

ਇਹ ਹਰਕਤ ਹੋਰ ਹਾਲਤਾਂ ਵਿਚ ਵੀ ਸਾਡੇ ਸਾਹਮਣੇ ਆਉਂਦੀ ਹੈ। ਕਈ ਵਾਰੀ ਸਾਨੂੰ ਕਿਹਾ ਜਾਂਦਾ ਹੈ ਕਿ ਆਪਣੇ ਬੁਲ੍ਹ ਟੁੱਕ ਲਵੋ। ਇਸ ਦਾ ਭਾਵ ਹੈ ਕਿ ਸ਼ਾਂਤੀ ਬਣਾਈ ਰੱਖਣ ਲਈ ਆਪਣੇ ਮਨ ਦੀ ਗੱਲ ਬੁਲ੍ਹਾਂ ਤੇ ਨਾ ਲਿਆਉ। ਤੁਸੀਂ ਆਪਣੇ ਕੰਮ ਵਿਚ ਜਾਂ ਆਪਣੇ ਨੇੜੇ ਦੇ ਮਿੱਤਰਾਂ-ਸੰਬੰਧੀਆਂ ਨਾਲ ਇਹ ਨੀਤੀ ਅਕਸਰ ਅਪਣਾਈ ਹੋਵੇਗੀ।
ਇਹ ਹਰਕਤ ਉਦੋਂ ਵੀ ਕੀਤੀ ਜਾਂਦੀ ਹੈ ਜਦੋਂ ਕੋਈ ਤੁਹਾਡੇ ਨਾਲ ਸਮਾਨਭੂਤੀ (Empathy) ਪ੍ਰਗਟ ਕਰਦਾ ਹੈ, ਭਾਵ ਉਹ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਵੀ ਤੁਹਾਡੇ ਵਾਂਗ ਹੀ ਮਹਿਸੂਸ ਕਰ ਰਿਹਾ ਹੈ। ਜਨਤਕ ਜੀਵਨ ਵਿਚ ਬਹੁਤ ਸਾਰੇ ਜਾਣੇ ਪਹਿਚਾਣੇ ਲੋਕ ਇਹ ਹਰਕਤ ਕਰਦੇ ਹਨ। ਬਿੱਲ ਕਲਿੰਟਨ ਅਕਸਰ ਆਪਣੇ ਭਾਸ਼ਨਾਂ ਅਤੇ ਲੋਕਾਂ ਨਾਲ ਗਲਬਾਤ ਦੌਰਾਨ ਹੇਠਲਾ ਬੁਲ੍ਹ ਟੁੱਕਦਾ ਹੈ। ਆਪਣੇ ਚਿਹਰੇ ਦੇ ਹਾਵ-ਭਾਵ ਨਾਲ ਅਤੇ ਇਸ ਹਰਕਤ ਨਾਲ ਉਹ ਇਹ ਦੱਸ ਰਿਹਾ ਹੁੰਦਾ ਹੈ ਕਿ ਉਹ ‘ਤੁਹਾਡਾ ਦਰਦ ਮਹਿਸੂਸ ਕਰ ਰਿਹਾ ਹੈ।'
ਇਕ ਹੋਰ ਹਰਕਤ ਵੀ ਆਮ ਹੈ ਜਿਸ ਵਿਚ ਅਸੀਂ ਆਪਣੇ ਬੁਲ੍ਹ ਅੰਦਰ ਵੱਲ ਖਿੱਚ ਕੇ ਉਨ੍ਹਾਂ ਨੂੰ ਬਾਰ-ਬਾਰ ਗਿੱਲੇ ਕਰਦੇ ਹਾਂ। ਐਸਾ ਦਬਾਅ ਜਾਂ ਪ੍ਰੇਸ਼ਾਨੀ ਕਰਕੇ ਹੁੰਦਾ ਹੈ। ਪਰ ਬੁਲ੍ਹ ਅੰਦਰ ਸਿਰਫ ਇਸ ਲਈ ਅੰਦਰ ਖਿੱਚੇ ਜਾਂਦੇ ਹਨ ਕਿਉਂਕਿ ਬੁਲ੍ਹਾਂ ਨੂੰ ਗਿੱਲੇ ਕਰਨ ਦੀ ਲੋੜ ਹੁੰਦੀ ਹੈ, ਸਾਡੇ ਬੁਲ੍ਹ ਸੁੱਕ ਗਏ ਹੁੰਦੇ ਹਨ।
