

ਪਲ ਪਲ ਮਗਰੋਂ ਸ਼ੁਕਰ ਕਰਦੀ ਹੈ; ਅਰ ਐਸੀ ਮਗਨ ਹੋਈ ਹੈ ਕਿ ਖੁਸ਼ੀ ਅਰ ਵੈਰਾਗ ਮਿਲਕੇ ਹੰਝੂਆਂ ਦਾ ਪ੍ਰਵਾਹ ਤੋਰ ਦਿੰਦੇ ਹਨ। ਇਸ ਤਰ੍ਹਾਂ ਪ੍ਰਾਰਥਨਾ ਤੇ ਸ਼ੁਕਰ ਕਰਦਿਆਂ ਸ਼ੀਲਾ ਦੀ ਸਾਰੀ ਰਾਤ ਬੀਤੀ। ਦੁਨੀਆਂ ਦੇ ਲੋਕ ਬਿਪਤਾ ਦੀ ਰਾਤ ਤਾਰੇ ਗਿਣ ਗਿਣ ਕੱਟਦੇ ਹਨ ਸ਼ੀਲਾ ਨੇ ਉਨ੍ਹਾਂ ਪੱਥਰਾਂ ਤੇ ਅੱਗਾਂ ਵੱਲ ਤੱਕਣਾ ਛੱਡ ਕੇ ਉਨ੍ਹਾਂ ਨੂੰ ਪ੍ਰਕਾਸ਼ ਦੇਣੇ ਵਾਲੇ ਜਾਣਕੇ ਅਕਾਲ ਪੁਰਖ ਵੱਲ ਲਿਵ ਲਾਈ, ਉਸ ਨੇ ਈਸ਼ਰ ਗੁਣ ਗਿਣ ਗਿਣ ਕੇ ਰਾਤ ਕੱਟੀ ਤੇ ਉਸ ਦੀ ਬਿਰਦ ਦੀ ਪੈਜ ਰੱਖਣੇ ਵਾਲੀ ਸੱਤਾ ਦੀ ਅਰਾਧਨਾ ਕੀਤੀ। ਧੰਨ ਕਰਤਾਰ, ਜਿਸ ਨੇ ਉਸ ਦੀ ਟੇਕ ਰੱਖੀ। ਜਦੋਂ ਦਿਲ ਐਉਂ ਸਾਫ ਹੋ ਗਿਆ, ਰਬ ਦਾ ਆਸਰਾ ਜੀਉਂਦੀ ਸੱਤ੍ਯਾ ਹੋਕੇ ਅੰਦਰ ਭਰ ਗਿਆ ਤਾਂ ਬੁੱਧਿ ਬੀ ਸ਼ਫਾ ਹੋ ਕੇ ਕੰਮ ਕਰਨ ਲੱਗ ਪਈ ਤੇ ਉਸ ਨੂੰ ਆਪਣੀ ਖਲਾਸੀ ਦੀਆਂ ਸੋਝੀਆਂ ਸੁਝਾਉਣ ਲੱਗ ਪਈ।
15. ਕਾਂਡ
ਮੀਰ ਮੰਨੂੰ ਦੀ ਬੇਗ਼ਮ ਮੁਰਾਦ ਬੇਗ਼ਮ ਜਿਸਨੂੰ ਕਈ ਇਤਿਹਾਸਕਾਰਾਂ ਨੇ 'ਮੁਗਲਾਣੀ ਬੇਗ਼ਮ' ਕਰਕੇ ਬੀ ਲਿਖਿਆ ਹੈ, ਬੜੀ ਚਲਾਕ ਅਰ ਸੁੰਦਰ ਇਸਤ੍ਰੀ ਸੀ। ਇਸ ਨੇ ਪਤੀ ਨੂੰ ਬੀ ਵੱਸ ਕਰ ਰਖਿਆ ਸੀ ਅਰ ਆਪਣੀ ਚਤੁਰਾਈ ਕਰ ਕੇ ਪਟਰਾਣੀ ਬਣ ਰਹੀ ਸੀ। ਉੱਪਰ ਲਿਖੀ ਰਾਤ ਮੰਨੂੰ ਨੇ ਉਸ ਦੇ ਚੁਬਾਰੇ ਸ਼ਰਾਬ ਬਹੁਤ ਪੀਤੀ ਸੀ ਅਰ ਨਸ਼ੇ ਦੇ ਸਰੂਰ ਵਿਚ ਬੇਗ਼ਮ ਨੇ ਉਸ ਨੂੰ ਐਉਂ ਉਂਗਲਾਂ ਤੇ ਨਚਾਇਆ ਕਿ ਸ਼ੀਲ ਕੌਰ ਨੂੰ ਸਿਖ ਕੈਦਣਾਂ ਵਿਚੋਂ ਕੱਢ ਲਿਆਉਣ ਦਾ ਅਰ ਉਸ ਨੂੰ ਬੇਗ਼ਮ ਬਨਾਉਣ ਦਾ ਸਾਰਾ ਕੱਚਾ ਚਿੱਠਾ ਕਹਿ ਬੈਠਾ।
ਬੇਗ਼ਮ ਇਹ ਸੁਣ ਕੇ ਸੜ ਉੱਠੀ ਤੇ ਕਈ ਵਲਾਂ ਛਲਾਂ ਨਾਲ ਉਸ ਨੂੰ ਪੀਤੀ ਉਤੇ ਹੋਰ ਪਿਲਾਈ ਗਈ, ਜਦ ਪਤੀ ਬੇਸੁਧ ਹੋ ਗਿਆ ਤੇ ਰਾਤ ਵੀ ਅੱਧੀ ਬੀਤ ਗਈ ਤਾਂ ਬਾਹਰਲੇ ਛੱਜੇ ਪੁਰ ਆ ਬੈਠੀ ਤੇ ਮਨ ਨਾਲ ਗੋਂਦ . ਗੁੰਦਣ ਲੱਗੀ ਕਿ ਇਸ ਨਵੀਂ ਸਿਰ ਤੇ ਪੈਣ ਵਾਲੀ ਬਲਾ ਤੋਂ ਕੀਕੂੰ ਬਚਾਂ? ਬਹੁਤ ਵਿਚਾਰ ਕਰਕੇ ਚੁਪ ਕੀਤੀ ਦਬੇ ਪੈਰ ਕਬੂਤਰ ਫੜਨ ਵਾਲੀ ਬਿੱਲੀ ਵਾਂਗੂੰ ਮਹੱਲ ਦੇ ਉਸ ਹਿੱਸੇ ਵਿਚ ਗਈ, ਜਿਥੇ ਸ਼ੀਲਾ ਸੀ। ਬੂਹੇ ਤਾਂ ਬੰਦ ਸਨ, ਪਰ ਝੀਤਾਂ ਵਿਚੋਂ ਕੀ ਦੇਖਦੀ ਹੈ ਕਿ ਦੀਵਾ ਬਲ ਰਿਹਾ ਹੈ ਅਰ ਸ਼ੀਲਾ ਪ੍ਰਾਰਥਨਾ ਕਰ ਰਹੀ ਹੈ। ਕਿਸੇ ਵੇਲੇ ਕੋਈ ਮਤਲਬ ਬੀ ਸਮਝ ਆ