Back ArrowLogo
Info
Profile

ਭਾਰਤ ਵਿੱਚ ਇਨਕਲਾਬੀ ਦਹਿਸ਼ਤਗਰਦੀ ਦੀ ਧਾਰਾ 20ਵੀਂ ਸਦੀ ਦੇ ਸ਼ੁਰੂ ਤੋਂ ਹੀ ਯੁਗਾਂਤਰ-ਅਨੁਸ਼ੀਲਨ ਆਦਿ ਗੁਪਤ ਇਨਕਲਾਬੀ ਜਥੇਬੰਦੀਆਂ ਦੇ ਰੂਪ ਵਿੱਚ ਮੌਜੂਦ ਸੀ। ਕਿਉਂਕਿ ਭਾਰਤੀ ਮੱਧਵਰਗ ਇੱਕ ਬਸਤੀਵਾਦੀ ਸਮਾਜਿਕ ਵਿਵਸਥਾ ਦੇ ਗਰਭ 'ਚੋਂ ਪੈਦਾ ਹੋਇਆ ਸੀ ਅਤੇ ਯੂਰਪ ਦੀ ਤਰਾਂ ਪੁਨਰਜਾਗਰਣ-ਪ੍ਰਬੋਧਨ ਤੋਂ ਪੈਦਾ ਹੋਏ ਮਾਨਵਵਾਦ, ਜਮਹੂਰੀਅਤ ਅਤੇ ਭੌਤਿਕਵਾਦੀ ਤਰਕਸ਼ੀਲਤਾ ਦੀ ਵਿਚਾਰਕ ਵਿਰਾਸਤ ਇਸਨੂੰ ਗੁੜ੍ਹਤੀ ਵਿੱਚ ਨਹੀਂ ਮਿਲੀ ਸੀ, ਇਸੇ ਲਈ ਭਾਰਤ ਦੇ ਦਹਿਸ਼ਤਗਰਦ ਇਨਕਲਾਬੀਆਂ ਦੀ ਪਹਿਲੀ ਪੀੜ੍ਹੀ ਕੋਲ ਇੱਕ ਜਮਹੂਰੀ ਗਣਰਾਜ ਸਥਾਪਿਤ ਕਰਨ ਦਾ ਸਪਸ਼ਟ ਟੀਚਾ ਵੀ ਨਹੀਂ ਸੀ। ਉਨ੍ਹਾਂ ਦੀ ਨਜ਼ਰ ਅਤੀਤ-ਮੁਖੀ ਅਤੇ ਮੁੜ-ਸੁਰਜੀਤੀਵਾਦੀ ਸੀ ਅਤੇ ਧਰਮ ਨਿਰਪੱਖ ਹੋਣ ਦੀ ਬਜਾਏ ਉਹ ਧਾਰਮਿਕ ਤੁਅੱਸਬ ਨਾਲ ਗ੍ਰਸਤ ਸਨ। ਇਨ੍ਹਾਂ ਪਿਛਾਖੜੀ ਵਿਚਾਰਾਂ ਦੇ ਬਾਵਜੂਦ, ਬਸਤੀਵਾਦੀ ਗੁਲਾਮੀ ਦਾ ਵਿਰੋਧ ਕਰਨ ਅਤੇ ਆਪਣੀਆਂ ਕਾਰਵਾਈਆਂ ਨਾਲ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਕਾਰਨ, ਆਪਣੇ ਸਮੇਂ ਵਿੱਚ ਉਨ੍ਹਾਂ ਦੀ ਭੂਮਿਕਾ ਇਤਿਹਾਸਕ ਰੂਪ ਤੋਂ ਅਗਾਂਹਵਧੂ ਸੀ। ਫਿਰ ਹੌਲੀ-ਹੌਲੀ ਭਾਰਤ ਦੀ ਇਨਕਲਾਬੀ ਲਹਿਰ ਵਿੱਚ ਇਨਕਲਾਬੀ ਜਮਹੂਰੀ ਵਿਚਾਰਾਂ ਦਾ ਪ੍ਰਵੇਸ਼ ਹੋਇਆ। ਗਦਰ ਪਾਰਟੀ ਅਤੇ ਹਿੰਦੁਸਤਾਨ ਰਿਪਬਲਿਕਨ ਆਰਮੀ ਦੇ ਇਨਕਲਾਬੀਆਂ ਨੇ ਅਮਰੀਕੀ ਤੇ ਫਰਾਂਸੀਸੀ ਬੁਰਜੂਆ ਜਮਹੂਰੀ ਇਨਕਲਾਬਾਂ ਦੇ ਆਦਰਸ਼ਾਂ ਤੋਂ ਖਾਸ ਪ੍ਰੇਰਨਾ ਲਈ ਅਤੇ 1917 ਦੇ ਰੂਸੀ ਸਮਾਜਵਾਦੀ ਇਨਕਲਾਬ ਤੋਂ ਬਾਅਦ ਸਮਾਜਵਾਦੀ ਵਿਚਾਰਾਂ ਦਾ ਵੀ ਉਨ੍ਹਾਂ 'ਤੇ ਪ੍ਰਭਾਵ ਪਿਆ। ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸਿਏਸ਼ਨ (ਐਚ. ਐਸ. ਆਰ. ਏ.) ਦਾ ਦੌਰ ਇੱਕ ਮਹੱਤਵਪੂਰਨ ਸੰਕਰਮਣ ਦਾ ਦੌਰ ਸੀ। ਐਚ. ਐਸ. ਆਰ. ਏ. ਦੇ ਨੌਜਵਾਨ ਇਨਕਲਾਬੀਆਂ ਨੇ ਭਗਤ ਸਿੰਘ ਦੀ ਅਗਵਾਈ ਵਿੱਚ, ਨਾ ਸਿਰਫ ਕੌਮੀ-ਮੁਕਤੀ ਦੇ ਨਾਲ ਹੀ ਸਮਾਜਵਾਦ ਨੂੰ ਆਪਣਾ ਆਖ਼ਰੀ ਟੀਚਾ ਐਲਾਨਿਆ, ਸਗੋਂ ਦਹਿਸ਼ਤਗਰਦ ਹਥਿਆਰਬੰਦ ਕਾਰਵਾਈਆਂ ਦਾ ਰਾਹ ਛੱਡ ਕੇ ਵਿਆਪਕ ਕਿਸਾਨ-ਮਜ਼ਦੂਰ ਲੋਕਾਈ ਨੂੰ ਜਥੇਬੰਦ ਕਰਨ ਦੀ ਜਨਤਕ ਲੀਹ ਦੀ ਸੋਚ ਦੀ ਦਿਸ਼ਾ ਵਿੱਚ ਵੀ ਉਹ ਅੱਗੇ ਵਧੇ। ਪਰ ਆਜ਼ਾਦ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਭਗਵਤੀਚਰਨ ਵੋਹਰਾ, ਯਤੀਂਦਰਨਾਥ ਦਾਸ ਆਦਿ ਮੋਢੀ ਕਾਮਰੇਡਾਂ ਦੀ ਸ਼ਹਾਦਤ ਅਤੇ ਹੋਰ ਬਹੁਤਿਆਂ ਦੀ ਗ੍ਰਿਫਤਾਰੀ ਦੇ ਬਾਅਦ ਇਹ ਲਹਿਰ ਖਿੰਡ ਗਈ । 1930 ਦੇ ਦਹਾਕੇ ਵਿੱਚ ਐਚ. ਐਸ. ਆਰ. ਏ. ਦੇ ਇਨਕਲਾਬੀਆਂ ਦਾ ਵੱਡਾ ਹਿੱਸਾ ਭਾਰਤ ਦੀ ਕਮਿਊਨਿਸਟ ਲਹਿਰ ਵਿੱਚ ਸ਼ਾਮਲ ਹੋ ਗਿਆ।

