ਨਾਲ ਹੀ ਲੱਤਾਂ ਦੇ ਮੋੜੀ ਹੋਈ ਹਾਲਤ ਤੋਂ ਸਿੱਧਾ ਕਰਨ ਜਾਂ ਫਿਰ ਇਕ ਦੂਜੇ ਉਪਰੋਂ ਮੋੜਨ ਦੀ ਹਰਕਤ ਵੀ ਹੋ ਸਕਦੀ ਹੈ। ਪਰ ਇਹ ਹਰਕਤ ਦੇਖਣ ਵਿਚ ਕੁਦਰਤੀ ਨਹੀਂ ਸਗੋਂ ਅਟਕਵੀਂ ਜਿਹੀ ਲਗਦੀ ਹੈ। ਆਮ ਗਲਬਾਤ ਦੌਰਾਨ ਹੋਣ ਵਾਲੀਆਂ ਹਰਕਤਾਂ ਇਨ੍ਹਾਂ ਤੋਂ ਫਰਕ ਅਤੇ ਸੁਖਾਵੀਆਂ ਹੁੰਦੀਆਂ ਹਨ:
- ਸੋ ਇਹ ਧਿਆਨ ਰੱਖੋ ਕਿ ਪੈਰਾਂ ਦੀ ਹਰਕਤ ਕਦੋਂ ਸ਼ੁਰੂ ਹੁੰਦੀ ਹੈ (ਇਹ ਇਤਨਾ ਸੋਖਾ ਨਹੀਂ ਜਿੰਨਾ ਲਗਦਾ ਹੈ, ਕਿਉਂਕਿ ਅਕਸਰ ਪੈਰ, ਵਿਚਕਾਰ ਆ ਰਹੀ ਮੇਜ਼ ਪਿੱਛੇ ਛੁਪੇ ਹੁੰਦੇ ਹਨ)
- ਜੇ ਤੁਸੀਂ ਇਹ ਦੇਖ ਲੈਂਦੇ ਹੋ ਕਿ ਸੁਣਨ ਵਾਲੇ ਦੇ ਪੈਰਾਂ ਦੀ ਹਰਕਤ ਕਿਸੇ ਖਾਸ ਮੁੱਦੇ ਤੇ ਸ਼ੁਰੂ ਹੁੰਦੀ ਹੈ ਅਤੇ ਜਦੋਂ ਤੁਸੀਂ ਅਗਲੀ ਗੱਲ ਸ਼ੁਰੂ ਕਰ ਲੈਂਦੇ ਹੋ ਤਾਂ ਉਹ ਹਰਕਤ ਖਤਮ ਹੋ ਜਾਂਦੀ ਹੈ ਤਾਂ ਤੁਹਾਨੂੰ ਇਸ ਨਾਲ ਇਕ ਸੰਕੇਤ ਮਿਲ ਜਾਏਗਾ। (ਜਦੋਂ ਮਾਵਾਂ ਆਪਣੀਆਂ 'ਟੀਨਏਜ' ਧੀਆਂ ਨੂੰ ਸੁਆਲ ਪੁਛਦੀਆਂ ਹਨ ਤਾਂ ਉਹ ਅਕਸਰ ਇਹ ਹਰਕਤਾਂ ਦਾ ਸ਼ੁਰੂ ਹੋਣਾ ਤੇ ਰੁਕਣਾ ਦੇਖਦੀਆਂ ਹਨ।)
ਸਿਆਣੀ ਗੱਲ
ਜੇਕਰ ਤੁਸੀਂ ਪੈਰਾਂ ਦੀ ਹਰਕਤ ਵਿਚ ਕਿਸੇ ਦਾ 'ਆਮ ਵਿਉਹਾਰ' ਸਮਝ ਲੈਂਦੇ ਹੋ ਤਾਂ ਤੁਸੀਂ ਉਸ ਦੀਆਂ ਭਾਵਨਾਵਾਂ ਵਿਚ ਹੋ ਰਹੇ ਬਦਲਾਅ ਨੂੰ ਦੇਖ ਸਕਦੇ ਹੋ।
