Back ArrowLogo
Info
Profile

ਇਨ੍ਹਾਂ ਮੁਦਰਾਵਾਂ ਬਾਰੇ ਦਿਲਚਸਪ ਗੱਲ ਇਹ ਹੈ ਕਿ ਖੋਜਾਂ ਦਸਦੀਆਂ ਹਨ ਕਿ ਫਸੇ ਹੋਏ ਹੱਥ ਜਿੰਨੇ ਉਚਾਈ ਤੇ ਹੋਣਗੇ ਉਤਨਾ ਹੀ ਰਵੱਈਆ ਵੱਧ ਨਕਾਰਾਤਮਕ ਹੁੰਦਾ ਹੈ ਐਸਾ ਵਿਅਕਤੀ ਤੁਹਾਡੇ ਵਿਚਾਰਾਂ ਲਈ ਨਕਾਰਾਤਮਕ ਸੋਚ ਦਾ ਮਾਲਕ ਹੁੰਦਾ ਹੈ। ਜੇ ਹੱਥ ਇੱਕ ਦੂਜੇ ਵਿਚ ਫਸਾ ਕੇ ਮੂੰਹ ਦੇ ਸਾਹਮਣੇ ਹੋਣ ਤਾਂ ਬੱਸ ਇਹੀ ਸਮਝੋ ਕਿ ਉਸਨੇ ਤੁਹਾਡੇ ਵਿਰੋਧ ਵਿਚ ਨਿਕਲਣ ਵਾਲੇ ਸ਼ਬਦਾਂ ਦੇ ਤੂਫਾਨ ਨੂੰ ਕਿਸੇ ਤਰ੍ਹਾਂ ਰੋਕਿਆ ਹੀ ਹੋਇਆ ਹੈ। ਪਰ ਜੇ ਹੱਥ ਥੋੜ੍ਹੇ ਘੱਟ ਉਚਾਈ ਤੇ ਹਨ ਤਾਂ ਵੀ ਰਵੱਈਆ ਨਕਾਰਾਤਮਕ ਹੀ ਹੈ ਪਰ ਥੋੜ੍ਹੀ ਘੱਟ ਉਤੇਜਨਾ ਹੈ। ਉਹ ਕਿਸੇ ਗੱਲ ਤੇ ਖਿੱਝਿਆ ਤਾਂ ਜ਼ਰੂਰ ਹੈ ਪਰ ਹਾਲੇ ਧਮਾਕਾ ਹੋਣ ਵਾਲੀ ਸਥਿਤੀ ਨਹੀਂ ਹੈ।

“ ਐਸਾ ਵਿਅਕਤੀ ਤੁਹਾਡੇ ਲਈ ਵਿਰੋਧੀ ਰਵੱਈਆ ਰੱਖੇਗਾ।”

ਕਈ ਵਾਰੀ ਤੁਸੀਂ ਕਿਸੇ ਖੜ੍ਹੇ ਹੋਏ ਵਿਅਕਤੀ ਨੂੰ ਵੀ ਹੱਥਾਂ ਨੂੰ ਇਕ ਦੂਜੇ ਵਿਚ ਫਸਾਈ ਦੇਖੋਗੇ। ਇਹ ਹੱਥ ਪੱਟਾਂ ਜਾਂ ਆਸਣ ਦੇ ਸਾਹਮਣੇ ਪਾਸੇ ਹੁੰਦੇ ਹਨ। ਪਰ ਇਹ ਹਾਲਤ ਉਨ੍ਹਾਂ ਤੋਂ ਬਿਲਕੁਲ ਫਰਕ ਹੈ ਜਿਨ੍ਹਾਂ ਦੀ ਅਸੀਂ ਹੁਣੇ ਗੱਲ ਕੀਤੀ ਹੈ। ਇਸ ਦਾ ਨਕਾਰਾਤਮਕ ਰਵੱਈਏ ਅਤੇ ਸਵੈ-ਭਰੋਸੇ ਨਾਲ ਕੋਈ ਸਬੰਧ ਨਹੀਂ। ਇਹ ਆਮ ਤੌਰ ਤੇ ਘਬਰਾਹਟ ਦਾ ਹੀ ਚਿੰਨ੍ਹ ਹੁੰਦਾ ਹੈ। ਬਹੁਤੇ ਲੋਕ ਇਹ 'ਆਸਣ ਢੱਕਣ' ਵਾਲੀ ਮੁਦਰਾ ਉਦੋਂ ਬਣਾਉਂਦੇ ਹਨ ਜਦੋਂ ਉਨ੍ਹਾਂ ਨੂੰ ਇਹ ਸਮਝ ਨਾ ਲੱਗ ਰਹੀ ਹੋਵੇ ਕਿ ਉਹ ਆਪਣੇ ਹੱਥਾਂ ਦਾ ਕੀ ਕਰਨ? ਜਦੋਂ ਤੁਸੀਂ ਕਿਸੇ ਦੇ ਸਾਹਮਣੇ ਖੜ੍ਹੇ ਹੋਵੇ ਅਤੇ ਤੁਸੀਂ ਅਗਲੇ ਪਾਸਿਉਂ ਅਸੁਰੱਖਿਅਤ ਮਹਿਸੂਸ ਕਰੋ ਤਾਂ ਇਹ ਮੁਦਰਾ ਕੁਝ ਸੁਰੱਖਿਆ ਪ੍ਰਦਾਨ ਕਰਦੀ ਹੈ।

