

ਐਸਾ ਕਰਨ ਨਾਲ ਗੱਲਬਾਤ ਦੇ ਚੰਗੇ ਨਤੀਜੇ ਨਿਕਲਣ ਦੀ ਸੰਭਾਵਨਾ ਵੱਧ ਜਾਵੇਗੀ ਅਤੇ ਦੂਜੇ ਵਿਅਕਤੀ ਦੇ ਬੰਦ ਸਰੀਰਕ ਭਾਸ਼ਾ ਦੀ ਮੁਦਰਾ ਵਿਚ ਜਾਣ ਦੀ ਸੰਭਾਵਨਾ ਘਟ ਜਾਵੇਗੀ। ਪਤਾ ਨਹੀਂ ਇਹ ਚੰਗੀ ਗੱਲ ਹੈ ਕਿ ਮਾੜੀ, ਪਰ ਸਰੀਰਕ ਭਾਸ਼ਾ ਦਾ ਅਸਰ ਇਕ ਦੂਜੇ ਤੇ ਬੜੀ ਛੇਤੀ ਹੁੰਦਾ ਹੈ। ਜੇਕਰ ਤੁਹਾਡੇ ਸਾਹਮਣੇ ਵਾਲਾ ਫਿਰ ਵੀ ਬੰਦ ਸਰੀਰਕ ਭਾਸ਼ਾ ਵਿਚ ਹੀ ਟਿਕਿਆ ਰਹੇ ਤਾਂ ਉਸ ਦੇ ਹੱਥ ਵਿਚ ਕੋਈ ਚੀਜ਼ ਪਕੜਾ ਦਿਉ ਤਾਂਕਿ ਉਸਨੂੰ ਆਪਣੀਆਂ ਬਾਹਾਂ ਖੋਲ੍ਹਣੀਆਂ ਪੈਣ।
ਸਰੀਰਕ ਭਾਸ਼ਾ ਦੇ ਆਵਾਜ਼ ਨਾਲ ਸਬੰਧਤ ਪੱਖ
"ਗੱਲ ਇਹ ਨਹੀਂ ਕਿ ਤੁਸੀਂ ਕਹਿ ਕੀ ਰਹੇ ਹੋ—ਸਗੋਂ ਤੁਸੀਂ ਇਸ ਨੂੰ ਕਹਿ ਕਿਵੇਂ ਰਹੇ ਹੋ।”
ਸਾਡੀ ਸਰੀਰਕ ਭਾਸ਼ਾ ਦਾ ਆਵਾਜ਼ ਵਾਲਾ ਹਿੱਸਾ ਸਾਡੀ ਗਲਬਾਤ ਦੇ 38 ਪ੍ਰਤੀਸ਼ਤ ਵਾਲਾ ਹਿੱਸਾ ਹੈ। ਆਪਾਂ ਇਸ ਬਾਰੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਅਸੀਂ ਆਪਣੀ ਸੁਰ (Tone) ਕਈ ਤਰੀਕੇ ਨਾਲ ਬਦਲ ਸਕਦੇ ਹਾਂ:-
ਸਾਡੇ ਆਵਾਜ਼ ਦੇ ਇਸ ਸ਼ਬਦ-ਹੀਣ ਪੱਖ ਨੂੰ ਪ੍ਰਾ-ਭਾਸ਼ਾ (Paralanguage) ਵੀ ਕਿਹਾ ਜਾਂਦਾ ਹੈ। ਇਸ ਤੋਂ ਭਾਵ ਹੈ ਸ਼ਬਦਾਂ ਦੇ 'ਨਾਲ ਨਾਲ' ਜਾਂ ਸ਼ਬਦਾਂ ਤੋਂ 'ਇਲਾਵਾ' ਦੀ ਭਾਸ਼ਾ।
ਆਉ ਸਭ ਤੋਂ ਪਹਿਲਾਂ ਸੁਰ ਦੀ ਗੱਲ ਕਰੀਏ ਕਿਉਂਕਿ ਇਸ ਨਾਲ ਅਸੀਂ ਬੜੇ ਕਿਸਮ ਦੀਆਂ ਭਾਵਨਾਵਾਂ ਪਰਗਟ ਕਰ ਸਕਦੇ ਹਾਂ। ਇਸੇ ਕਰਕੇ ਇਸ ਦੀ ਪ੍ਰਾ-ਭਾਸ਼ਾ ਵਿਚ ਬੜੀ ਵੱਡੀ ਮਹੱਤਤਾ ਹੈ। ਸੁਰ ਬਦਲਣ ਨਾਲ ਇਕ ਆਰਾਮ ਨਾਲ ਕਹੀ ਜਾ ਰਹੀ ਗੱਲ ਇਕਦਮ ਪ੍ਰਸ਼ਨ ਦਾ ਰੂਪ ਲੈ ਲੈਂਦੀ ਹੈ। ਉਦਾਹਰਣ ਦੇ ਤੌਰ ਤੇ ਇਕ ਵਾਕ 'ਉਹ ਹੁਣੇ ਹੀ ਵਾਪਸ ਆ ਰਹੇ ਹਨ' ਨੂੰ ਸੁਰ ਬਦਲ ਕੇ ਅਸੀਂ ਇਕ ਪ੍ਰਸ਼ਨ ਬਣਾ ਸਕਦੇ ਹਾਂ "ਉਹ ਹੁਣੇ ਹੀ ਵਾਪਿਸ ਆ ਰਹੇ ਹਨ?" ਤੇ ਫਿਰ ਇਹ ਵੀ “ਉਹ ਹੁਣੇ ਹੀ ਵਾਪਿਸ ਆ ਰਹੇ ਹਨ!” ਇਕ ਵਾਰੀ ਫਿਰ ਇਸ ਦਾ ਅਰਥ ਬਦਲ ਦਿੰਦਾ ਹੈ। ਜਦੋਂ ਅਸੀਂ ਇਕੋ ਹੀ ਸੁਰ ਵਿਚ ਗੱਲ ਕਹਿ ਦਿੰਦੇ ਹਾਂ ਤਾਂ ਇਹ ਸਾਡੀ ਬੋਰੀਅਤ ਦਸ ਰਿਹਾ ਹੁੰਦਾ ਹੈ ਪਰ ਸਿਰਫ ਸੁਰ ਬਦਲਣ ਨਾਲ ਹੀ ਉਹੀ ਵਾਕ ਹੈਰਾਨੀ ਦਾ ਸੂਚਕ ਬਣ ਜਾਂਦਾ ਹੈ।