

ਖੋਜਾਂ ਦਸਦੀਆਂ ਹਨ ਕਿ ਔਰਤਾਂ ਤਾਂ ਖਾਸ ਕਰਕੇ ਐਸੇ ਆਦਮੀਆਂ ਦੀਆਂ ਮੁਰੀਦ ਹੋ ਜਾਂਦੀਆਂ ਹਨ ਜਿਹੜੇ ਉਨ੍ਹਾਂ ਦੀ ਗੱਲ ਸੁਣਦੇ ਹਨ-ਭਾਵ ਸਹੀ ਅਰਥਾਂ ਵਿਚ ਸੁਣਦੇ ਹਨ (ਜਿਵੇਂ ਆਪਾਂ ਤੀਜੇ ਅਧਿਆਇ ਵਿਚ ਗੱਲ ਕੀਤੀ ਸੀ)
“ਔਰਤਾਂ ਐਸੇ ਆਦਮੀਆਂ ਦੀਆਂ ਮੁਰੀਦ ਹੋ ਜਾਂਦੀਆਂ ਹਨ ਜਿਹੜੇ ਉਨ੍ਹਾਂ ਦੀ ਗੱਲ 'ਸੁਣ’ ਲੈਂਦੇ ਹਨ।”
ਜਦੋਂ ਔਰਤਾਂ ਔਰਤਾਂ ਨਾਲ ਗੱਲ ਕਰਦੀਆਂ ਹਨ ਤਾਂ ਉਹ ਕਾਫੀ ਉਤੇਜਨਾ ਵਿਚ ਗੱਲਾਂ ਕਰਦੀਆਂ ਹਨ (ਕੁਝ ਕੁ ਹਾਲਾਤਾਂ ਨੂੰ ਛੱਡ ਕੇ) ਅਤੇ ਇਹ ਜ਼ਾਹਰ ਕਰਦੀਆਂ ਹਨ ਕਿ ਉਹ ਵਾਕਈ ਹੀ ਗੱਲ ‘ਸੁਣ' ਰਹੀਆਂ ਹਨ। ਉਹ ਅਸਲ ਵਿਚ ਪੂਰੇ ਸਰੀਰ ਨਾਲ ਸੁਣ ਰਹੀਆਂ ਹੁੰਦੀਆਂ ਹਨ। ਉਹ ਸਹੀ ਸਮੇਂ ਤੇ ਸਿਰ ਹਿਲਾਉਂਦੀਆਂ ਹਨ ਅਤੇ ਚਿਹਰੇ ਦੇ ਹਾਵਭਾਵ ਇਸ ਤਰ੍ਹਾਂ ਦੇ ਬਣਾਉਂਦੀਆਂ ਹਨ ਜਿਨ੍ਹਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਹ ਉਸੇ ਤਰ੍ਹਾਂ ਮਹਿਸੂਸ ਕਰ ਰਹੀਆਂ ਹਨ ਜਿਵੇਂ ਕਹਿਣ ਵਾਲੀ ਕਰ ਰਹੀ ਹੈ। ਆਦਮੀਆਂ ਨੂੰ ਅਕਸਰ ਧਿਆਨ ਕੇਂਦ੍ਰਿਤ ਕੀਤੀ ਰੱਖਣ ਵਿਚ ਔਕੜ ਆਉਂਦੀ ਹੈ ਅਤੇ ਗਲਬਾਤ ਵਿਸ਼ੇ ਤੋਂ ਭਟਕ ਜਾਂਦੀ ਹੈ। ਉਨ੍ਹਾਂ ਦੇ ਜੁਆਬ ਆਮ ਤੌਰ ਤੇ ਸਹੀ (ਨਿਸ਼ਾਨੇ ਤੇ) ਨਹੀਂ ਹੁੰਦੇ। ਇਹੀ ਨਹੀਂ, ਆਦਮੀਆਂ ਵਿਚ ਨਜ਼ਰ ਆਉਣ ਵਾਲੇ ਐਸੇ ਸੰਕੇਤ ਅਕਸਰ ਮੌਜੂਦ ਨਹੀਂ ਹੁੰਦੇ ਜਿਹੜੇ ਦੂਜੇ ਨੂੰ ਇਹ ਦੱਸ ਸਕਣ ਕਿ ਉਹ ਵਾਕਈ ਹੀ ਸੁਣ ਰਹੇ ਹਨ। ਔਰਤਾਂ ਆਪ ਚੰਗੇ ਸਰੋਤੇ ਹੁੰਦੀਆਂ ਹਨ ਅਤੇ ਜਦੋਂ ਗੱਲ ਔਰਤਾਂ ਵਿਚਕਾਰ ਹੋ ਰਹੀ ਹੁੰਦੀ ਹੈ ਤਾਂ ਕਿਸੇ ਕਿਸਮ ਦੀ ਦਿੱਕਤ ਨਹੀਂ ਹੁੰਦੀ।
ਕਿਸੇ ਨੂੰ ਵੀ ਜਦੋਂ ਕੋਈ ਐਸਾ ਵਿਅਕਤੀ ਮਿਲ ਜਾਂਦਾ ਹੈ ਜਿਹੜਾ ਸਹੀ ਅਰਥਾਂ ਵਿਚ ‘ਸੁਣਦਾ' ਹੈ, ਤਾਂ ਉਹ ਉਸ ਵੱਲ ਖਿੱਚੇ ਜਾਂਦੇ ਹਨ। ਇਸ ਨਾਲ ਸਮਾਨ-ਅਨੁਭੂਤੀ ਬਣਦੀ ਹੈ ਅਤੇ ਇਹੀ ਤੁਹਾਡੀ ਖਿੱਚ ਦਾ ਵੱਡਾ ਕਾਰਨ ਹੈ। ਐਸਾ ਹੋਣ ਤੇ ਤੁਸੀਂ ਉਸ ਵਿਅਕਤੀ ਨਾਲ ਇਕ ਸੁਰ ਹੋ ਜਾਂਦੇ ਹੋ ਅਤੇ ਫਿਰ ਤੁਸੀਂ ਉਨ੍ਹਾਂ ਦੀ ਸੋਚ ਨੂੰ ਪੜ੍ਹ (ਸਮਝ) ਸਕਦੇ ਹੋ।