

“ਸੁਰ ਬਦਲਣ ਨਾਲ ਹੀ ਅਸੀਂ ਹੈਰਾਨੀ ਪਰਗਟ ਕਰ ਦਿੰਦੇ ਹਾਂ।”
ਰਫਤਾਰ, ਜਿਸ ਨੂੰ Tempo ਵੀ ਕਿਹਾ ਜਾਂਦਾ ਹੈ, ਵੀ ਗੱਲ ਦਾ ਮਤਲਬ ਬਦਲ ਦਿੰਦੀ ਹੈ। ਜਦੋਂ ਕੋਈ ਗੱਲ ਤੇਜ਼ ਤੇਜ਼ ਕਹੀ ਜਾਂਦੀ ਹੈ ਤਾਂ ਇਹ ਕਿਸੇ ਕਿਸਮ ਦੀ ਕਾਹਲੀ ਪ੍ਰਗਟ ਕਰਦੀ ਹੈ, ਅਤੇ ਹੌਲੀ ਹੌਲੀ ਕੀਤੀ ਗਈ ਗਲ ਬਿਲਕੁਲ ਕੁਝ ਹੋਰ ਹੀ ਪ੍ਰਗਟ ਕਰਦੀ ਹੈ। ਕਾਹਲੀ ਨਾਲ ਕੀਤੀ ਗਈ ਗੱਲ, ਗੱਲ ਕਰਨ ਵਾਲੇ ਦੀ ਮਾਨਸਿਕ ਸਥਿਤੀ ਬਾਰੇ ਵੀ ਦੱਸਦੀ ਹੋ ਸਕਦੀ ਹੈ—ਉਹ ਅਸੁਰੱਖਿਅਤ ਜਾਂ ਤਣਾਅ ਵਿਚ ਹੋ ਸਕਦਾ ਹੈ। ਕਈਆਂ ਦਾ ਵਿਅਕਤੀਤਵ ਹੀ ਐਸਾ ਹੁੰਦਾ ਹੈ ਕਿ ਉਹ ਕਾਹਲੇ ਪੈ ਕੇ ਗੱਲ ਕਰਦੇ ਹਨ ਅਤੇ ਬਹੁਤ ਤੇਜ਼ ਤੇਜ਼ ਬੋਲਦੇ ਹਨ। ਇਸੇ ਤਰ੍ਹਾਂ ਹੀ ਕੁਝ ਹੋਰ ਲੋਕ ਵੀ ਹੁੰਦੇ ਹਨ ਜਿਨ੍ਹਾਂ ਦਾ ਵਿਅਕਤੀਤਵ ਹੀ ਅੰਤਰਮੁਖੀ (introverted) ਕਿਸਮ ਦਾ ਹੁੰਦਾ ਹੈ ਅਤੇ ਉਹ ਬੜਾ ਸੋਚ ਸੋਚ ਕੇ ਗੱਲ ਕਰਦੇ ਹਨ।
ਅਸੀਂ ਕਿੰਨੀ ਕੁ ਉੱਚੀ ਬੋਲਦੇ ਹਾਂ, ਇਹ ਵੀ ਕਈ ਕੁਝ ਦੱਸਦਾ ਹੈ। ਆਮ ਤੌਰ ਤੇ ਉੱਚੀ ਆਵਾਜ਼ ਗੁੱਸੇ ਦੀ ਪ੍ਰਤੀਕ ਮੰਨੀ ਜਾਂਦੀ ਹੈ। ਮੈਨੂੰ ਇਕ ਨਾਟਕ ਵਿਚਲੇ ਅਦਾਕਾਰ ਦੀ ਬੜੀ ਗੱਜਦੀ ਆਵਾਜ਼ ਯਾਦ ਆ ਰਹੀ ਹੈ। ਉਹ ਬਾਰ ਬਾਰ ਬੜੀ ਉੱਚੀ ਆਵਾਜ਼ ਵਿਚ ਗੁੱਸੇ ਨਾਲ ਆਪਣੀ ਪਤਨੀ ਨੂੰ ਕਹਿ ਰਿਹਾ ਸੀ, "ਜ਼ਰਾ ਬਚ ਕੇ ਰਹਿ, ਅੱਜ ਮੈਂ ਮੂਡ ਵਿਚ ਹਾਂ।"
ਆਵਾਜ਼ ਦੇ ਇਹ ਤਿੰਨੇ ਗੁਣ ਮਿਲ ਕੇ ਆਵਾਜ਼ ਦੀ ਤਾਲ ਜਾਂ ਰਿਦਮ (Rhythm) ਬਣਾਉਂਦੇ ਹਨ। ਜਿਨ੍ਹਾਂ ਲੋਕਾਂ ਦੀ ਆਵਾਜ਼ ਸੁਣਨ ਵਿਚ ਚੰਗੀ ਲੱਗਦੀ ਹੈ ਉਹ ਇਨ੍ਹਾਂ ਤਿੰਨਾਂ ਨੂੰ ਇਕ ਖਾਸ ਤਰੀਕੇ ਨਾਲ ਵਰਤਦੇ ਹਨ। (ਇਸ ਬਾਰੇ ਅੱਗੇ ਹੋਰ ਗੱਲ ਕਰਾਂਗੇ)
ਸਿਆਣੀ ਗੱਲ
ਜਿਵੇਂ ਤੁਸੀਂ ਸਾਹ ਲੈਂਦੇ ਹੋ, ਉਸੇ ਤਰ੍ਹਾਂ ਹੀ ਤੁਸੀਂ ਆਵਾਜ਼ ਕੱਢਦੇ ਹੋ।
ਇਸ ਸਾਰੇ ਕੁਝ ਤੋਂ ਇਕ ਗਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਜੇ ਕਰ ਅਸੀਂ ਆਵਾਜ਼ ਕੱਢਣ ਬਾਰੇ ਸਿਖਲਾਈ ਨਹੀਂ ਲਈ ਹੋਈ ਤਾਂ ਆਮ ਤੌਰ ਤੇ ਅਸੀਂ ਇਹ ਨਹੀਂ ਸੋਚਦੇ ਕਿ ਸਾਡੀ ਆਵਾਜ਼ ਕਿਵੇਂ ਦੀ ਲੱਗ ਰਹੀ ਹੈ ਅਤੇ ਸਾਡੀ ਆਵਾਜ਼ ਦਾ ਦੂਜੇ ਤੇ ਕੀ ਅਸਰ ਹੋ ਰਿਹਾ ਹੈ। ਐਸੀ ਸਿਖਲਾਈ ਅਦਾਕਾਰਾਂ ਨੂੰ ਤਾਂ ਲੈਣੀ ਹੀ ਪੈਂਦੀ ਹੈ। ਜੇਕਰ ਅਸੀਂ ਆਪਣੇ ਕੰਮ ਕਾਰ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ-ਜਿਵੇਂ ਇੰਟਰਵਿਊ ਵਿਚ, ਤਰੱਕੀ ਮਿਲਣ ਵਿਚ, ਕੰਮ ਵਿਚ ਪ੍ਰਭਾਵਸ਼ਾਲੀ ਹੋਣ ਵਿਚ, ਮੀਟਿੰਗਾਂ ਵਿਚ ਜਾਂ ਆਪਣਾ ਸਮਾਨ ਵੇਚਣ ਵਿਚ, ਤਾਂ ਸ਼ਾਇਦ ਅਸੀਂ ਆਪਣੀ ਆਵਾਜ਼ ਨੂੰ ਸਹੀ ਢੰਗ ਨਾਲ ਨਹੀਂ ਵਰਤ ਰਹੇ। ਅਤੇ ਇਹ ਗੱਲ ਸ਼ਾਇਦ ਸਾਨੂੰ ਕੋਈ ਵੀ ਨਹੀਂ ਦੱਸੇਗਾ।