

ਪਿੱਠ ਪਿੱਛੇ ਹੱਥ
ਤੁਸੀਂ ਜ਼ਰੂਰ ਕਿਸੇ ਨਾ ਕਿਸੇ ਨੂੰ ਯਾਦ ਕਰੋਗੇ ਜਿਹੜਾ ਆਪਣੇ ਹੱਥ ਪਿੱਠ ਪਿੱਛੇ ਰੱਖਦਾ ਹੈ ਅਤੇ ਇਕ ਹੱਥ ਦੂਜੇ ਨੂੰ ਪਕੜ ਕੇ ਰੱਖਦਾ ਹੈ, ਇਹ ਹੱਥਾਂ ਨੂੰ ਲੁਕਾਉਣ ਦੀ ਮੁਦਰਾ ਨਹੀਂ ਸਗੋਂ ਇਹ ਸਵੈ-ਭਰੋਸੇ ਦਾ ਚਿੰਨ੍ਹ ਹੈ। ਐਸਾ ਕਰਨ ਵਾਲਾ ਆਪਣੇ ਸਰੀਰ ਦਾ ਸਾਹਮਣੇ ਵਾਲਾ ਨਾਜ਼ੁਕ ਹਿੱਸਾ ਲੋਕਾਂ ਸਾਹਮਣੇ ਬਿਨਾ ਕਿਸੇ ਰੁਕਾਵਟ ਦੇ ਪੇਸ਼ ਕਰਨ ਵਿਚ ਕੋਈ ਹਿਚਕਿਚਾਹਟ ਨਹੀਂ ਮਹਿਸੂਸ ਕਰਦਾ। ਅਸੀਂ ਫੌਜੀਆਂ, ਪੁਲਿਸਮੈਨਾਂ, ਸਰਜਨਾਂ ਤੇ ਅਧਿਆਪਕਾਂ ਨੂੰ ਇਸ ਮੁਦਰਾਂ ਵਿਚ ਅਕਸਰ ਦੇਖਦੇ ਹਾਂ।
ਜੇ ਤੁਸੀਂ ਵੀ ਇਸ ਮੁਦਰਾ ਨੂੰ ਅਪਣਾਉਗੇ ਤਾਂ ਤੁਸੀਂ ਵੱਧ ਸ੍ਵੈਵਿਸ਼ਵਾਸ ਮਹਿਸੂਸ ਕਰੋਗੇ। ਇਸ ਨਾਲ ਤੁਹਾਡੀਆਂ ਭਾਵਨਾਵਾਂ ਅਤੇ ਲੋਕਾਂ ਉੱਤੇ ਤੁਹਾਡਾ ਪ੍ਰਭਾਵ ਇਕ ਦਮ ਬਦਲ ਜਾਵੇਗਾ। ਮੈਨੂੰ ਯਾਦ ਹੈ ਕਿ ਬਹੁਤ ਸਾਲ ਪਹਿਲਾਂ ਮੈਂ ਇਕ ਦਫਤਰ ਵਿਚ ਆਏ ਤਿੰਨ ਮਹਿਮਾਨਾਂ ਨੂੰ ਸਾਰੇ ਪਾਸੇ ਘੁਮਾ ਕੇ ਦਫਤਰ ਦਿਖਾ ਰਿਹਾ ਸਾਂ। ਆਖੀਰ ਤੇ ਮੈਂ ਉਨ੍ਹਾਂ ਤਿੰਨਾਂ ਨੂੰ ਕੰਪਨੀ ਦੀ ਸਾਲਾਨਾ ਰਿਪੋਰਟ ਦਿੱਤੀ। ਇਨ੍ਹਾਂ ਵਿਚੋਂ ਇੱਕ ਇਸ ਦੌਰਾਨ ਮੇਰੇ ਨਾਲ ਨਾਲ ਚਲ ਰਿਹਾ ਸੀ ਅਤੇ ਉਸਦੇ ਹੱਥ ਪਿੱਠ ਪਿੱਛੇ ਸਨ। ਮੈਨੂੰ ਹੈਰਾਨੀ ਹੋਈ ਜਦੋਂ ਇਹ ਪਤਾ ਲਗਾ ਕਿ ਉਹ ਹਾਲੇ ਛੇ ਹਫਤੇ ਪਹਿਲਾਂ ਆਇਆ ਇਕ 'ਟਰੇਨੀ' (ਹਾਲੇ ਸਿੱਖਿਆ ਲੈ ਰਿਹਾ ਮੁਲਾਜ਼ਮ) ਹੀ ਸੀ ਤੇ ਦੂਜੇ ਦੋ ਮੈਨੇਜਿੰਗ ਡਾਇਰੈਕਟਰ ਅਤੇ ਫਾਈਨੈਂਸ਼ਲ ਡਾਇਰੈਕਟਰ ਸਨ।
