


ਇਕ ਬੜੀ ਦਿਲਚਸਪ ਹਰਕਤ ‘ਬੁੱਲ੍ਹ ਟੁੱਕਣਾ' ਹੈ ਜਿਹੜੀ ਪ੍ਰੇਸ਼ਾਨੀ ਦੇ ਪਲਾਂ ਵਿਚ ਅਕਸਰ ਹੁੰਦੀ ਹੈ। ਇਹ ਉਨ੍ਹਾਂ ਹਰਕਤਾਂ ਨਾਲ ਮਿਲ ਕੇ ਵੀ ਹੁੰਦੀ ਹੈ ਜਿਹੜੀਆਂ ਝੂਠ ਬੋਲਣ ਦੀ ਕਿਰਿਆ ਦੇ ਚਿੰਨ੍ਹ ਹਨ। ਜਿਵੇਂ ਅਸੀਂ ਗੱਲ ਕੀਤੀ ਹੈ, ਅਸੀਂ ਦਬਾਅ ਵਾਲੇ ਹਾਲਾਤ ਵਿਚ ਆਪਣਾ ਹੱਥ ਮੂੰਹ ਵੱਲ ਲਿਆਉਂਦੇ ਹਾਂ ਅਤੇ ਇਹ ਵੀ ਹੋ ਸਕਦਾ ਹੈ ਅਸੀਂ ਕੁਝ ਚੀਜ਼ਾਂ ਨੂੰ ਚਬਾਈਏ ਜਾਂ ਮੂੰਹ ਦੇ ਕੋਲ ਲਿਆਈਏ। ਬੁਲ੍ਹ ਇਸੇ ਹੀ ਮੂੰਹ ਦਾ ਹਿੱਸਾ ਹਨ ਅਤੇ ਇਹ ਕੁਦਰਤੀ ਹੀ ਹੈ ਕਿ ਅਸੀਂ ਇਨ੍ਹਾਂ ਨੂੰ ਆਪਣੇ ਆਪ ਨੂੰ ਤਸੱਲੀ ਦੇਣ ਲਈ ਵਰਤੀਏ। ਜਦੋਂ ਹੇਠਲੇ ਦੰਦ ਥੋੜ੍ਹਾ ਅੱਗੇ ਆ ਕੇ ਉਪਰਲੇ ਬੁਲ੍ਹ ਨੂੰ ਛੋਂਹਦੇ ਹਨ ਤਾਂ ਇਹ ਉਪਰਲਾ ਬੁਲ੍ਹ ਟੁੱਕਣਾ ਹੈ ਅਤੇ ਜਦੋਂ ਉਪਰਲੇ ਦੰਦ ਥੋੜ੍ਹਾ ਹੇਠਾਂ ਆ ਕੇ ਹੇਠਲੇ ਬੁਲ੍ਹ ਨੂੰ ਛੋਂਹਦੇ ਹਨ ਤਾਂ ਇਹ ਹੇਠਲਾ ਬੁਲ੍ਹ ਟੁੱਕਣਾ ਹੈ। ਇਕ ਵਾਰੀ ਫਿਰ ਇਹ ਪ੍ਰੇਸ਼ਾਨੀ ਦੀਆਂ ਹਰਕਤਾਂ ਦੇ ਸਮੂਹ ਦਾ ਹਿੱਸਾ ਹੀ ਹੈ। ਇਕ ਵਾਰੀ ਫਿਰ ਸਾਨੂੰ ਆਪਣੇ ਤਿੰਨ ਸੱਸਿਆਂ ਵਿਚੋਂ ਇਕ ਸੰਦਰਭ ਦੀ ਗੱਲ ਯਾਦ ਰੱਖਣੀ ਚਾਹੀਦੀ ਹੈ।