

ਉਸਦੀਆਂ ਉਦੋਂ ਦੀਆਂ ਫਿਲਮਾਂ ਕੱਢ ਲਈਆਂ ਜਿਨ੍ਹਾਂ ਵਿਚ ਉਹ ਹਵਾਈ ਅੱਡੇ ਤੇ ਟਹਿਲ ਰਹੀ ਸੀ ਅਤੇ ਇਕ ਛੋਟੀ ਜਿਹੀ ਬੱਚੀ ਨਾਲ ਗਲਬਾਤ ਕਰ ਰਹੀ ਸੀ। ਕਾਰਟੂਨ ਬਣਾਉਣ ਵਾਲਿਆਂ ਨੂੰ ਉਸਦਾ ਮਜ਼ਾਕ ਬਨਾਉਣ ਦਾ ਇਕ ਬੜਾ ਵਧੀਆ ਮੌਕਾ ਮਿਲ ਗਿਆ:
"ਮੈਂ ਰੱਸੀਆਂ ਨੂੰ ਦੰਦਾਂ ਨਾਲ ਕੱਟਿਆ, ਦੋ ਕੁ ਮਗਰਮੱਛਾਂ ਨੂੰ ਠੁੱਡਿਆਂ ਨਾਲ ਹੀ ਟੇਢਿਆਂ ਕਰ ਦਿੱਤਾ, ਤਾਂ ਹੀ ਮੈਂ ਕਿਸੇ ਤਰ੍ਹਾਂ ਆਪਣਾ ਬਚਾਅ ਕਰ ਸਕੀ ਸੀ।”
"ਕੀ ਇਹ ਹਾਲੀਵੁਡ ਦੀ ਕਿਸੇ ਨਵੀਂ ਫਿਲਮ ਦੀ ਗੱਲ ਹੈ?
“ਨਹੀਂ, ਇਹ ਹਿਲੇਰੀ ਦਾ ਨਵਾਂ ਭਾਸ਼ਨ ਹੈ।"
ਹੱਥ
ਅਸੀਂ ਇਹ ਤਾਂ ਦੇਖ ਲਿਆ ਹੈ ਕਿ ਹੱਥ ਚਿਹਰੇ ਕੋਲ ਜਾ ਕੇ ਕੀ ਕਰਦੇ ਹਨ। ਹੁਣ ਦੇਖੀਏ ਕਿ ਜਦੋਂ ਸਾਡੇ ਹੱਥ ਚਿਹਰੇ ਦੇ ਨੇੜੇ ਨਹੀਂ ਹੁੰਦੇ ਤਾਂ ਇਹ ਕੀ ਕਰਦੇ ਹਨ। ਜਿੰਨੀਆਂ ਵੀ ਖੋਜਾਂ ਇਸ ਬਾਰੇ ਹੋਈਆਂ ਹਨ, ਉਨ੍ਹਾਂ ਵਿਚ ਇਕ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਜਦੋਂ ਕੋਈ ਵਿਅਕਤੀ ਧੋਖਾ ਦੇ ਰਿਹਾ ਹੁੰਦਾ ਹੈ, ਤਾਂ ਉਸਦੇ ਹੱਥਾਂ ਦੀਆਂ ਹਰਕਤਾਂ ਅਕਸਰ ਉਸਦੇ ਆਮ ਵਿਉਹਾਰ ਨਾਲੋਂ ਘੱਟ ਜਾਂਦੀਆਂ ਹਨ। ਸਾਡੀ ਆਮ ਧਾਰਨਾ ਇਹ ਹੈ ਕਿ ਉਹ ਬੜੇ ਤੇਜ਼ ਤੇਜ਼ ਹਿਲਦੇ ਹਨ ਪਰ ਇਸ ਦੇ ਬਿਲਕੁਲ ਉਲਟ ਹੁੰਦਾ ਹੈ। ਐਸੇ ਵਕਤ ਤੇ ਹੱਥ ਬਿਲਕੁਲ ਸਥਿਰ ਹੁੰਦੇ ਹਨ।
