

ਚਾਹੁੰਦੇ ਹਨ ਤਾਂ ਉਹ ਤੁਹਾਡੇ ਨਾਲ ਜ਼ਿਆਦਾ ਸਮੇਂ ਲਈ ਨਜ਼ਰ ਮਿਲਾ ਕੇ ਗੱਲ ਕਰਨਗੇ। ਇਕ ਵਾਰੀ ਫਿਰ ਤੁਹਾਨੂੰ ਉਨ੍ਹਾਂ ਦੀ ਸਰੀਰਕ ਭਾਸ਼ਾ ਵਿਚੋਂ ਕੁਝ ਐਸੀਆਂ ਗੱਲਾਂ ਦੇਖਣੀਆਂ ਪੈਣਗੀਆਂ ਜਿਹੜੀਆਂ ਤੁਹਾਡੇ ਅੰਦਾਜ਼ੇ ਦੀ ਤਰਦੀਦ ਕਰਨ।
ਅਸੀਂ ‘ਪਹਿਲਾਂ ਵੀ 'ਆਮ ਵਰਤਾਉ' ਦੀ ਗੱਲ ਕੀਤੀ ਹੈ(Baseline Behaviour)। ਆਮ ਵਰਤਾਉ ਸਾਨੂੰ ਹਮੇਸ਼ਾ ਹੀ ਦੇਖਣਾ ਪੈਂਦਾ ਹੈ। ਜੇ ਤੁਸੀਂ ਕਿਸੇ ਵਿਅਕਤੀ ਦੇ ਆਮ ਵਰਤਾਉ ਨੂੰ ਸਮਝ ਲੈਂਦੇ ਹੋ ਤਾਂ ਤੁਹਾਨੂੰ ਉਸ ਦੇ ਵਿਉਹਾਰ ਵਿਚ 'ਬਦਲਾਉ' ਨੂੰ ਪਕੜਨਾ ਸੌਖਾ ਹੋ ਜਾਂਦਾ ਹੈ। ਮੰਨ ਲਉ ਕਿ ਕਿਸੇ ਵਿਅਕਤੀ ਦਾ 'ਆਮ ਵਿਉਹਾਰ ਇਹ ਹੈ ਕਿ ਉਹ ਗਲਬਾਤ ਦੌਰਾਨ ਘੱਟ ਨਜ਼ਰ ਮਿਲਾਉਂਦਾ ਹੈ (ਭਾਵੇਂ ਸ਼ਰਮਾਕਲ ਸੁਭਾਅ ਕਰਕੇ ਹੀ) ਅਤੇ ਜਦੋਂ ਉਸਨੂੰ ਕਿਸੇ ਗੱਲ ਬਾਰੇ ਪੁੱਛਿਆ ਜਾਂ ਜੁਆਬ ਮੰਗਿਆ ਜਾਵੇ ਤਾਂ ਉਹ ਅਸਾਧਾਰਨ ਤੌਰ ਤੇ ਲੰਬੀ ਨਜ਼ਰ ਮਿਲਾ ਕੇ ਗੱਲ ਕਰਨੀ ਸ਼ੁਰੂ ਕਰ ਦੇਵੇ, ਤਾਂ ਤੁਹਾਡੇ ਦਿਮਾਗ ਵਿਚ ਖਤਰੇ ਦੀ ਘੰਟੀ ਵਜਣੀ ਸ਼ੁਰੂ ਹੋ ਜਾਣੀ ਚਾਹੀਦੀ ਹੈ।
ਅੱਖਾਂ ਝਪਕਣ ਦੀ ਰਫ਼ਤਾਰ ਵੀ ਨੋਟ ਕਰੋ। ਇਹ ਉਨ੍ਹਾਂ ਦੀ ਆਮ ਅੱਖਾਂ ਝਪਕਣ ਦੀ ਰਫਤਾਰ ਦੀ ਤੁਲਨਾ ਵਿਚ ਕਿਵੇਂ ਹੈ? ਇਹ ਦੇਖੋ ਕਿ ਉਨ੍ਹਾਂ ਦੇ 'ਆਮ ਵਰਤਾਉ' ਵਿਚ ਕਦੋਂ ਬਦਲਾਅ ਆਉਂਦਾ ਹੈ ਅਤੇ ਇਹ ਗਲਬਾਤ ਦੇ ਕਿਹੜੇ ਹਿੱਸੇ ਵਿਚ ਆਉਂਦਾ ਹੈ। ਤੁਹਾਨੂੰ ਇਸ ਤੋਂ ਬਹੁਤ ਕੁਝ ਪਤਾ ਲੱਗੇਗਾ। ਪਰ ਨਾਲ ਹੀ ਇਹ ਵੀ ਯਾਦ ਰੱਖੋ ਕਿ ਜਦੋਂ ਕੋਈ ਵਿਅਕਤੀ ਘਬਰਾ ਜਾਂਦਾ ਹੈ ਜਾਂ ਕਿਸੇ ਚਿੰਤਾ ਵਿਚ ਹੁੰਦਾ ਹੈ ਤਾਂ ਵੀ ਉਸਦੇ ਵਰਤਾਉ ਵਿਚ ਐਸੇ ਬਦਲਾਅ ਆ ਜਾਂਦੇ ਹਨ। ਇਸੇ ਲਈ ਹੋਰ ਚਿੰਨ੍ਹ ਦੇਖਣੇ ਵੀ ਜ਼ਰੂਰੀ ਹਨ।
ਸਿਆਣੀ ਗੱਲ
ਝੂਠ ਬੋਲਣ ਵਾਲੇ ਨਜ਼ਰ ਚੁਰਾਉਣ ਦੀ ਥਾਂ ਤੇ ਲੋੜ ਤੋਂ ਵੱਧ ਹੀ ਨਜ਼ਰ ਮਿਲਾਉਂਦੇ ਹਨ।
ਨਜ਼ਰਾਂ ਦੀ ਦਿਸ਼ਾ
ਅਸੀਂ ਨਜ਼ਰਾਂ ਦੀ ਦਿਸ਼ਾ ਦੇ ਸਬੰਧ ਵਿਚ ਕੀਤੀ ਗਈ ਕੁਝ ਖੋਜ ਬਾਰੇ ਗੱਲ ਕਰਾਂਗੇ। ਪਰ ਤੁਹਾਨੂੰ ਇਸ ਖੋਜ ਦੇ ਨਤੀਜਿਆਂ ਨੂੰ ਜ਼ਰਾ ਸੋਚ ਸਮਝ ਕੇ ਵਰਤਣਾ ਪਵੇਗਾ। ਇਹ ਬਹੁਤ ਕੁੱਝ ਦਸ ਸਕਦੀ ਹੈ, ਪਰ ਤਾਂ ਹੀ, ਜੇ ਤੁਸੀਂ ਕਿਸੇ ਵਿਅਕਤੀ ਦਾ ‘ਆਮ ਵਰਤਾਉ' ਪਹਿਲਾਂ ਹੀ ਸਮਝਿਆ ਹੋਵੇ। ਇਸ ਗੱਲ ਤੇ ਕਦੀ ਵੀ ਘੱਟ ਜ਼ੋਰ ਨਹੀਂ ਦਿੱਤਾ ਜਾ ਸਕਦਾ—ਉਸ ਵਿਅਕਤੀ ਦਾ ਆਮ ਵਰਤਾਉ ਚੰਗੀ ਤਰ੍ਹਾਂ ਦੇਖੋ ਸਮਝੋ ਅਤੇ ਯਾਦ ਰੱਖੋ। ਜੇ ਤੁਸੀਂ ਐਸਾ ਕਰ ਲਿਆ ਹੈ ਤਾਂ ਫਿਰ ਬਸ ਹੁਣ ਉਸ ਵਿਅਕਤੀ ਦੀ ਸਰੀਰਕ ਭਾਸ਼ਾ ਵਿਚ ਆ ਰਹੀਆਂ ਤਬਦੀਲੀਆਂ ਨੂੰ ਸਮਝਣ ਦੀ ਹੀ ਲੋੜ ਹੈ, ਤੁਸੀਂ ਉਸ ਬਾਰੇ ਬਹੁਤ ਕੁਝ ਜਾਣ ਜਾਉਗੇ।
“ ਨਜ਼ਰਾਂ ਦੀ ਦਿਸ਼ਾ ਸਾਨੂੰ ਬਹੁਤ ਕੁਝ ਦਸ ਸਕਦੀ ਹੈ।”