- ਕਈ ਵਾਰੀ ਤੁਹਾਡਾ ਵਾਹ ਐਸੇ ਲੋਕਾਂ ਨਾਲ ਵੀ ਪਏਗਾ ਜਿਨ੍ਹਾਂ ਦਾ ਆਮ ਵਿਉਹਾਰ ਲੱਤਾਂ ਨੂੰ ਮੋੜ ਕੇ ਬੈਠਣ ਦਾ ਅਤੇ ਲਗਾਤਾਰ ਹਰਕਤ ਕਰਦੇ ਰਹਿਣ ਦਾ ਹੁੰਦਾ ਹੈ। ਇਹ ਵਿਉਹਾਰ ਉਸ ਵੇਲੇ ਦਾ ਹੁੰਦਾ ਹੈ ਜਦੋਂ ਉਹ ਤਣਾਅ ਮੁਕਤ ਹੁੰਦੇ ਹਨ। ਜਦੋਂ ਉਨ੍ਹਾਂ ਨੂੰ ਕੋਈ ਐਸੀ ਗੱਲ ਪੁਛੀ ਜਾਂਦੀ ਹੈ, ਜਾਂ ਉਹ ਐਸੀ ਗੱਲ ਕਰ ਰਹੇ ਹੁੰਦੇ ਹਨ ਜਿਹੜੀ ਉਨ੍ਹਾਂ ਨੂੰ ਤਣਾਅ ਵਿਚ ਲੈ ਆਉਂਦੀ ਹੈ ਤਾਂ ਉਨ੍ਹਾਂ ਦੀ ਹਰਕਤ ਬੰਦ ਹੋ ਜਾਂਦੀ ਹੈ।
- ਇਸ ਵਿਚ ਪੈਰਾਂ ਦੀ ਹਰਕਤ ਰੁਕਣਾ ਹੀ ਇਕ ਸੰਕੇਤ ਹੈ। ਇਸ ਤੋਂ ਪਤਾ ਲਗ ਜਾਂਦਾ ਹੈ ਕਿ ਉਹ ਤਣਾਅ-ਮੁਕਤ ਅਵਸਥਾ ਤੋਂ ਤਣਾਅ ਵਿਚ ਆ ਗਏ ਹਨ। ਇਸ ਦਾ ਮਤਲਬ ਇਹ ਨਹੀਂ ਕਿ ਉਹ ਝੂਠ ਬੋਲ ਰਹੇ ਹਨ, ਪਰ ਇਹ ਕਿਸੇ ਐਸੀ ਚੀਜ਼ ਦਾ ਪ੍ਰਤੀਕਰਮ ਹੈ ਜਿਸ ਕਰਕੇ ਉਨ੍ਹਾਂ ਅੰਦਰ ਇਕ ਨਕਾਰਾਤਮਕ ਸੋਚ ਪੈਦਾ ਹੋ ਰਹੀ ਹੈ।
ਹੋਰ ਸਮਿਆਂ ਤੇ ਤੁਹਾਨੂੰ ਇਹ ਵੀ ਦੇਖਣ ਨੂੰ ਮਿਲ ਸਕਦਾ ਹੈ ਕਿ ਸਰੀਰ ਇਕਦਮ ਢਿੱਲਾ ਪੈ ਜਾਵੇ ਅਤੇ ਪੈਰ ਧਰਤੀ ਤੇ ਟਕ-ਟਕ ਕਰ ਰਹੇ ਹੋਣ, ਜਾਂ ਸਰੀਰ ਦੀ ਮੁਦਰਾ ਦੂਜੇ ਪਾਸੇ ਵਲ ਨੂੰ ਹੋ ਜਾਵੇ ਅਤੇ ਪੈਰ (ਦੋਵੇਂ ਜਾਂ ਇਕ) ਬਾਹਰ ਜਾਣ ਦੇ ਰਸਤੇ ਦੀ ਦਿਸ਼ਾ ਵਿਚ ਹੋ ਜਾਣ।