ਫਾਂਸੀ ਚੜ੍ਹਨ ਤੋਂ ਪਹਿਲਾਂ, ਜੇਲ੍ਹ ਵਿੱਚ ਡੂੰਘਾ ਅਧਿਐਨ ਕਰਦੇ ਹੋਏ ਭਗਤ ਸਿੰਘ ਇਨਕਲਾਬੀ ਦਹਿਸ਼ਤਗਰਦ ਸੇਧ ਦੀ ਅਸਫਲਤਾ ਨੂੰ ਚੰਗੀ ਤਰਾਂ ਸਮਝ ਚੁੱਕੇ ਸੀ ਅਤੇ ਮਾਰਕਸਵਾਦ ਨੂੰ ਪ੍ਰਵਾਨ ਕਰਕੇ ਇਨਕਲਾਬੀ ਜਨਤਕ ਲੀਹ ਦੇ ਜ਼ੋਰਦਾਰ ਹਾਮੀ ਬਣ ਚੁੱਕੇ ਸਨ। ਜੇਲ੍ਹ ਵਿੱਚ ਲਿਖੇ ਗਏ ਆਪਣੇ ਕਈ ਲੇਖਾਂ ਅਤੇ ਵਿਦਿਆਰਥੀਆਂ- ਨੌਜਵਾਨਾਂ ਦੇ ਨਾਂ ਭੇਜੇ ਗਏ ਸੁਨੇਹਿਆਂ ਵਿੱਚ ਉਨ੍ਹਾਂ ਨੇ ਬਾਰ-ਬਾਰ ਇਹ ਲਿਖਿਆ ਸੀ ਕਿ ਨੌਜਵਾਨ ਇਨਕਲਾਬੀਆਂ ਨੂੰ ਨਵੇਂ ਸਿਰੇ ਤੋਂ ਮਜ਼ਦੂਰ ਇਨਕਲਾਬ ਦੇ ਟੀਚੇ ਨੂੰ ਸਮਰਪਿਤ ਇੱਕ ਹਰਾਵਲ ਇਨਕਲਾਬੀ ਪਾਰਟੀ ਬਣਾਉਣੀ ਹੋਵੇਗੀ ਅਤੇ ਗੁਪਤ ਸਾਜਿਸ਼ਾਂ

10 / 30
Previous
Next