ਬਾਹਵਾਂ
ਮਨੋ ਸਥਿਤੀ ਨੂੰ ਪ੍ਰਗਟ ਕਰਨ ਵਿਚ ਕੁਝ ਕੁ ਇੰਚ ਵੀ ਮਹੱਤਵਪੂਰਨ ਹੋ ਸਕਦੇ ਹਨ। ਜੇਕਰ ਪਿੱਠ ਪਿਛੇ ਹੱਥ ਨੇ ਹੱਥ ਨੂੰ ਨਾ ਪਕੜਿਆ ਹੋਵੇ ਸਗੋਂ ਕਲਾਈ ਨੂੰ ਪਕੜਿਆ ਹੋਵੇ, ਤਾਂ ਇਹ ਇਕ ਐਸੀ ਮਨੋਸਥਿਤੀ ਹੁੰਦੀ ਹੈ ਜਦੋਂ ਉਹ ਵਿਅਕਤੀ ਖਿਝਿਆ ਹੁੰਦਾ ਹੈ, (ਜਾਂ ਘਬਰਾਇਆ ਹੁੰਦਾ ਹੈ)। ਇਹ ਸਮਝੋ ਕਿ ਹੱਥ ਨੇ ਦੂਜੇ ਹੱਥ ਦੀ ਕਲਾਈ ਫੜ ਕੇ ਕਿਸੇ ਉੱਤੇ ਵਾਰ ਕਰਨ ਤੋਂ ਰੋਕਿਆ ਹੋਵੇ। ਜਿੰਨਾ ਗੁੱਸਾ ਜਾਂ ਖਿੱਝ ਜ਼ਿਆਦਾ ਹੋਵੇ ਇਹ ਪਕੜ ਹੋਰ ਉਪਰ ਹੋਈ ਜਾਂਦੀ ਹੈ।
ਸਿਰ ਜਾਂ ਚਿਹਰੇ ਤੇ ਹੱਥ ਰੱਖਣਾ
ਜਦੋਂ ਅਸੀਂ ਕਿਸੇ ਦਬਾਅ ਜਾਂ ਬੇਆਰਾਮੀ ਵਿਚ ਹੁੰਦੇ ਹਾਂ ਤਾਂ ਅਸੀਂ ਅਕਸਰ ਆਪਣੇ ਆਪ ਨੂੰ ਤਸੱਲੀ ਦੇਣ ਵਾਲੀਆਂ ਹਰਕਤਾਂ ਕਰਦੇ ਹਾਂ। ਇਨ੍ਹਾਂ ਵਿਚ ਅਸੀਂ ਆਪਣਾ ਹੱਥ ਚਿਹਰੇ ਤੇ, ਸਿਰ ਉਤੇ ਜਾਂ ਵਾਲਾਂ ਨੂੰ ਛੋਹਣ ਲਈ ਉਪਰ ਵੱਲ ਲਿਜਾਂਦੇ ਹਾਂ। ਇਨ੍ਹਾਂ ਹਰਕਤਾਂ ਬਾਰੇ ਇਕ ਦਿਲਚਸਪ ਗੱਲ ਇਹ ਹੈ ਕਿ ਅਸੀਂ ਅਕਸਰ ਆਪਣੇ ਸਰੀਰ ਦੇ ਉਨ੍ਹਾਂ ਹਿੱਸਿਆਂ ਨੂੰ ਹੀ ਛੋਂਹਦੇ ਹਾਂ ਜਿਨ੍ਹਾਂ ਨੂੰ ਹੱਥ ਲਗਾ ਕੇ ਸਾਨੂੰ ਬਚਪਨ ਵਿਚ ਤਸੱਲੀ ਦਿੱਤੀ ਜਾਂਦੀ ਸੀ। ਆਮ ਵਿਚਾਰ ਇਹੀ ਹੈ ਕਿ ਅਸੀਂ ਉਸੇ ਢੰਗ ਨਾਲ ਹੀ ਆਪਣੇ ਆਪ ਨੂੰ ਤਸੱਲੀ ਦਿੰਦੇ ਹਾਂ ਜਿਵੇਂ ਸਾਨੂੰ ਬਚਪਨ ਵਿਚ ਤਸੱਲੀ ਦਿੱਤੀ ਜਾਂਦੀ ਸੀ।