" ਐਸਾ ਬੁਲ੍ਹ ਗਿੱਲੇ ਕਰਨ ਦੀ ਲੋੜ ਕਰਕੇ ਹੁੰਦਾ ਹੈ।”
ਨੱਕ
ਦੰਤ ਕਥਾਵਾਂ ਨੇ ਸਾਨੂੰ ਝੂਠ ਦੀਆਂ 'ਪੱਕੀਆਂ ਨਿਸ਼ਾਨੀਆਂ' ਦਸੀਆਂ ਹਨ। ਪਹਿਲੀ (ਜਿਸ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ) ਇਹ ਹੈ ਕਿ ਉਹ ਵਿਅਕਤੀ ਤੁਹਾਡੇ ਨਾਲ ਨਜ਼ਰਾਂ ਨਹੀਂ ਮਿਲਾਏਗਾ। ਜੇ ਐਸਾ ਹੈ ਤਾਂ ਉਹ ਝੂਠ ਬੋਲ ਰਿਹਾ ਹੈ। ਦੂਜੀ ਇਹ ਕਿ ਕੀ ਗਲਬਾਤ ਦੌਰਾਨ ਉਸ ਵਿਅਕਤੀ ਨੇ ਨੱਕ ਨੂੰ ਹੱਥ ਲਾਇਆ? ਜੇ ਹਾਂ ਤਾਂ ਫਿਰ ਉਹ ਝੂਠ ਬੋਲਦਾ ਹੈ ਕਾਸ਼ ਸਾਡਾ ਜੀਵਨ ਇੰਨਾ ਹੀ ਸੌਖਾ ਹੁੰਦਾ ! ਹੁਣ ਤੱਕ ਤੁਸੀਂ ਇਹ ਤਾਂ ਸਮਝ ਹੀ ਗਏ ਹੋ ਕਿ ਜੇਕਰ ਹੋਰ ਇਸ਼ਾਰੇ ਵੀ ਇਹੀ ਕਹਿ ਰਹੇ ਹਨ ਜਾਂ ਕਿਸੇ ਕਿਸਮ ਦੀ ‘ਲੀਕੇਜ’ ਹੋ ਰਹੀ ਹੈ ਤਾਂ ਸ਼ਾਇਦ ਅਸੀਂ ਸਹੀ ਨਤੀਜੇ ਤੇ ਹੀ ਪਹੁੰਚ ਜਾਵਾਂਗੇ।
ਮੂੰਹ ਨੂੰ ਛੋਹਣ ਦੀ ਬਦਲਵੀਂ ਹਰਕਤ ਦਾ ਇਕ ਹੋਰ ਰੂਪ ਵੀ ਹੈ ਜਿਸ ਵਿਚ ਇਸ ਨੂੰ ਰੂਪ ਬਦਲ ਕੇ ਮੂੰਹ ਦੀ ਥਾਂ ਨੱਕ ਨੂੰ ਛੋਹ ਲੈਂਦੇ ਹਾਂ। ਇਹ ਸਾਨੂੰ ਉਹੀ ਸਵੈ-ਤਸੱਲੀ ਦੇਂਦਾ ਹੈ ਜਿਹੜੀ ਮੂੰਹ ਨੂੰ ਛੋਹਣਾ ਪਰ ਨਾਲ ਹੀ ਸਾਡਾ ਹੱਥ ਮੂੰਹ ਨੂੰ ਢੱਕ ਵੀ ਲੈਂਦਾ ਹੈ ਜੋ ਅਸੀਂ ਅਸਲ ਵਿਚ ਕਰਨਾ ਚਾਹੁੰਦੇ ਹਾਂ। ਸਾਡਾ ਕੰਮ ਆਪਣੇ ਆਪ ਨਾਲ ਹੀ ਹੋ ਜਾਂਦਾ ਹੈ।