

ਜਿਨ੍ਹਾਂ ਚੀਜ਼ਾਂ ਦੀ ਅਸੀਂ ਹੁਣੇ ਗੱਲ ਕੀਤੀ ਹੈ, ਉਹ ਸਾਰੀਆਂ ਅਤੇ ਤੁਹਾਡੇ ਸਾਹ ਲੈਣ ਦਾ ਢੰਗ, ਤੁਹਾਡੇ ਗੱਲ ਕਹਿਣ ਦੀ ਸਪਸ਼ਟਤਾ ਅਤੇ ਚੰਗੀ ਸ਼ੈਲੀ ਤੇ ਅਸਰ ਪਾਉਂਦਾ ਹੈ। ਜੇਕਰ ਤੁਸੀਂ ਬਿਨਾਂ ਸਾਹ ਲੈਣ ਲਈ ਰੁਕੇ, ਲੰਬੀ ਗੱਲ ਕਰ ਜਾਂਦੇ ਹੋ ਤਾਂ ਇਹ ਸੁਣਨ ਵਾਲੇ ਲਈ ਇਕ ਮਾਨਸਿਕ ਤਣਾਅ ਅਤੇ ਖਿੱਝ ਪੈਦਾ ਕਰਦੀ ਹੈ।
ਇਹ ਯਾਦ ਰੱਖੋ ਕਿ ਜਦੋਂ ਤੁਸੀਂ ਗੱਲ ਕਰ ਰਹੇ ਹੁੰਦੇ ਹੋ, ਉਦੋਂ ਤੁਹਾਡਾ ਸਹੀ ਮੁਦਰਾ ਵਿਚ ਹੋਣਾ ਜ਼ਰੂਰੀ ਹੁੰਦਾ ਹੈ, ਤਾਂ ਹੀ ਤੁਸੀਂ ਸਹੀ ਢੰਗ ਨਾਲ ਗੱਲ ਕਰ ਸਕਦੇ ਹੋ। ਜੇ ਤੁਸੀਂ ਮੋਢੇ ਝੁਕਾਏ ਹੋਏ ਹਨ, ਜਾਂ ਤੁਸੀਂ ਢਿੱਲੇ ਹੋ ਕੇ ਬੈਠੇ ਹੋ ਤਾਂ ਇਹ ਤੁਹਾਡੇ ਗੱਲ ਕਹਿਣ ਲਈ ਚੰਗਾ ਨਹੀਂ। ਨਾ ਹੀ ਤੁਹਾਡੇ ਗਲੇ ਵਿਚ ਜਾਂ ਪੇਟ ਵਿਚ ਹੋ ਰਹੀ ਘਬਰਾਹਟ ਚੰਗੀ ਹੈ। ਇੰਟਰਵਿਊ ਦੇਣ ਤੋਂ ਪਹਿਲਾਂ, ਜਾਂ ਟੈਲੀਫੋਨ ਤੇ ਕੋਈ ਮਹੱਤਵਪੂਰਨ ਗੱਲ ਕਰਨ ਤੋਂ ਪਹਿਲਾਂ ਹੌਲੀ ਅਤੇ ਲੰਬੇ ਸਾਹ ਨੱਕ ਰਾਹੀਂ ਲਵੋ ਆਪਣੇ ਸਾਹ ਨੂੰ ਅੰਦਰ ਲਿਜਾ ਕੇ ਕੁਝ ਪਲਾਂ ਲਈ ਰੋਕੋ ਅਤੇ ਫਿਰ ਆਰਾਮ ਨਾਲ ਆਪਣਾ ਸਾਹ ਮੂੰਹ ਰਾਹੀਂ ਛੱਡੋ।
ਕਿਸੇ ਵੀ ਵਿਅਕਤੀ ਨੂੰ ਜਦੋਂ ਅਸੀਂ ਪਸੰਦ ਜਾਂ ਨਾਪਸੰਦ ਕਰਦੇ ਹਾਂ ਤਾਂ ਉਸਦੀ ਆਵਾਜ਼ ਇਸ ਵਿਚ ਵੱਡਾ ਹਿੱਸਾ ਪਾਉਂਦੀ ਹੈ। ਰੇਡੀਉ ਤੇ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਦੀ ਆਵਾਜ਼ ਯਾਦ ਕਰੋ। ਖਾਸ ਕਰਕੇ ਉਹ ਜਿਨ੍ਹਾਂ ਨੂੰ DJ ਕਿਹਾ ਜਾਂਦਾ ਹੈ ਅਤੇ ਜਿਹੜੇ ਆਪਣੇ ਪ੍ਰੋਗਰਾਮਾਂ ਵਿਚ ਗੱਪਸ਼ਪ ਤੇ ਗਲਬਾਤ ਕਰਦੇ ਹੋਏ ਨਾਲ ਨਾਲ ਗਾਣੇ ਸੁਣਾਉਂਦੇ ਹਨ। ਉਹ ਸਾਨੂੰ ਆਪਣੀ ਦੇਖੀ ਜਾ ਸਕਣ ਵਾਲੀ ਸਰੀਰਕ ਭਾਸ਼ਾ ਨਹੀਂ ਦਿਖਾ ਸਕਦੇ। ਅਸੀਂ ਉਨ੍ਹਾਂ ਦੀ ਆਵਾਜ਼ ਤੋਂ ਹੀ ਉਨ੍ਹਾਂ ਨੂੰ ਪਸੰਦ ਜਾਂ ਨਾਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਾਂ। ਆਪਣੇ ਰੇਡੀਉ ਸਟੇਸ਼ਨ ਤੇ ਕਿਸੇ ਲੰਬੇ ਸਮੇਂ ਤੋਂ ਚਲ ਰਹੇ ਪ੍ਰੋਗਰਾਮ ਬਾਰੇ ਸੋਚੋ। ਕੀ ਇਹ ਸਿਰਫ ਇਸੇ ਕਰਕੇ ਇੰਨੀ ਦੇਰ ਤੋਂ ਚਲ ਰਿਹਾ ਹੈ ਕਿਉਂਕਿ ਇਸ ਵਿਚ ਗਾਣੇ ਬਹੁਤ ਵਧੀਆ ਸੁਣਾਏ ਜਾਂਦੇ ਹਨ? ਕੀ ਇਹ ਸੰਗੀਤ ਕਰਕੇ ਚੱਲ ਰਹੇ ਹਨ ਜਾਂ ਗਲਬਾਤ ਕਰਨ ਵਾਲੇ ਕਰਕੇ? ਦਰਅਸਲ ਅਸੀਂ ਆਪਣੇ ਅੰਦਰੋਂ ਇਹ ਸਮਝਦੇ ਹਾਂ ਕਿ ਸਾਨੂੰ ਕਿਹੜੀ ਆਵਾਜ਼ ਚੰਗੀ ਲੱਗਦੀ ਹੈ।
“ਅਸੀਂ ਇਹ ਜਾਣਦੇ ਹਾਂ ਕਿ ਸਾਨੂੰ ਕਿਹੜੀ ਆਵਾਜ਼ ਪਸੰਦ ਹੈ ”
ਸਿਆਣੀ ਗੱਲ
ਜੇ ਸਾਨੂੰ ਸੁਨੇਹਾ ਦੇਣ ਵਾਲਾ ਹੀ ਪਸੰਦ ਨਾ ਹੋਵੇ, ਤਾਂ ਅਸੀਂ ਸੁਨੇਹਾ ਵੀ ਪਸੰਦ ਨਹੀਂ ਕਰਾਂਗੇ।