

ਭਾਈਚਾਰਕ ਮੁਸਕਰਾਹਟ
ਮੁਸਕਰਾਹਟ ਸ਼ਾਇਦ ਸਾਡੇ ਚਿਹਰੇ ਦੇ ਹਾਵ ਭਾਵ ਵਿਚੋਂ ਸਭ ਤੋਂ ਆਸਾਨੀ ਨਾਲ ਪਛਾਣੀ ਜਾਣ ਵਾਲੀ ਚੀਜ਼ ਹੈ। ਇਹ ਇਕ ਸਕਾਰਾਤਮਕ ਭਾਵਨਾ ਦਰਸਾਉਂਦੀ ਹੈ ਅਤੇ ਅਸੀਂ ਇਸ ਨੂੰ ਉਦੋਂ ਪ੍ਰਗਟ ਕਰਦੇ ਹਾਂ ਜਦੋਂ ਅਸੀਂ ਖੁਸ਼ ਹੁੰਦੇ ਹਾਂ। ਪਰ ਇਹ ਹਾਵ ਭਾਵ ਸਾਨੂੰ ਸਮਾਜਿਕ ਲੋੜ ਲਈ ਵੀ ਲਿਆਣਾ ਪੈਂਦਾ ਹੈ। ਜਦੋਂ ਵੀ ਕੋਈ ਸਾਡੇ ਵਲ ਦੇਖ ਕੇ ਮੁਸਕਰਾਉਂਦਾ ਹੈ ਤਾਂ ਸਾਨੂੰ ਚੰਗਾ ਲਗਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਮੁਸਕਰਾਹਟ ਨਕਲੀ ਹੈ ਜਾਂ ਅਸਲੀ । ਆਪਣੇ ਪੁਰਖਿਆਂ ਵਾਂਗ ਹੀ ਅਸੀਂ ਵੀ ਮੁਸਕਰਾਹਟ ਆਪਣੇ ਚਿਹਰੇ ਤੇ ਇਹ ਦੱਸਣ ਲਈ ਲਿਆਉਂਦੇ ਹਾਂ ਕਿ ਅਸੀਂ ਤੁਹਾਡੇ ਦੋਸਤ ਹਾਂ, ਜਾਂ ਘੱਟ ਤੋਂ ਘੱਟ ਦੁਸ਼ਮਨ ਨਹੀਂ ਹਾਂ।
ਨਾਲ ਹੀ ਉਹ ਲੋਕ ਜਿਨ੍ਹਾਂ ਨੂੰ ਆਪਣੇ ਕੰਮ ਵਿਚ ਲੋਕਾਂ ਨਾਲ ਵਾਹ ਪੈਂਦਾ ਹੈ—ਜਿਵੇਂ ਸੇਵਾ ਪ੍ਰਦਾਨ ਕਰਨ ਵਾਲੇ ਕੰਮਾਂ ਵਿਚ—ਉਨ੍ਹਾਂ ਨੂੰ ਆਪਣੇ ਕੰਮ ਦੇ ਹਿੱਸੇ ਵਜੋਂ ਹੀ ਮੁਸਕਰਾਣ ਲਈ ਕਿਹਾ ਜਾਂਦਾ ਹੈ ਭਾਵੇਂ ਉਹ ਐਸੀ ਭਾਵਨਾ ਨਾ ਵੀ ਮਹਿਸੂਸ ਕਰ ਰਹੇ ਹੋਣ। ਸੋ ਇਹ ਚਿਹਰੇ ਦਾ ਇਕ ਐਸਾ ਭਾਵ ਹੈ ਜਿਸ ਨੂੰ ਅਸੀਂ ਬਹੁਤ ਛੋਟੀ ਉਮਰ ਵਿਚ ਹੀ ਸਿੱਖ ਲੈਂਦੇ ਹਾਂ। ਜੇ ਅਸੀਂ ਇਹ ਕਹਿ ਲਈਏ ਕਿ ਬਹੁਤ ਲੰਬਾ ਸਮਾਂ ਇਸ ਦਾ ਅਭਿਆਸ ਕਰਨ ਕਰਕੇ ਅਸੀਂ ਇਸ ਨੂੰ ਜਦੋਂ ਚਾਹੀਏ ਆਪਣੇ ਚਿਹਰੇ ਤੇ ਲਿਆ ਸਕਦੇ ਹਾਂ, ਭਾਵੇਂ ਅਸਲ ਵਿਚ ਅਸੀਂ ਇਸ ਤਰ੍ਹਾਂ ਨਾ ਵੀ ਮਹਿਸੂਸ ਕਰਦੇ ਹੋਈਏ।