ਹੱਥਾਂ ਦਾ 'ਮੀਨਾਰ' (Steeple)

ਇਕ ਐਸੀ ਹਰਕਤ ਵੀ ਹੈ ਜਿਹੜੀ ਸਰੀਰ ਦੀ ਭਾਸ਼ਾ ਨੂੰ ਜਾਣਨ ਵਾਲਿਆਂ ਨੂੰ ਹਮੇਸ਼ਾ ਖਿੱਚ ਪਾਉਂਦੀ ਹੈ। ਮਾਨਵ-ਵਿਗਿਆਨੀ ਰੇ ਬਰਡਵਿਲ ਨੇ ਸਭ ਤੋਂ ਪਹਿਲਾਂ ਸਾਡਾ ਧਿਆਨ ਇੱਧਰ ਦਿਵਾਇਆ ਸੀ। ਉਸਨੇ ਇਹ ਦੇਖਿਆ ਕਿ ਕੁਝ ਲੋਕ ਐਸੇ ਵੀ ਹਨ ਜਿਹੜੇ ਚਿਹਰੇ ਤੋਂ ਇਲਾਵਾ ਹੋਰ ਕਿਸੇ ਵੀ ਅੰਗ ਨਾਲ ਆਪਣੀ ਸਰੀਰਕ ਭਾਸ਼ਾ ਜ਼ਾਹਰ ਨਹੀਂ ਕਰਦੇ ਅਤੇ ਐਸੀ ਗਲਬਾਤ ਨਹੀਂ ਕਰਦੇ ਜਿਸ ਵਿਚ ਸਰੀਰਕ ਭਾਸ਼ਾ ਮੁਖ ਭੂਮਿਕਾ ਅਦਾ ਕਰ ਰਹੀ ਹੋਵੇ, ਉਹ ਲੋਕ ਇਸ ਹਰਕਤ ਜਾਂ ਮੁਦਰਾ ਨੂੰ ਵਰਤਦੇ ਹਨ। ਇਹ ਇਕ ਐਸੀ ਹਰਕਤ ਹੈ ਜੋ ਇਕੱਲਿਆਂ ਹੀ ਵਾਪਰਦੀ ਹੈ ਅਤੇ ਇਸ ਦੇ ਨਾਲ ਵਾਪਰਨ ਵਾਲਾ ਹੋਰ ਕੋਈ ਹਰਕਤਾਂ ਦਾ 'ਸਮੂਹ' ਨਹੀਂ ਹੈ। ਇਹ ਹਰਕਤ ਸਵੈ ਭਰੋਸੇ ਦਾ ਚਿੰਨ੍ਹ ਹੈ।

ਦੇਖਣ ਵਿਚ ਇਹ ਹਰਕਤ ਕਿਸੇ ਗਿਰਜੇ ਦੇ ਉਪਰ ਲੱਗੇ ਮੀਨਾਰ ਵਰਗੀ ਹੁੰਦੀ ਹੈ। ਜਦੋਂ ਕੋਈ ਉੱਚੇ ਅਹੁਦੇ ਵਾਲੇ ਜਾਂ ‘ਤਾਕਤਵਰ' ਸਿਆਸਤਦਾਨ, ਪਤਰਕਾਰਾਂ, ਟੈਲੀਵੀਜ਼ਨ ਵਾਲਿਆਂ ਨਾਲ ਗੱਲ ਕਰਦੇ ਹਨ ਜਾਂ ਹੋਰ ਆਮ ਲੋਕਾਂ (ਜਿਨ੍ਹਾਂ ਨੂੰ ਆਪਣੇ ਅਧੀਨ ਜਾਂ ‘ਘੱਟ ਤਾਕਤਵਰ' ਸਮਝਦੇ ਹਨ) ਨਾਲ ਗੱਲਬਾਤ ਵਿਚ ਇਸ ਮੁਦਰਾ ਦੀ ਵਰਤੋਂ ਕਰਦੇ ਹਨ। ਸਿਆਸਤਦਾਨਾਂ ਤੋਂ ਇਲਾਵਾ ਤੁਸੀਂ ਡਾਕਟਰਾਂ, ਵਕੀਲਾਂ ਅਤੇ ਹੋਰ ਇਸ ਕਿਸਮ ਦੇ ਲੋਕਾਂ ਨੂੰ ਵੀ ਇਸ ਹਰਕਤ ਦੀ ਵਰਤੋਂ ਕਰਦਿਆਂ ਦੇਖੋਗੇ।

214 / 244
Previous
Next