ਹੱਥਾਂ ਦੇ ਆਮ ਇਸ਼ਾਰੇ (ਦ੍ਰਿਸ਼ਟਾਂਤਕ Illustraters) ਜਿਹੜੇ ਸਾਡੇ ਆਮ ਬੋਲਚਾਲ ਵਿਚ ਹੁੰਦੇ ਹਨ, ਅਤੇ ਸਾਡੀ ਗੱਲ ਨੂੰ ਹੋਰ ਸਪਸ਼ਟ ਕਰਦੇ ਹਨ, ਉਹ ਬਿਲਕੁਲ ਹੀ ਬੰਦ ਹੋ ਜਾਂਦੇ ਹਨ। ਐਸੇ ਵਕਤ ਤੇ ਲੋਕ ਬਚਾਅ ਵਾਲੀ ਮਾਨਸਿਕਤਾ ਵਿਚ ਹੁੰਦੇ ਹਨ ਅਤੇ ਉਹ ਆਪਣੀਆਂ ਸਾਰੀਆਂ ਹਰਕਤਾਂ-ਖਾਸ ਕਰ ਕੇ ਹੱਥਾਂ ਦੀਆਂ ਹਰਕਤਾਂ ਨੂੰ ਦਬਾਅ ਲੈਂਦੇ ਹਨ। ਐਸਾ ਇਸ ਲਈ ਹੁੰਦਾ ਹੈ ਕਿਉਂਕਿ ਆਮ ਗਲਬਾਤ ਦੌਰਾਨ ਸਾਡੇ ਹੱਥ ਕਿਹੜੀ ਕਿਹੜੀ ਹਰਕਤ ਕਰ ਰਹੇ ਹੁੰਦੇ ਹਨ, ਇਸ ਬਾਰੇ ਅਸੀਂ ਬਿਲਕੁਲ ਸੁਚੇਤ ਨਹੀਂ ਹੁੰਦੇ।
ਆਮ ਤੌਰ ਤੇ ਹੱਥ ਲੁਕਾਏ ਗਏ ਹੁੰਦੇ ਹਨ। ਪਰ ਇਹ ਵੀ ਹਮੇਸ਼ਾ ਯਾਦ ਰੱਖੋ ਕਿ ਐਸਾ ਉਦੋਂ ਵੀ ਹੁੰਦਾ ਹੈ ਜਦੋਂ ਕੋਈ ਵਿਅਕਤੀ ਸਿਰਫ ਪ੍ਰੇਸ਼ਾਨ ਹੀ ਹੁੰਦਾ ਹੈ। ਅਸੀਂ ਹੱਥ ਅਤੇ ਦਿਲ ਵਿਚ ਇਕ ਚਿੰਨ੍ਹਾਤਮਕ ਸਬੰਧ ਗਿਣਦੇ ਹਾਂ (ਜਿਵੇਂ ‘ਮੈਂ ਹੱਥ ਦਿਲ ਤੇ ਰੱਖ ਕੇ ਕਹਿ ਰਿਹਾ ਹਾਂ') ਅਤੇ ਇਹ ਸਬੰਧ ਅਸੀਂ ਈਮਾਨਦਾਰੀ ਅਤੇ ਸੁਹਿਰਦਤਾ ਵਰਗਾ ਸਮਝਦੇ ਹਾਂ। ਸੋ ਅਰਧ-ਚੇਤ ਤੌਰ ਤੇ ਅਸੀਂ ਡਰ ਕੇ ਆਪਣੇ ਹੱਥ ਲੁਕਾ ਲੈਂਦੇ ਹਾਂ। ਕਿਸੇ ਮੇਜ਼ ਹੇਠਾਂ, ਜੇਬਾਂ ਵਿਚ, ਇਥੋਂ ਤੱਕ ਕਿ ਇਨ੍ਹਾਂ ਨੂੰ ਕੱਛਾਂ ਵਿਚ ਵੀ ਛੁਪਾ ਲੈਂਦੇ ਹਾਂ। ਦੂਜੇ ਸ਼ਬਦਾਂ ਵਿਚ ਅਸੀਂ ਬਾਹਵਾਂ ਮੋੜ ਲੈਂਦੇ ਹਾਂ ਅਤੇ ਆਪਣੇ ਸਰੀਰ ਦੀ 'ਬੰਦ' ਹਾਲਤ ਬਣਾ ਲੈਂਦੇ ਹਾਂ। ਇਹ ਸਾਡੇ ਬਾਰੇ ਕੋਈ ਚੰਗਾ ਪ੍ਰਭਾਵ ਨਹੀਂ ਛੱਡਦਾ। ਜਾਂ ਫਿਰ ਸਾਡਾ ਇਕ ਹੱਥ ਦੂਜੇ ਨੂੰ ਪਕੜ ਲੈਂਦਾ ਹੈ ਅਤੇ ਉਸ ਨੂੰ ਹੇਠਾਂ ਵੱਲ ਧੱਕਦਾ ਰਹਿੰਦਾ ਹੈ ਅਤੇ ਇਕ ਜਗ੍ਹਾ ਤੇ ਰੱਖੀ ਰੱਖਦਾ ਹੈ।