

ਸਿਆਣੀ ਗੱਲ
ਮੇਰੀ ਇੱਕ ਮਨਪਸੰਦ ਕਹਾਵਤ ਹੈ-"ਇਹ ਸਿਰਫ ਇਕ ਵਿਚਾਰ ਹੀ ਤਾਂ ਹੈ, ਇਹ ਤੁਹਾਡਾ ਕੁਝ ਨਹੀਂ ਵਿਗਾੜੇਗਾ।”
ਜੋ ਤੁਹਾਡੇ ਨਾਲ ਹੁੰਦਾ ਹੈ ਉਹ ਤੁਹਾਡਾ ਕੁਝ ਨਹੀਂ ਵਿਗਾੜਦਾ
ਜੇਕਰ ਤੁਸੀਂ ਦਬਾਉ, ਘਬਰਾਹਟ ਅਤੇ ਪ੍ਰੇਸ਼ਾਨੀ ਦੇ ਚਿੰਨ੍ਹਾਂ ਨੂੰ ਪਹਿਚਾਣਦੇ ਹੋ ਤਾਂ ਤੁਸੀਂ ਸਥਿਤੀ ਨੂੰ ਕਾਬੂ ਵਿਚ ਕਰ ਸਕਦੇ ਹੋ। ਅਸੀਂ ਪਹਿਲਾਂ ਵੀ 'ਭਾਵਨਾਤਮਕ ਸਿਆਣਪ' ਦੀ ਗੱਲ ਕੀਤੀ ਸੀ ਜਿਸ ਵਿਚ ਆਪਣੀਆਂ ਭਾਵਨਾਵਾਂ ਨੂੰ ਆਪਣੇ ਕਾਬੂ ਹੇਠ ਰੱਖਣਾ ਬੜੀ ਵੱਡੀ ਭੂਮਿਕਾ ਅਦਾ ਕਰਦਾ ਹੈ। ਸੋ ਆਪਣੇ ਵਿਚ ਇਨ੍ਹਾਂ ਚਿੰਨ੍ਹਾਂ ਨੂੰ ਪਹਿਚਾਣ ਲੈਣਾ ਇਸ ਵਿਚ ਬਹੁਤ ਮਹੱਤਵਪੂਰਨ ਹੈ। ਜੇ ਕਰ ਦੂਜਿਆਂ ਦੇ ਸਰੀਰ ਦੀ ਭਾਸ਼ਾ ਸਮਝਣ ਦੀ ਸਫਲਤਾ ਇਸ ਵਿਚ ਹੈ ਕਿ ਤੁਸੀਂ ਲੋਕਾਂ ਦੀਆਂ ਸੋਚਾਂ ‘ਪੜ੍ਹ' ਸਕਦੇ ਹੋ ਤਾਂ ਇਸ ਦਾ ਸਬੰਧ ਤੁਹਾਡੀਆਂ ਆਪਣੀਆਂ ਸੋਚਾਂ ਨੂੰ ਸਮਝ ਲੈਣ ਨਾਲ ਵੀ ਬਰਾਬਰ ਦਾ ਹੀ ਹੈ। ਤੁਹਾਡੀਆਂ ਸੋਚਾਂ ਹੀ ਤੁਹਾਡੀਆਂ ਭਾਵਨਾਵਾਂ ਪੈਦਾ ਕਰਕੇ ਤੁਹਾਡੀ ਸਰੀਰਕ ਭਾਸ਼ਾ ਨੂੰ ਜਨਮ ਦਿੰਦੀਆਂ ਹਨ-ਚੰਗੀ ਜਾਂ ਮਾੜੀ, ਦੋਵੇਂ ਹੀ। “
ਆਪਣੀਆਂ ਸੋਚਾਂ ਪ੍ਰਤੀ ਸੁਚੇਤ ਰਹੋ।”
ਅਸਲ ਵਿਚ ਤਣਾਅ ਇਸ ਚੀਜ਼ ਤੋਂ ਨਹੀਂ ਪੈਦਾ ਹੁੰਦਾ ਕਿ ਤੁਹਾਡੇ ਨਾਲ ਕੀ ਹੁੰਦਾ ਹੈ ਸਗੋਂ ਇਹ ਇਸ ਚੀਜ਼ ਤੋਂ ਪੈਦਾ ਹੁੰਦਾ ਹੈ ਕਿ ਅਸੀਂ ਇਸ ਦਾ ਮਤਲਬ ਕੀ ਕੱਢਦੇ ਹਾਂ। ਅਸੀਂ ਜਾਣਦੇ ਹਾਂ ਕਿ ਨਕਾਰਾਤਮਕ ਸੋਚ ਗੁੱਸੇ ਅਤੇ ਚਿੰਤਾ ਨੂੰ ਵਧਾਉਂਦੀ ਹੈ। ਜੇ ਤੁਸੀਂ ਐਸੀ ਸੋਚ ਨੂੰ ਹੀ ਨਹੀਂ ਸੋਚੋਗੇ ਤਾਂ ਤੁਹਾਡੇ ਅੰਦਰ ਐਸੀ ਭਾਵਨਾ ਹੀ ਪੈਦਾ ਨਹੀਂ ਹੋਵੇਗੀ।
“ਸਭਿਅਤਾ ਦੇ ਸਦਾਚਾਰ ਦੀ ਸਭ ਤੋਂ ਉੱਚੀ ਅਵਸਥਾ ਉਹ ਹੁੰਦੀ ਹੈ ਜਦੋਂ ਸਾਨੂੰ ਇਹ ਸਮਝ ਲਗ ਜਾਵੇ ਕਿ ਸਾਨੂੰ ਆਪਣੇ ਵਿਚਾਰਾਂ ਨੂੰ ਕਾਬੂ ਹੇਠ ਰੱਖਣ ਦੀ ਲੋੜ ਹੈ।”
-ਚਾਰਲਜ਼ ਡਾਰਵਿਨ
ਤੁਸੀਂ ਅਕਸਰ ਸਕਾਰਾਤਮਕ ਸੋਚ ਦੀ ਤਾਕਤ ਬਾਰੇ ਸੁਣਿਆ ਹੋਵੇਗਾ (Power of Positive Thinking)। ਪਰ ਨਕਾਰਾਤਮਕ ਅਤੇ ਸਕਾਰਾਤਮਕ ਸੋਚਾਂ ਦੇ ਘੋਲ ਵਿਚ ਅਕਸਰ ਕੌਣ ਜਿੱਤਦਾ ਹੈ? ਆਮ ਤੌਰ ਤੇ ਨਕਾਰਾਤਮਕ ਸੋਚ ਜਿੱਤਦੀ ਹੈ। ਕਾਰਨ ਇਹ ਹੈ ਕਿ ਜਦੋਂ ਅਸੀਂ ਦਬਾਅ ਹੇਠ ਹੁੰਦੇ ਹਾਂ ਤਾਂ ਦਬਾਅ ਕਾਰਨ ਪੈਦਾ ਹੋਏ ਰਸਾਇਣ ਹੋਰ ਦਬਾਅ ਭਰੀਆਂ ਸੋਚਾਂ ਪੈਦਾ ਕਰਦੇ ਹਨ ਅਤੇ ਇਉਂ ਨਕਾਰਾਤਮਕ ਸੋਚਾਂ ਸਾਡੇ ਦਿਮਾਗ ਤੇ ਛਾ ਜਾਂਦੀਆਂ ਹਨ। ਨਤੀਜਾ? ਅਸੀਂ ਹੋਰ ਦਬਾਅ ਵਿਚ ਆ ਜਾਂਦੇ ਹਾਂ।