ ਧਾਈ ਕਰੀਏ, ਰਾਤ ਬਹੁਤ ਬੀਤ ਗਈ ਤਾਂ ਕਲੇਸ਼ ਹੋਵੇਗਾ ਤੇ ਦਿਨ ਚੜ੍ਹਦੇ ਸਾਰ ਹੀ ਮੈਨੂੰ ਆਸ ਹੈ ਕਿ ਇਹ ਤਿੰਨੇ ਸਿੱਖ ਤਾਰਿਆਂ ਵਾਂਗੂੰ ਲੇਪ ਹੋ ਜਾਣਗੇ।
ਇਸ ਤਰ੍ਹਾਂ ਮਨੋਵਾਦ ਕਰਦਿਆਂ ਆਪ ਜੀ ਦਾ ਮਨ ਕਦੇ ਹੌਂਸਲੇ ਵਿਚ ਤੇ ਕਦੇ ਸੋਚਾਂ ਵਿਚ ਹੀ ਰਿਹਾ, ਐਸੇ ਮਨੁੱਖਾਂ ਨੂੰ ਡਰ, ਭੈਦਾਇਕ ਸਮਿਆਂ ਦੇ ਵਿਚ ਦੀ ਲੈ ਨਿਕਲਦਾ ਹੈ। ਕ੍ਰੋੜ ਹੌਂਸਲਾ ਕਰਦੇ ਪਰ ਆਪ ਜੀ ਕਦੇ ਉਸ ਡਰਾਉਣੇ ਬਨ ਨੂੰ ਨਾ ਝਾਗ ਸਕਦੇ, ਪਰ ਦੂਰ ਤੋਂ ਆਦਮੀਆਂ ਦੇ ਗੱਲਾਂ ਕਰਨ ਦੀ ਆਵਾਜ ਕੰਨੀ ਪਈ ਅਰ ਘੋੜਿਆਂ ਦੀਆਂ ਟਾਪਾਂ ਸੁਣ ਕੇ ਆਪ ਡਰੇ ਕਿ ਮਤਾਂ ਕੋਈ ਸਿੱਖ ਆਉਂਦੇ ਹੋਣ, ਇਸ ਡਰ ਹੇਠਾਂ ਆਪ ਬੇਵਸੇ ਹੋ ਨੱਠ ਤੁਰੇ।
9. ਕਾਂਡ
ਧਰਤੀ ਦੇ ਟੋਇਆਂ ਤੇ ਨਿਵਾਣਾਂ ਵਿਚ ਰਹਿਣ ਵਾਲਾ ਨੀਵੀਂ ਜਾਤ ਰੱਖਣ ਵਾਲਾ ਜਲ ਸਮੁੰਦਰ ਵਿਚ ਬੈਠਾ ਭਾਵੇਂ ਕਿੱਡੇ ਜੋਸ਼, ਉੱਦਮ ਤੇ ਬਹਾਦਰੀ ਨਾਲ ਸੂਰਜ-ਵੰਨੇ ਘੂਰਦਾ ਹੈ, ਪਰ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਸਗੋਂ ਸੂਰਜ ਉਸ ਨੂੰ ਸਮੁੰਦਰ ਤੋਂ ਵਿਛੋੜ ਦਿੰਦਾ ਹੈ। ਇਸ ਗੁੱਸੇ ਵਿਚ ਕਦੀ