

ਅਧਿਆਇ - 7
ਲੀਕੇਜ
ਹੁਣ ਤੱਕ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਸਰੀਰਕ ਭਾਸ਼ਾ ਸਾਨੂੰ ਲੋਕਾਂ ਵੱਲੋਂ ਮਿਲ ਰਹੇ ਸੰਕੇਤਾਂ ਬਾਰੇ ਕਾਫੀ ਕੁਝ ਦਸ ਸਕਦੀ ਹੈ। ਲੀਕੇਜ ਤੋਂ ਸਾਡਾ ਭਾਵ ਉਹ ਸਰੀਰਕ ਭਾਸ਼ਾ ਹੈ ਜਿਹੜੀ ਤੁਹਾਡੇ ਅੰਦਰ ਚਲ ਰਹੀਆਂ ਅਸਲ ਸੋਚਾਂ ਬਾਰੇ ਦਸ ਦਿੰਦੀ ਹੈ। ਮੈਨੂੰ ਯਕੀਨ ਹੈ ਕਿ ਹੁਣ ਤਕ ਤੁਸੀਂ ਇਹ ਸਮਝ ਹੀ ਗਏ ਹੋ।
ਸਰੀਰ ਅਤੇ ਮਨ ਦਾ ਸਬੰਧ
ਸਰੀਰ ਅਤੇ ਮਨ ਦਾ ਬਹੁਤ ਗੂੜ੍ਹਾ ਸਬੰਧ ਹੈ। ਸੋ ਹਰ ਵਿਚਾਰ ਸਰੀਰ ਉੱਤੇ ਕੁਝ ਨਾ ਕੁਝ ਅਸਰ ਕਰਦਾ ਹੈ। ਜੇਕਰ ਅਣ-ਸ਼ਬਦੀ ਗੱਲਾਂ ਨੂੰ ਸਹੀ ਢੰਗ ਨਾਲ ਸਮਝ ਲਈਏ ਤਾਂ ਕਿਸੇ ਵੀ ਗੱਲ ਦਾ ਭਾਵ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ। ਜਿਵੇਂ ਅਸੀਂ ਬਾਰ ਬਾਰ ਜ਼ੋਰ ਦਿੱਤਾ ਹੈ, ਤੁਹਾਡੇ ਵੱਲੋਂ ਕਹੀ ਜਾ ਰਹੀ ਗੱਲ ਦਾ ਦੂਜੇ ਲੋਕ ਸਹੀ ਭਾਵ ਸਮਝਣ, ਇਸ ਲਈ ਤੁਹਾਡੀ ਆਪਣੀ ਸਰੀਰਕ ਭਾਸ਼ਾ ਵੀ ਉਤਨੀ ਹੀ ਅਹਿਮ ਹੈ।
ਅਸੀਂ ਆਮ ਤੌਰ ਤੇ ਆਪਣੀਆਂ ਸਕਾਰਾਤਮਕ ਭਾਵਨਾਵਾਂ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਅਸੀਂ ਆਪਣੀ ਬੇਆਰਾਮੀ ਤੇ ਪਰੇਸ਼ਾਨੀ ਨੂੰ ਛੁਪਾਉਣ ਦਾ ਹੀ ਯਤਨ ਕਰਦੇ ਹਾਂ। ਅਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਈਏ, ਕਦੀ ਨਾ ਕਦੀ ਸਾਡੀ ਸਰੀਰਕ ਭਾਸ਼ਾ ਸਾਡਾ ਪੋਲ ਖੋਲ੍ਹ ਹੀ ਦਿੰਦੀ ਹੈ। ਅਤੇ ਜਦੋਂ ਇਹ ਲੀਕੇਜ ਹੋ ਜਾਂਦੀ ਹੈ ਤਾਂ ਫਿਰ ਸਾਡੇ ਵੱਲੋਂ ਕਹੀ ਜਾ ਰਹੀ ਗੱਲ, ਅਤੇ ਸਾਡੀ ਸਰੀਰਕ ਭਾਸ਼ਾ ਦੇ ਸੰਕੇਤਾਂ ਵਿਚ 'ਸਮਰੂਪਤਾ' ਨਹੀਂ ਰਹਿੰਦੀ। ਜੋ ਸਾਡਾ ਸਰੀਰ ਦਸਦਾ ਹੈ ਅਤੇ ਜੋ ਸਾਡੀ ਜ਼ੁਬਾਨ ਕਹਿੰਦੀ ਹੈ, ਉਨ੍ਹਾਂ ਵਿਚ ਫਰਕ ਹੋ ਜਾਂਦਾ ਹੈ।
ਮਨੋਵਿਗਿਆਨਕਾਂ ਦੀ ਰਾਇ ਵਿਚ ਅਸੀਂ ਦੋ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਸਕਦੇ ਹਾਂ: