

ਚੇਤਾਵਨੀ
ਜਿਵੇਂ ਕਿ ਮੈਂ ਪਹਿਲਾਂ ਵੀ ਚੇਤਾਵਨੀ ਦੇ ਚੁਕਾ ਹਾਂ, ਇਹ ਥਿਊਰੀ ਤਾਂ ਹੀ ਵਰਤਣੀ ਚਾਹੀਦੀ ਹੈ ਜੇਕਰ ਅਸੀਂ ਉਸ ਵਿਅਕਤੀ ਦੇ 'ਆਮ ਵਿਉਹਾਰ' ਨੂੰ ਚੰਗੀ ਤਰ੍ਹਾਂ ਜਾਂਚ-ਪਰਖ ਲਿਆ ਹੈ। ਕਈ ਐਸੇ ਲੋਕ ਵੀ ਹੁੰਦੇ ਹਨ ਜਿਹੜੇ ਹਮੇਸ਼ਾ ਇਕੋ ਹੀ ਪਾਸੇ ਦੇਖਦੇ ਰਹਿੰਦੇ ਹਨ-ਇਹ ਬਸ ਉਨ੍ਹਾਂ ਦੀ ਆਦਤ ਹੀ ਹੁੰਦੀ ਹੈ। (ਇਸੇ ਤਰ੍ਹਾਂ ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਜੇ ਉਹ ਵਿਅਕਤੀ ਖਬਚੂ ਹੈ ਤਾਂ ਕਿਤੇ ਉਹ ਇਸ ਤੋਂ ਉਲਟਾ ਤਾਂ ਨਹੀਂ ਕਰਦਾ ਹੈ।)
ਅੱਖਾਂ ਝਪਕਣਾ
ਜਦੋਂ ਅਸੀਂ ਝੂਠ ਬੋਲ ਰਹੇ ਹੁੰਦੇ ਹਾਂ ਤਾਂ ਬੌਧਿਕ ਤੌਰ ਤੇ ਵੱਧ ਸੁਚੇਤ ਹੁੰਦੇ ਹਾਂ ਕਿਉਂਕਿ ਝੂਠ ਬੋਲਣ ਦਾ ਆਪਣਾ ਹੀ ਦਬਾਉ ਹੁੰਦਾ ਹੈ। ਸੋ ਸਾਡੇ ਵਿਚ ਦਬਾਉ ਤੇ ਸੁਚੇਤਤਾ ਦੇ ਚਿੰਨ੍ਹ ਤੇਜ਼ ਹੋ ਜਾਂਦੇ ਹਨ। ਅੱਖਾਂ ਝਪਕਣਾ ਇਨ੍ਹਾਂ ਵਿਚੋਂ ਹੀ ਇਕ ਚਿੰਨ੍ਹ ਹੈ ਅਤੇ ਇਹ ਵੀ ਤੇਜ਼ ਹੋ ਜਾਂਦਾ ਹੈ। ਪਰ ਇਹ ਝੂਠ ਦਾ ਚਿੰਨ ਨਹੀਂ ਹੈ, ਸਗੋਂ ਇਹ ਦਬਾਉ ਦਾ ਚਿੰਨ੍ਹ ਹੈ।
ਇਹ ਵੀ ਦੇਖਿਆ ਗਿਆ ਹੈ ਕਿ ਕੁਝ ਲੋਕ ਅੱਖਾਂ ਵੀ ਮਲਦੇ ਹਨ। ਦੇਖਣ ਤੋਂ ਇਹ ਬਿਲਕੁਲ ਇਸ ਤਰ੍ਹਾਂ ਲਗਦਾ ਹੈ ਕਿ ਇਸ ਵਿਅਕਤੀ ਨੇ ਅੱਖਾਂ ਵਿਚ ਕੰਟੈਕਟ ਲੈਂਜ਼, ਪਾਏ ਹਨ ਤੇ ਉਹ ਅੱਖਾਂ ਮਲ ਕੇ ਆਪਣਾ ਲੈਂਜ਼ ਠੀਕ ਕਰ ਰਿਹਾ ਹੈ (ਸੋ ਪੱਕਾ ਕਰ ਲਉ ਕਿ ਉਹ ਵਿਅਕਤੀ ਲੈਂਜ਼ ਤਾਂ ਨਹੀਂ ਪਹਿਨਦਾ)। ਲੋਕ ਝੂਠ ਬੋਲਣ ਲੱਗਿਆਂ ਅੱਖਾਂ ਮਲਦੇ ਹਨ। ਇਹ ਹਰਕਤ ਮਰਦਾਂ ਤੇ ਔਰਤਾਂ, ਦੋਹਾਂ ਵਿਚ ਹੁੰਦੀ ਹੈ, ਬੱਸ ਫਰਕ ਇੰਨਾ ਹੀ ਹੈ ਕਿ ਮਰਦ ਜ਼ਰਾ ਤੇਜ਼ੀ ਨਾਲ ਅੱਖਾਂ ਮਲਦੇ ਹਨ ਅਤੇ ਔਰਤਾਂ ਆਪਣੀਆਂ ਅੱਖਾਂ ਨੂੰ ਇਕ ਪਾਸੇ ਤੋਂ ਜਾਂ ਹੇਠਲੇ ਪਾਸੇ ਤੋਂ ਛੋਹਣ ਤੱਕ ਹੀ ਸੀਮਿਤ ਰਹਿੰਦੀਆਂ ਹਨ। ਇਹ ਵੀ ਲੱਗਦਾ ਹੈ ਕਿ ਉਸ ਵਿਅਕਤੀ ਨੂੰ ਉਹ ਜਿੰਨਾ ਵੱਡਾ ਝੂਠ ਲੱਗਦਾ ਹੈ, ਉਤਨਾ ਹੀ ਉਹ ਜ਼ਿਆਦਾ ਅੱਖਾਂ ਮਲਦਾ ਹੈ। ਨਾਲ ਹੀ ਇਹ ਵੀ ਹੋ ਸਕਦਾ ਹੈ ਉਹ ਆਪਣੀ ਨਜ਼ਰ ਤੁਹਾਡੇ ਤੋਂ ਹਟਾ ਲਵੇ।
ਇਸ ਪੂਰੀ ਹਰਕਤ ਦਾ ਮਨੋਵਿਗਿਆਨ ਕੀ ਹੈ? ਇਹ ਮੰਨਿਆ ਜਾਂਦਾ ਹੈ ਕਿ ਇਹ ਇਕ ਕਿਸਮ ਦਾ ਆਪਣੇ ਧੋਖੇ ਨੂੰ, ਅਤੇ ਜਿਸ ਵਿਅਕਤੀ ਨਾਲ ਧੋਖਾ ਕੀਤਾ ਜਾ ਰਿਹਾ ਹੈ ਉਸਨੂੰ ਆਪਣੀਆਂ ਨਜ਼ਰਾਂ ਵਿਚੋਂ ਹਟਾਣ ਦਾ ਜਤਨ ਹੁੰਦਾ ਹੈ। ਝੂਠ ਬੋਲਣ ਵਾਲਾ ਵਿਅਕਤੀ ਅੰਦਰੋਂ ਡਰ ਰਿਹਾ ਹੁੰਦਾ ਹੈ ਅਤੇ ਖਤਰਾ ਮਹਿਸੂਸ ਕਰ ਰਿਹਾ ਹੁੰਦਾ ਹੈ। ਸੋ ਉਹ ਸਾਹਮਣੇ ਵਾਲੇ ਵਿਅਕਤੀ ਦੇ ਅਕਸ ਨੂੰ ਆਪਣੇ ਤੋਂ ਦੂਰ ਹੀ ਰੱਖਣਾ ਚਾਹੁੰਦਾ ਹੈ।
ਚਿਹਰੇ ਨੂੰ ਛੋਹਣਾ
ਚਿਹਰੇ ਨੂੰ ਛੋਹਣ ਦੀਆਂ ਬਦਲਵੀਆਂ ਹਰਕਤਾਂ ਬਹੁਤੇ ਲੋਕਾਂ ਵਿਚ ਝੂਠ ਬੋਲਣ ਲੱਗਿਆਂ ਮੌਜੂਦ ਹੁੰਦੀਆਂ ਹਨ ਅਤੇ ਆਮ ਤੌਰ ਤੇ ਇਨ੍ਹਾਂ ਦੀ ਰਫਤਾਰ ਵੱਧ ਜਾਂਦੀ ਹੈ। ਗਲਬਾਤ ਕਰਦੇ ਹੋਏ ਅਸੀਂ ਸਾਰੇ ਹੀ ਆਪਣੇ ਚਿਹਰੇ ਨੂੰ ਹੱਥਾਂ ਨਾਲ ਥੋੜ੍ਹਾ ਜਾਂ ਬਹੁਤਾ ਛੋਂਹਦੇ।