

ਆਮ ਹਾਲਾਤ ਵਿਚ ਵੀ ਉਤਨੀ ਹੀ ਸੱਚ ਹੈ ਜਿੰਨੀ ਪ੍ਰੇਮ ਮੁਹੱਬਤ ਵਿਚ। ਸਿਰਫ ਪ੍ਰੇਮ- ਮੁਹੱਬਤ ਵਿਚ ਨਜ਼ਰਾਂ ਥੋੜ੍ਹੇ ਜ਼ਿਆਦਾ ਲੰਬੇ ਸਮੇਂ ਤੱਕ ਮਿਲਾਈਆਂ ਜਾਂਦੀਆਂ ਹਨ। ਤੁਹਾਡੀਆਂ ਅੱਖਾਂ ਦੇ ਹਾਵ-ਭਾਵ ਬਹੁਤ ਕੁੱਝ ਦੱਸਦੇ ਹਨ ਅਤੇ ਲੋਕ ਤੁਹਾਡੀਆਂ ਨਜ਼ਰਾਂ ਵਿਚ ਨਿੱਘ, ਹਮਦਰਦੀ ਅਤੇ ਫਿਕਰ ਨੂੰ ਪਹਿਚਾਨ ਲੈਂਦੇ ਹਨ। ਜਦੋਂ ਤੁਸੀਂ ਲੋਕਾਂ ਵੱਲ ਧਿਆਨ ਦਿੰਦੇ ਹੋ ਤਾਂ ਉਨ੍ਹਾਂ ਦੀਆਂ ਆਪਣੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਕਦਰ ਵਧ ਜਾਂਦੀ ਹੈ। ਤੁਸੀਂ ਵੀ ਇਸੇ ਤਰ੍ਹਾਂ ਹੀ ਮਹਿਸੂਸ ਕਰਦੇ ਹੋ ਜਦੋਂ ਕੋਈ ਤੁਹਾਡੇ ਵੱਲ ਧਿਆਨ ਦਿੰਦਾ ਹੈ।
ਸਿਆਣੀ ਗੱਲ
ਜਦੋਂ ਤੁਸੀਂ ਨਜ਼ਰਾਂ ਮਿਲਾ ਕੇ, ਅਤੇ ਕਿਸੇ ਵਲ ਧਿਆਨ ਦੇ ਕੇ ਉਸ ਨੂੰ ਆਪਣੇ ਬਾਰੇ ਚੰਗਾ ਚੰਗਾ ਮਹਿਸੂਸ ਕਰਵਾਉਂਦੇ ਹੋ ਤਾਂ ਉਹ ਤੁਹਾਡੇ ਵੱਲ ਖਿੱਚਿਆ ਜਾਂਦਾ ਹੈ।
ਆਵਾਜ਼
ਅਸੀਂ ਆਵਾਜ਼ ਦੇ ਗੈਰ ਸ਼ਬਦੀ (ਸ਼ਬਦਾਂ ਤੋਂ ਇਲਾਵਾ) ਪੱਖ ਦੀ ਗੱਲ ਤੀਜੇ ਅਧਿਆਇ ਵਿਚ ਕੀਤੀ ਸੀ। ਅਸੀਂ ਦੇਖਿਆ ਸੀ ਕਿ ਇਹ ਦੂਜੇ ਲੋਕਾਂ ਦੇ ਸਾਡੇ ਪ੍ਰਤੀ ਵਿਉਹਾਰ ਵਿਚ ਕਿੰਨੀ ਅਹਿਮ ਭੂਮਿਕਾ ਨਿਭਾਉਂਦਾ ਹੈ। ਆਮ ਤੌਰ ਤੇ ਜੇ ਕਰ ਕਿਸੇ ਵਿਅਕਤੀ ਦਾ ਸੁਰ ਲਹਿਜਾ ਅਤੇ ਉਚਾਪਨ ਦੇ ਪੱਖ ਦੂਜੇ ਵਿਅਕਤੀ ਨੂੰ ਚੰਗੇ ਲਗਦੇ ਹਨ ਤਾਂ ਉਸ ਨੂੰ ਕਿਸੇ ਕਿਸਮ ਦੀ ਬੇ-ਆਰਾਮੀ ਨਹੀਂ ਹੁੰਦੀ ਅਤੇ ਦੋਹਾਂ ਵਿਚ ਚੰਗਾ ਤਾਲਮੇਲ ਬੈਠ ਜਾਂਦਾ ਹੈ।
ਸੁਣਨਾ
ਚੰਗੀਆਂ ਨਜ਼ਰਾਂ ਮਿਲਾਉਣ ਦੇ ਨਾਲ ਨਾਲ ਇਕ ਹੋਰ ਬੜਾ ਮਹੱਤਵਪੂਰਨ ਪੱਖ ਹੈ ਜਿਹੜਾ ਕਿਸੇ ਵਿਅਕਤੀ ਦੇ ਆਕਰਸ਼ਕ ਹੋਣ ਵਿਚ ਵੱਡੀ ਭੂਮਿਕਾ ਨਿਭਾਉਂਦਾ ਹੈ। ਜੇਕਰ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋਵੋ ਅਤੇ ਉਹ ਤੁਹਾਡੇ ਮੋਢੇ ਉੱਤੋਂ ਦੀ ਕਿਸੇ ਹੋਰ ਪਾਸੇ ਦੇਖਦਾ ਰਹੇ, ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਜਦੋਂ ਕੋਈ ਤੁਹਾਡੇ ਵਲ ਮੂੰਹ ਕਰਕੇ ਤਾਂ ਖੜ੍ਹਾ ਤਾਂ ਹੋਵੇ ਪਰ 'ਆਪ ਕਿਤੇ ਹੋਰ ਹੋਵੇ' ਜਾਂ ਉਹ ਮਨ ਹੀ ਮਨ 'ਆਪਣੀਆਂ ਸੋਚਾਂ ਵਿਚ ਹੀ ਡੁੱਬਾ ਹੋਵੇ', ਐਸੇ ਵਕਤ ਤੇ ਉਹ 'ਪੂਰੇ ਸਰੀਰ' ਜਾਂ ‘ਪੂਰੇ ਆਪੇ’ ਨਾਲ ਤੁਹਾਡੀ ਗਲ ਨਹੀਂ ਸੁਣ ਰਿਹਾ ਹੁੰਦਾ, ਜਾਂ ਕੋਈ ਵਿਅਕਤੀ ਆਪ ਹੀ ਬੋਲਦਾ ਰਹੇ, ਅਤੇ ਫਿਰ ਜਦੋਂ ਤੁਹਾਡੇ ਕੁਝ ਕਹਿਣ ਦੀ ਵਾਰੀ ਆਵੇ ਤਾਂ ਉਹ ਕਹੇ "ਇਹ ਸੀ ਮੇਰੀ ਕਹਾਣੀ, ਤੁਹਾਡਾ ਇਸ ਬਾਰੇ ਕੀ ਖਿਆਲ ਹੈ?” ਅਜਿਹੇ ਹਾਲਾਤ ਵਿਚ ਤੁਹਾਡੇ ਮਨ ਵਿਚ ਐਸੇ ਵਿਅਕਤੀ ਬਾਰੇ ਕੀ ਭਾਵਨਾ ਪੈਦਾ ਹੋਏਗੀ।