ਮਕਸਦ
ਇਸ ਸਵੈ-ਜੀਵਨੀ ਦਾ ਮੰਤਵ ਨਾ ਕਮਾਈ ਕਰਨਾ ਹੈ ਨਾ ਮਸ਼ਹੂਰ ਹੋਣਾ ਹੈ ਕਿਉਂਕਿ ਬਦਨਾਮ ਨੂੰ ਮਸ਼ਹੂਰੀ ਦੀ ਅਤੇ ਸਿਦਕ ਨੂੰ ਬਹੁਤੇ ਦੀ ਲੋਚਾ ਨਹੀਂ ਹੁੰਦੀ। ਮੈਨੂੰ ਆਪਣੀ ਜ਼ਿੰਦਗੀ ਨੂੰ ਕਾਗਜ਼ ਦੀ ਹਿੱਕ 'ਤੇ ਝਰੀਟਣ ਦੀ ਲੋੜ ਇਸ ਲਈ ਪਈ ਤਾਂ ਜੋ ਇਸ ਜੀਵਨੀ ਨੂੰ ਚੱਪੂ ਬਣਾ ਕੇ ਨਸ਼ੇ-ਗੁਨਾਹ ਦੇ ਭੰਵਰ 'ਚ ਫਸੇ ਲੋਕ ਬਾਹਰ ਆਉਣ ਦੀ ਕੋਸ਼ਿਸ਼ ਕਰ ਸਕਣ। ਜੇ ਕੋਈ ਇੱਕ ਵੀ ਇਸ ਸੰਤਾਪੀ- ਜੀਵਨੀ ਨੂੰ ਪੜ੍ਹ ਕੇ ਨਸ਼ੇ ਜਾਂ ਜ਼ੁਰਮ ਦੀ ਦੁਨੀਆਂ 'ਚੋਂ ਬਾਹਰ ਆ ਗਿਆ ਤਾਂ ਨਾ ਸਿਰਫ਼ ਕਿਤਾਬ ਦਾ ਮੰਤਵ ਪੂਰਾ ਹੋ ਜਾਏਗਾ ਬਲਕਿ ਮੇਰੇ ਵੱਲੋਂ ਜਾਣੇ-ਅਨਜਾਣੇ 'ਚ ਕੀਤੇ ਹਜ਼ਾਰਾਂ ਗੁਨਾਹਾਂ ਦੇ ਦਾਗ ਧੋਤੇ ਜਾਣਗੇ।
ਮੇਰੀਆਂ ਸੈਂਕੜੇ ਸਾਹਿਤਕ ਰਚਨਾਵਾਂ ਦੇਸ਼-ਵਿਦੇਸ਼ ਦੇ ਵੱਖ-ਵੱਖ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਕਵਿਤਾਵਾਂ, ਕਹਾਣੀਆਂ ਅਤੇ ਗੀਤ ਅਣ-ਛਪੇ ਪਏ ਹਨ। ਜੇ ਮੈਂ ਚਾਹੁੰਦਾ ਤਾਂ ਇਨ੍ਹਾਂ ਨੂੰ ਕਿਤਾਬ ਦਾ ਰੂਪ ਦੇ ਕੇ ਲੇਖਕਾਂ ਦੀ ਕਤਾਰ ਦੀ ਪੂਛ ਆ ਫੜ੍ਹਦਾ ਪਰ ਇੰਝ ਕਰਨਾ ਮੇਰੇ ਲਈ ਹਰਾਮ ਦੇ ਤੁਲ ਸੀ ਕਿਉਂਕਿ ਮੇਰੀਆਂ ਸਾਹਿਤਕ ਰਚਨਾਵਾਂ ਤੇ ਕਾਲਮਾਂ ਨਾਲੋਂ ਪਹਿਲਾਂ ਮੇਰੀ ਜੀਵਨੀ ਉਨ੍ਹਾਂ ਲੋਕਾਂ ਤੱਕ ਅੱਪੜਨੀ ਜ਼ਰੂਰੀ ਸੀ ਜਿੰਨ੍ਹਾਂ ਦੇ ਮਾਪਿਆਂ ਨੇ ਜਿਊਂਦੇ ਪੁੱਤਾਂ ਤੋਂ ਇਹ ਆਸ ਲਾਹ ਲਈ ਹੈ ਕਿ ਉਹ ਉਨ੍ਹਾਂ ਦੀ ਅਰਥੀ ਨੂੰ ਮੋਢਾ ਵੀ ਦੇ ਸਕਣਗੇ। ਇਹ ਜੀਵਨੀ ਉਨ੍ਹਾਂ ਤੱਕ ਜਾਣੀ ਜ਼ਿਆਦਾ ਲਾਜ਼ਮੀ ਹੈ ਜੋ ਨਸ਼ੇ ਅਤੇ ਗੁਨਾਹ ਦੀਆਂ ਕਾਲੀਆਂ ਗਲੀਆਂ 'ਚ ਬਹੁਤ ਅੱਗੇ ਨਿਕਲ ਕੇ ਪਿੱਛੇ ਪਰਤਣ ਦੀ ਗੁੰਜਾਇਸ਼ ਖ਼ਤਮ ਕਰ ਆਏ ਹਨ। ਅਜਿਹੇ ਰਾਹਾਂ ਦੇ ਪਾਂਧੀਆਂ ਲਈ ਇਹ ਜੀਵਨੀ ਹੋਕਾ ਹੈ ਕਿ ਇਨਸਾਨ ਅੰਦਰ ਬਦਲਣ ਦੀ ਸੰਭਾਵਨਾ ਉਸ ਦੇ ਅੰਤਲੇ ਸਾਹ ਤੱਕ ਚੱਲਦੀ ਰਹਿੰਦੀ ਹੈ। ਲੋੜ ਹੈ ਉਸ ਸੰਭਾਵਨਾ ਨੂੰ ਜਾਗ ਲਾ ਕੇ ਖੁਦ ਨੂੰ ਪਹਿਚਾਨਣ ਦੀ। ਜਾਗਣ ਦਾ ਅਰਥ ਸਿਰਫ਼ ਅੱਖਾਂ ਖੋਲ੍ਹਣਾ ਨਹੀਂ ਹੁੰਦਾ ਅਸਲ ਜਾਗਣਾ ਜ਼ਮੀਰ ਦਾ ਜਾਗਣਾ ਹੈ ਪਰ ਅਫ਼ਸੋਸ ਅੱਜ ਬਹੁਤੀ ਪੰਜਾਬੀ ਪੀੜੀ ਸੁੱਤੀ ਹੀ ਜੀਅ ਰਹੀ ਹੈ। ਨਸ਼ੀਲੇ ਪਲੰਘ 'ਤੇ ਸੁੱਤੀ ਇਸ ਫੌਜ਼ ਨੂੰ ਜਗਾਉਂਣਾ ਤੇ ਜਗਾ ਕੇ ਜ਼ਿੰਦਗੀ ਦੇ ਰਣ ਦੇ ਲੜਾਕੇ ਬਨਾਉਣਾ ਇਸ ਜੀਵਨੀ ਦਾ ਮਕਸਦ ਹੈ। ਜੇ ਇਸ ਵਿੱਚ ਮੈਂ ਸਫ਼ਲ ਰਿਹਾ ਤਾਂ ਮੇਰਾ ਜੀਵਨ ਸਫਲ। ਜੇ ਨਾ ਵੀ ਹੋਇਆ ਤਾਂ ਮੈਂ ਹਾਰਾਂਗਾ ਨਹੀਂ ਕਿਉਂਕਿ ਹਾਰਨਾ ਤਾਂ ਮੈਂ ਸਿੱਖਿਆ ਹੀ ਨਹੀਂ। ਮੈਂ ਆਖ਼ਰੀ ਸਾਹ ਤੱਕ ਪੰਜਾਬ 'ਚ ਲੱਗੀ ਅੱਗ 'ਤੇ ਚੁੰਝਾਂ ਭਰ ਕੇ ਪਾਣੀ ਪਾਉਂਦਾ ਰਹਾਂਗਾ ਤਾਂ ਕਿ ਮੇਰਾ ਨਾਂ ਲਾਉਂਣ ਵਾਲਿਆਂ 'ਚੋਂ ਕੱਟ ਕੇ ਬੁਝਾਉਂਣ ਵਾਲਿਆਂ 'ਚ ਲਿਖਿਆ ਜਾ ਸਕੇ। ਇਹ ਜੀਵਨੀ ਉਨ੍ਹਾਂ ਦੀ ਸੋਚ ਨੂੰ ਵੀ ਚੋਟ ਕਰੇਗੀ ਜੋ ਇਹ ਆਖ ਕੇ ਪੈੱਗ ਲਾ ਲੈਂਦੇ ਹਨ ਕਿ ਪੰਜਾਬ ਦਾ ਕੁਝ ਨਹੀਂ ਹੋ ਸਕਦਾ। ਨਤੀਜੇ ਦੀ ਆਸ ਰੱਖ ਕੇ ਨਹੀਂ ਮੈਂ ਫਰਜ਼ਾਂ ਦੀ ਤੱਕ, ਤੱਕ ਕੇ ਇਹ ਜੀਵਨੀ ਲਿਖਣ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਇਸ ਛੋਟੇ ਜਿਹੇ ਇਨਸਾਨ ਦੀ ਛੋਟੀ ਜਿਹੀ ਕਹਾਣੀ ਖੁਦ ਜਾਣ ਕੇ ਕਿਸੇ ਹੋਰ ਨੂੰ ਵੀ ਦੱਸੋਗੇ ਤਾਂ ਜੋ ਉਹ ਕਿਸੇ ਹੋਰ ਨੂੰ ਵੀ ਦੱਸੇ ਤੇ ਅੰਤ ਵਿੱਚ ਇਹ ਕਹਾਣੀ ਕਿਸੇ ਹੋਰ ਦੀ ਵਿਗੜੀ ਕਹਾਣੀ ਸੰਵਾਰ ਦੇਵੇ।