

ਸਿਆਣੀ ਗੱਲ
ਜਦੋਂ ਕੋਈ ਵਿਅਕਤੀ ਧੋਖਾ ਕਰ ਰਿਹਾ ਹੁੰਦਾ ਹੈ ਤਾਂ ਸਰੀਰ ਦੀਆਂ ਹਰਕਤਾਂ ਪਹਿਲਾਂ ਦੇ ਮੁਕਾਬਲੇ ਤੇ ਹੌਲੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਸੇ ਤਰ੍ਹਾਂ ਐਸਾ ਵੀ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਸਰੀਰ ਤੋਂ ਪਰੇ ਵਲ ਦੀਆਂ ਹਰਕਤਾਂ ਕਰਦਾ ਹੈ (ਪਰ ਇਸ ਨੂੰ ਉਸ ਦੇ ਆਮ ਵਿਉਹਾਰ ਨਾਲ ਤੁਲਨਾ ਕਰ ਕੇ ਦੇਖਣਾ ਪਵੇਗਾ) ਜਿਵੇਂ ਕਿ ਉਂਗਲਾਂ ਦੀ ਫਾਲਤੂ ਹਿਲਜੁਲ, ਪੈਨ ਨੂੰ ਚੁੱਕਣਾ ਅਤੇ ਘੁਮਾਣਾ ਸ਼ੁਰੂ ਕਰ ਦੇਣਾ, ਪੈਨ ਦੀ ਟਿੱਕ ਟਿੱਕ ਸ਼ੁਰੂ ਕਰ ਦੇਣੀ (ਸਿੱਕਾ ਖੋਲ੍ਹਣਾ ਤੇ ਬੰਦ ਕਰਨਾ), ਕਾਗਜ਼ ਦੇ ਇਕ ਟੁਕੜੇ ਤੇ ਕਾਟੇ ਮਾਟੇ ਮਾਰੀ ਜਾਣਾ, ਮੇਜ਼ ਤੇ ਪਏ ਗਿਲਾਸ ਨੂੰ ਘੁਮਾਈ ਜਾਣਾ ਆਦਿ। ਇਹ ਸਾਰੀਆਂ ਹਰਕਤਾਂ (Adaptors) ਵੀ ਸਾਨੂੰ ਕੁਝ ਇਸ਼ਾਰੇ ਕਰ ਸਕਦੀਆਂ ਹਨ, ਬਸ਼ਰਤੇ ਜੇ ਇਨ੍ਹਾਂ ਨੂੰ ਦੂਜੇ ਸਮੂਹ ਦੀਆਂ ਹਰਕਤਾਂ ਨਾਲ ਮਿਲਾ ਕੇ ਦੇਖਿਆ ਜਾਵੇ।
ਲੱਤਾਂ
ਇਹ ਗੱਲ ਤੁਹਾਨੂੰ ਹੈਰਾਨੀ ਵਾਲੀ ਲੱਗੇਗੀ ਪਰ ਬਹੁਤ ਸਾਰੀ ਖੋਜਾਂ ਇਹ ਸਾਬਤ ਕਰਦੀਆਂ ਹਨ ਕਿ ਝੂਠ ਬੋਲੇ ਜਾਣ ਬਾਰੇ ਸਭ ਤੋਂ ਵਧੀਆ ਸੰਕੇਤ ਕਮਰ ਤੋਂ ਹੇਠਾਂ ਵਾਲੇ ਹਿੱਸੇ ਤੋਂ ਮਿਲਦੇ ਹਨ। ਐਕਮੈਨ ਤੇ ਫਰੀਸਨ ਦੀ ਡੂੰਘੀ ਖੋਜ ਤੋਂ ਇਹ ਪਤਾ ਲਗਿਆ ਹੈ ਕਿ ਭਾਵੇਂ ਧੜ, ਲੱਤਾਂ ਅਤੇ ਪੈਰ ਸਾਡੇ ਸੁਚੇਤ ਕੰਟਰੋਲ ਵਿਚ ਹੁੰਦੇ ਹਨ, ਪਰ ਇਹ ਹਿੱਸੇ ਸਾਡੇ ਦਿਮਾਗ ਤੋਂ ਸਭ ਤੋਂ ਵੱਧ ਦੂਰੀ ਤੇ ਹਨ। ਇਸ ਲਈ ਜਦੋਂ ਕੋਈ ਝੂਠ ਬੋਲ ਰਿਹਾ ਹੁੰਦਾ ਹੈ, ਤਾਂ ਇਹ ਸਭ ਤੋਂ ਘੱਟ ਕਾਬੂ ਵਿਚ ਹੁੰਦੇ ਹਨ। ਇਹ ਗੱਲ ਪੈਰਾਂ ਉੱਤੇ ਸਭ ਤੋਂ ਵੱਧ ਲਾਗੂ ਹੁੰਦੀ ਹੈ।
ਸਿਆਣੀ ਗੱਲ
ਜਦੋਂ ਕੋਈ ਵਿਅਕਤੀ ਸਵੈ-ਭਰੋਸੇ ਵਿਚ, ਆਰਾਮ ਵਿਚ ਤੇ ਤਣਾਅ ਮੁਕਤ ਹੁੰਦਾ ਹੈ ਤਾਂ ਉਸ ਦਾ ਕੁਦਰਤੀ ਰੁਝਾਨ ਖਿੱਲਰਕੇ ਜਾਂ ਖੁਲ੍ਹ ਕੇ ਬੈਠਣ ਦਾ ਹੁੰਦਾ ਹੈ-ਅਕਸਰ ਜਿੰਨਾ ਵੱਧ ਤੋਂ ਵੱਧ ਹੋ ਸਕੇ। ਪਰ ਜਦੋਂ ਕੋਈ ਬੇਆਰਾਮੀ ਅਤੇ ਤਣਾਅ ਵਿਚ ਹੁੰਦਾ ਹੈ ਤਾਂ ਉਹ ਸੁੰਗੜ ਜਾਂਦਾ ਹੈ ਅਤੇ ਸਰੀਰ ਆਪਣੇ ਦੁਆਲੇ ਹੀ ‘ਬੰਦ' ਹੋ ਜਾਂਦਾ ਹੈ।