

ਬੀਬੀਓ! ਠੱਗ ਪੁਰਸ ਸੁਹਣੀਆਂ ਸੂਰਤਾਂ ਬਣਾ ਕੇ ਕਈ ਪ੍ਰਕਾਰ ਦੇ ਦਾਓ ਪੋਚ ਖੇਡਦੇ ਹਨ; ਮਿਠੇ ਬਣਕੇ ਸਤਿਕਾਰ ਦੇ ਕੇ ਬਿਪਤਾ ਵਿਚ ਸਹੈਤਾ ਕਰ ਕਰ ਕੇ ਧਰਮੋਂ ਡੇਗਣ ਦਾ ਯਤਨ ਕਰਦੇ ਹਨ, ਪਰ ਸ਼ੀਲ ਕੌਰ ਵੱਲ ਦੇਖਕੇ ਤੁਸੀਂ ਧਰਮ ਵਿਚ ਪੱਕੀਆਂ ਰਹਿਣ ਦਾ ਯਤਨ ਕਰਨਾ। ਇਹ ਨਾ ਸਮਝਣਾ ਕਿ ਨਿਰੇ ਪਖੰਡੀ ਲੋਕ ਅਰ ਓਪਰੇ ਏਹ ਜਤਨ ਕਰਦੇ ਹਨ: ਨੇੜੇ ਦੇ ਸਾਕ, ਹੱਥਾਂ ਦੇ ਖਿਡਾਏ, ਘਰ ਦੇ ਲਾਗੀ, ਘਰਾਂ ਦੇ ਕਾਮੇ ਤੇ ਨੇੜੇ ਤੇੜੇ ਦੇ ਸੰਬੰਧੀ ਇਕੁਰ ਦੇ ਰੰਗ ਖੇਡਦੇ ਹਨ। ਪਰ ਖ਼ਬਰਦਾਰ! ਇਸ ਕਲੂ ਕਾਲ ਵਿਚ ਕਿਸੇ ਗੱਲੇ ਧਰਮ ਨਹੀਂ ਹਾਰਨਾ। ਸੰਸਾਰਕ ਸੁਖ ਛਿਨ ਭੰਗਰ ਹਨ, ਸੰਸਾਰਕ ਸੁਖਾਂ ਦਾ ਅੰਤ ਕੌੜਾ ਹੈ, ਸੰਸਾਰ ਦੇ ਆਨੰਦ ਭੋਗਣ ਨਾਲ ਕਲੇਸ਼ ਹੁੰਦਾ ਹੈ, ਪਰ ਧਰਮ ਲੋਕ ਪਰਲੋਕ ਦੇ ਸੁਖ ਦੇਣ ਵਾਲਾ ਹੈ, ਤਾਂ ਤੇ ਧਰਮ ਨੂੰ ਪਾਲੋ, ਧਰਮ ਦੀਆਂ ਖੁਸ਼ੀਆਂ ਭੋਗੋ, ਧਰਮ ਦਾ ਸੁਖ ਮਾਣੋ! ਅਧਰਮ ਭਾਵੇਂ ਦੁਸ਼ਮਨ ਬਣ ਕੇ ਆਵੇ ਭਾਵੇਂ ਸੱਜਣ ਬਣ ਕੇ ਆਵੇ ਉਸ ਤੋਂ ਐਉਂ ਬਚੋ ਜਿਕਰ ਜ਼ਹਿਰੀ ਸੱਪ ਤੋਂ, ਚਾਹੇ ਉਹ ਘਰੋਂ ਨਿਕਲੇ ਚਾਹੇ ਉਹ ਬਾਹਰੋਂ ਆਵੇ, ਬਚਣੇ ਦਾ ਜਤਨ ਕਰੀਦਾ ਹੈ। ਇਹ ਨਾ ਸਮਝਣਾ ਕਿ ਸ਼ੀਲ ਕੌਰ ਡਰ ਗਈ, ਜਾਂ ਭਰਮ ਗਈ, ਉਹ ਸ਼ੇਰ ਦਿਲ ਐਸੀ ਨਹੀਂ ਸੀ ਪਰ ਉਸ ਦੇ ਹਿਰਦੇ ਦੇ ਕੋਮਲ ਤੇ ਬੁਧੀਮਾਨ ਹਿੱਸੇ ਨੇ ਝੱਟ ਸਮਝ ਲਿਆ ਸੀ ਕਿ ਮਿੱਠੀ ਛੁਰੀ ਅਗੇ ਕਾਇਮ ਰਹਿਣਾ ਨਿਰੇ ਬਲ ਦਾ ਕੰਮ ਨਹੀਂ, ਪਰ ਨਾਲ ਅਕਲ ਦੀ ਬੀ ਬਹੁਤ ਲੋੜ ਰਖਦਾ ਹੈ, ਇਸੇ ਲਈ ਚਾਹੀਦਾ ਹੈ ਕਿ ਸਭ ਦਾ ਮਨ ਸ਼ੀਲ ਕੌਰ ਵਰਗਾ ਬਹਾਦਰ ਤੇ ਦਾਨਾ ਹੋਵੇ ਜੋ ਵੈਰ ਜਾਂ ਪਿਆਰ, ਕਿਸੇ ਹੀ ਉਪਾਉ ਨਾਲ, ਵੈਰੀ ਦੇ ਕਾਬੂ ਨਾ ਚੜ੍ਹੇ।
ਸੋਚ ਕਰਨ ਨਾਲ ਸ਼ੀਲ ਕੌਰ ਨੂੰ ਇਸ ਮਹਿਲ ਵਿਚੋਂ ਨਿਕਲਣਾ ਅਸੰਭਵ ਜਾਪਦਾ ਸੀ, ਵੈਰੀਆਂ ਤੋਂ ਛੁਟਕਾਰਾ ਕਠਨ ਦਿੱਸਦਾ ਸੀ। ਸੋਚਾਂ ਸੋਚਦੀ ਸੀ ਕਿਕੁਰ ਬੰਦਖ਼ਲਾਸ ਹੋਊ, ਅਕਲ ਕੋਈ ਰਸਤਾ ਨਹੀਂ ਦੇਂਦੀ ਸੀ। ਪਿਆਰਾ ਪੁਤ੍ਰ, ਮਾਂ ਦਾ ਦੁੱਖਾਂ ਸੁੱਖਾਂ ਦਾ ਸਹਾਰਾ ਬੈਠਾ ਹੈ, ਭਾਵੇਂ : ਬਿਪਤਾ ਨੂੰ ਜਾਣਦਾ ਹੈ, ਇਹ ਭੀ ਸਮਝਦਾ ਹੈ ਕਿ ਵੈਰੀਆਂ ਵਿਚ ਬੈਠੇ ਹਾਂ, ਪਰ ਮਾਤਾ ਦੀ ਇਸ ਔਕੜ ਨੂੰ ਨਹੀਂ ਸਮਝ ਸਕਦਾ, ਪਿਆਰ ਦੇ ਸਾਮਾਨ ਦੇਖ ਦੇਖ ਤੇ ਮਾਂ ਦੀ ਉਦਾਸੀ ਤਾੜਕੇ ਹੈਰਾਨ ਹੁੰਦਾ ਹੈ। ਛੇਕੜ ਗਲੱਕੜੀ ਪਾਕੇ ਬੜੇ ਪਿਆਰ ਨਾਲ ਕਹਿੰਦਾ ਹੈ: 'ਮਾਂ ਜੀ! ਕਿਉਂ ਉਦਾਸ ਹੋ? ਗੁਰੂ