

ਅਧਿਆਇ - 6
ਆਕਰਸ਼ਣ
ਵਿਗਿਆਨਕ ਢੰਗ ਨਾਲ ਕੀਤੀਆਂ ਗਈਆਂ ਖੋਜਾਂ ਵੀ ਅਤੇ ਬਹੁਤ ਸਾਰੇ ਰਸਾਲਿਆਂ ਵਲੋਂ ਕੀਤੇ ਗਏ ਅਧਿਐਨ ਵੀ ਸਾਨੂੰ ਇਹ ਦਸਦੇ ਹਨ, ਕਿ ਕਿਸੇ ਵਿਅਕਤੀ ਨੂੰ ਕਿੰਨਾ ਪਸੰਦ ਕੀਤਾ ਜਾਂਦਾ ਹੈ, ਇਸ ਦੇ ਕਈ ਪੱਖ ਹਨ। ਇਹ ਪੱਖ ਸਾਡੇ ਜੀਵਨ ਦੇ ਬੜੇ ਹਿੱਸਿਆਂ ਨਾਲ ਸਬੰਧਿਤ ਹਨ ਜਿਵੇਂ ਅਸੀਂ ਅਜਨਬੀਆਂ ਅਤੇ ਵਾਕਫ਼ਾਂ ਨਾਲ ਕਿਵੇਂ ਗੱਲ ਕਰਦੇ ਹਾਂ, ਮਿੱਤਰ ਕਿਵੇਂ ਬਣਾਉਂਦੇ ਹਾਂ, ਨਾਲ ਕੰਮ ਕਰਨ ਵਾਲਿਆਂ, ਗਾਹਕਾਂ ਅਤੇ ਹੋਰਾਂ ਨਾਲ ਸਾਡੀ ਮਿੱਤਰਤਾ ਅਤੇ 'ਦਿਲ ਦੇ ਮਾਮਲੇ' ਵਿਚ ਅਸੀਂ ਕੈਸੇ ਹਾਂ।
ਤੁਹਾਡਾ ਆਕਰਸ਼ਣ ਹੀ ਤੁਹਾਡੀ ਸਫਲਤਾ ਦਾ ਰਾਜ਼ ਹੈ। ਇਹ ਗੱਲ ਕੰਮ ਕਾਰ ਵਿਚ ਵੀ ਅਤੇ ਨਿੱਜੀ ਜੀਵਨ ਵਿਚ ਵੀ ਲਾਗੂ ਹੁੰਦੀ ਹੈ। ਇਹ ਚੀਜ਼ ਬਾਰ-ਬਾਰ ਸਾਬਤ ਹੋ ਚੁੱਕੀ ਹੈ ਕਿ ਤੁਹਾਡਾ ਆਕਰਸ਼ਣ ਹੀ ਤੁਹਾਡੇ ਵਧੀਆ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਰਿਸ਼ਤਿਆਂ ਦੀ ਨੀਂਹ ਹੈ। ਤੁਹਾਡੇ ਪ੍ਰੇਮ-ਸੰਬੰਧ ਅਤੇ ਦੋਸਤੀਆਂ, ਵਧੀਆ ਨੌਕਰੀਆਂ, ਤਰੱਕੀਆਂ ਅਤੇ ਡਾਕਟਰਾਂ, ਵਪਾਰੀਆਂ, ਵੇਟਰਾਂ ਵਲੋਂ ਮਿਲਣ ਵਾਲਾ ਜ਼ਿਆਦਾ ਧਿਆਨ ਅਤੇ ਵਧੀਆ ਸੇਵਾ-ਗਲ ਕੀ ਤੁਹਾਡਾ ਆਕਰਸ਼ਣ ਹਰ ਰਿਸ਼ਤੇ ਵਿਚ ਮਦਦ ਕਰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਰਿਸ਼ਤਿਆਂ ਤੋਂ ਬਿਨਾਂ ਸਾਡੇ ਲਈ ਨਾ ਜੀਵਨ ਵਿਚ, ਨਾ ਸਮਾਜ ਵਿਚ ਅਤੇ ਨਾ ਹੀ ਰੁਜ਼ਗਾਰ ਵਿਚ ਕੁਝ ਬਾਕੀ ਬਚਦਾ ਹੈ।
ਪਰ ਇਹ ਸਭ ਕੁਝ ਹੁੰਦਾ ਕਿਵੇਂ ਹੈ? ਤੁਸੀਂ ਆਕਰਸ਼ਕ ਕਿਵੇਂ ਬਣਦੇ ਹੋ? ਕੋਈ ਵਿਅਕਤੀ ਜਦੋਂ ਤੁਹਾਡੇ ਨਾਲ ਹੁੰਦਾ ਹੈ, ਤੁਹਾਨੂੰ ਮਿਲਦਾ ਹੈ ਅਤੇ ਉਸਨੂੰ ਚੰਗਾ ਚੰਗਾ ਲਗਦਾ ਹੈ ਤਾਂ ਉਹ ਤੁਹਾਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਨ-ਇਹ ਮੁੱਖ ਤੌਰ ਤੇ ਇਕ ਮਨੋਵਿਗਿਆਨਕ ਤਜਰਬਾ ਹੁੰਦਾ ਹੈ। ਜਾਂ ਸਾਦੇ ਸ਼ਬਦਾਂ ਵਿਚ ਇਹ ਕਹਿ ਲਈਏ, ਲੋਕਾਂ ਦਾ ਸਮਾਂ ਉਦੋਂ ਵਧੀਆ ਲੰਘਦਾ ਹੈ ਜਦੋਂ ਉਹ ਕਿਸੇ ਖੁਸ਼ਮਿਜ਼ਾਜ਼ ਅਤੇ ਮਨੋਹਰ ਢੰਗ ਨਾਲ ਮਿਲਣ ਵਾਲੇ ਵਿਅਕਤੀ ਨਾਲ ਹੁੰਦੇ ਹਨ। ਪਰ ਇਹ ਕਹਿ ਦੇਣਾ ਸੌਖਾ ਹੈ। ਸੁਆਲ ਹੈ ਕਿ ਤੁਸੀਂ ਐਸੇ ਵਿਅਕਤੀ ਕਿਵੇਂ ਬਣ ਸਕਦੇ ਹੋ? ਮੇਰਾ ਖਿਆਲ ਹੈ ਕਿ ਤੁਸੀਂ ਇਕ ਐਸਾ ਵਿਅਕਤੀ ਬਣਨ ਦੇ ਰਸਤੇ ਤੇ ਤੁਰ ਪਏ ਹੋ ਅਤੇ ਜੇਕਰ ਤੁਸੀਂ ਆਪਣੇ ਸਮਾਨ ਅਨੁਭੂਤੀ (Empathy) ਵਾਲੇ ਹੁਨਰ ਦਾ ਅਭਿਆਸ ਕਰਦੇ ਰਹੋਗੇ ਤਾਂ ਇਹ ਤੁਹਾਡੇ ਰੋਜ਼ਾਨਾ ਦੇ ਨਿੱਜੀ ਅਤੇ ਕੰਮ ਕਾਰ ਦੇ ਜੀਵਨ ਵਿਚ ਕਮਾਲ ਕਰ ਦਿਖਾਏਗਾ।