

ਮੀਰ ਮੈਨੂੰ ਸਿੰਘਣੀਆਂ ਦੇ ਹੱਠ ਤੋਂ ਬਹੁਤ ਅਸਚਰਜ ਹੋ ਕੇ ਇਕ ਦਿਨ ਆਪ ਉਥੇ ਪਹੁੰਚਾ ਅਰ ਉਹਨਾਂ ਨੂੰ ਧਰਮ ਛੱਡਣ ਲਈ ਪ੍ਰੇਰਨਾ ਕਰਵਾਈ। ਪਰ ਉਹਨਾਂ ਨੇ ਨਾਂਹ ਵਿਚ ਉੱਤਰ ਦਿੱਤੇ।
ਸਿੰਘਣੀਆਂ ਕੋ ਕਹ੍ਯੋ ਮੰਨੂੰ: ਤੁਮ ਦੀਨ ਕਬੂਲੋ।
ਮਨ ਵਾਂਛਤ ਸੁਖ ਭੁਗੇ ਬੈਠੀਆਂ ਪਲਣੇ ਝੂਲੋ।
ਸੁਣ ਸਿੰਘਣੀਆਂ ਯੋ, ਦੀਨ ਹਮ ਸਾਚਾ ਲੀਓ।
ਹੇਤ ਤਾਰਨੇ ਸੁਤ ਅਕਾਲ ਨੇ ਹਮ ਕੋ ਦੀਓ।
ਔਰ ਮਜ਼੍ਹਬ ਹੈਂ ਜਿਤਕ ਸਭੀ ਬੰਦਯੋ ਨੇ ਕੀਏ।
ਰਚ ਬਨਾਵਟੀ ਕੂਰ ਪ੍ਰਭੁ ਤੇ ਬੇਸੁਖ ਥੀਏ।
ਗੁਰਮਤ ਸਚਾ ਲਾਲ ਛੋਡ ਚ ਕ੍ਯੋਂ ਗਹਿਂ ਥਾਰਾ ?
ਬੇਈਮਾਨ ਬਨ ਜੀਐ ਕਹੋ ਕਬ ਲੋ ਸੰਸਾਰਾ ?
ਰੋਗ, ਸੋਗ, ਭੁਖ, ਦੁਖ, ਕਾਲ ਕਰਮਨ ਕਾ ਲੇਖੋ।
ਭੋਗਨ ਪੜ ਹੈਂ ਸਰਬ ਮਜ਼ਹਬ ਮੈਂ ਇਕ ਸਮ ਦੇਖੋ॥16॥
(ਪੰਥ ਪ੍ਰਕਾਸ਼ ਭਾ: ਗਿਆਨ ਸਿੰਘ, ਨਿਵਾਸ ੮੨)
ਇਹ ਉੱਤਰ ਸੁਣਕੇ ਮੀਰ ਮੰਨੂੰ ਅੱਗ ਭਬੂਕਾ ਹੋ ਗਿਆ ਅਰ ਕਹਿਰਵਾਨ ਹੋ ਕੇ ਬੋਲਿਆ: 'ਇਨ੍ਹਾਂ ਕਾਫ਼ਰਾਂ ਦੀ ਜਿੰਦ ਤੇ ਦੀਨ ਜਦ ਦੇਖੇ ਕਰੜੇ ਹੀ ਦੇਖੇ।'
ਗੱਲ ਕੀਹ ਹੁਣ ਕਹਿਰਵਾਨ ਮੰਨੂੰ ਦੇ ਕ੍ਰੋਧ ਨਾਲ ਭੜਕੇ ਹਿਰਦੇ ਨੇ ਹੁਕਮ ਦਿੱਤਾ। ਪੰਜ ਸੱਤ ਸਵਾਰ ਨਿਕਲ, ਸਿਪਾਹੀ ਘੇਰਾ ਪਾ ਖਲੋਤੇ। ਮਾਵਾਂ ਦੇ ਕੁੱਛੜਾਂ ਤੋਂ ਨਿਆਣੇ ਪੁਤ੍ਰ ਖੋਹ ਕੇ ਉਛਾਲ ਕੇ ਖਿਦੂ ਵਾਂਗ ਅਸਮਾਨ ਤੇ ਸਿੱਟਦੇ ਹਨ, ਡਿੱਗਦੇ ਦੇ ਹੇਠ ਨੇਜ਼ੇ ਧਰਕੇ ਉਨ੍ਹਾਂ ਨੂੰ ਪਰੋਂਦੇ ਹਨ ਜੋ ਅਤਿ ਚਿਚਲਾ ਚਿਚਲਾ ਤੇ ਲੁੱਛ ਲੁੱਛ ਕੇ ਜਿੰਦ ਤੋੜਦੇ ਹਨ।
ਸਿੰਘਣੀਆਂ ਕੇ ਬੱਚੇ ਲੈ ਕੇ।
ਉਨ ਕੇ ਸਨਮੁਖ ਉਨ੍ਹੇ ਦਿਖੈ ਕੇ।
ਊਪਰ ਕੋ ਉਛਾਲ ਕੱਟ ਸੁੱਟ ਹੈਂ;
ਕਰ ਅਤਿ ਜ਼ੁਲਮ ਜੜ੍ਹਾਂ ਨਿਜ ਪੁਟ ਹੈਂ।