ਇਸ ਚੌਪਈ ਵਿਚ ਬ੍ਰਹਮਾ ਸ਼ਿਵ ਵਿਸ਼ਨੂੰ ਆਦਿਕਾਂ ਨੂੰ ਕਾਲ ਦੇ ਕੀਤੇ ਹੋਏ (ਕ੍ਰਿਤ) ਦੱਸਿਆ ਹੈ ਤੇ ਇਨ੍ਹਾਂ ਦੇ ਕਰਨਹਾਰ ਨੂੰ ਆਪਣਾ ਪੂਜ੍ਯ ਦੱਸਿਆ ਹੈ। ਯਥਾ :-
"ਜਵਨ ਕਾਲ ਸਭ ਲੋਕ ਸਵਾਰਾ॥ ਨਮਸਕਾਰ ਹੈ ਤਾਹਿ ਹਮਾਰਾ॥
ਆਦਿ ਅੰਤਿ ਏਕੈ ਅਵਤਾਰਾ॥ ਸੋਈ ਗੁਰੂ ਸਮਝਿਯਹੁ ਹਮਾਰਾ॥"
ਇਸ ਵਿਚ ਉਸੇ ਸਿਰਜਣਹਾਰ ਕਰਤਾਰ ਨੂੰ ਨਿਰਲੇਪ ਨਿਰੰਕਾਰ ਕਹਿਕੇ ਨਿਰਗੁਣ ਸਰੂਪ ਵਾਲਾ ਦੱਸਦੇ ਹਨ। ਯਥਾ :-
"ਤੁਮ ਸਭ ਹੀ ਤੇ ਰਹਤ ਨਿਰਾਲਮ॥ ਜਾਨਤ ਬੇਦ ਭੇਦ ਅਰ ਆਲਮ।"
ਨਿਰੰਕਾਰ ਨਿਰਬਿਕਾਰ ਨਿਲੰਭ॥ ਆਦਿ ਅਨੀਲ ਅਨਾਦ ਅਸੰਭ॥
ਇਸੇ ‘ਦੁਹੂੰ ਪਾਖ ਕਾ ਆਪਹਿ ਧਨੀ' ਦੇ ਅੱਗੇ ਫੇਰ ਬੀਰ ਰਸੀ ਸਹਾਯਤਾ ਲਈ ਅਰਦਾਸ ਕਰਦੇ ਹਨ :-
––––––––––––––
੧. ਅਸਲ ਵਿਚ ਇਹ ਚਰਿੱਤ੍ਰ ਪ੍ਰਬੋਧ ਚੰਦ੍ਰ ਨਾਟਕ ਵਾਂਙੂ ਹੈ। ਜਿਸਦਾ ਸਾਹਿਤ੍ਯ ਸਾਰਾ ਬੀਰ ਰਸੀ ਹੈ ਤੇ ਅੰਤ੍ਰੀਵ ਭਾਵ ਹੋਰ ਹੈ। ਅਸੁਰ ਦੈਵੀ ਸੰਪਦਾ ਦੇ ਜੁੱਧ ਤੋਂ ਸ਼ੁੱਧ ਬੁੱਧੀ ਦੀ ਉਤਪਤੀ ਤੇ ਉਸ ਦਾ ਬ੍ਰਹਮ ਵਿਦਿਆ ਨੂੰ ਦੇਵੀ ਰੂਪ ਵਿਚ ਆਰਾਧਨ ਤੇ ਹਰ ਸ੍ਵਾਮ ਵਿਚ ਹੋ ਰਹੀ ਮਾਨਸਿਕ ਮੈਲ ਨਾਲ ਜੁੱਧ ਤੇ ਅੰਤ ਰੱਬ ਜੀ ਦੇ ਆਪਣੇ ਬਲ ਨਾਲ ਇਸ ਮਾਇਆ ਦਾ ਅੰਤ ਹੋ ਕੇ ਆਤਮਾ ਅਗਿਆਨ ਪਰ ਜੈ ਤੇ ਪਰਮਾਤਮਾ ਵਿਚ ਸ਼ੁੱਧ ਬੁੱਧੀ ਦੀ ਅਜਾਣੇ ਲਯਤਾ ਆਦਿਕ ਵਿਸ਼ੇ ਦਰਸਾਏ ਸਨ।
੨. ਭਾਈ ਅਵਤਾਰ ਸਿੰਘ ਜੀ ਵਹੀਰੀਏ ਨੇ ਦੇਵੀ ਦੇ ਖਿਆਲ ਨੂੰ, ਉੱਚਾ ਕਰਨ ਦੇ ਜਤਨ ਵਿਚ ਉਸਨੂੰ ਵਾਹਿਗੁਰੂ ਜੀ ਨਾਲ ਇਕ ਰੂਪ ਦਸਦਿਆਂ ਦੇਵੀ ਨੂੰ ਗੁਰੂ ਜੀ ਦਾ ਜੁਧ ਦੇਵਤਾ War God ਕਲਪਿਆ ਹੈ। ਪਰ ਇਸ ਚੌਪਈ ਵਿਚ ਗੁਰੂ ਜੀ ਨੇ ਨਿਰੰਕਾਰ ਨੂੰ ਹੀ ਨਿਰਬਿਕਾਰ, ਨਿਰਲੰਭ, ਆਦਿ, ਅਨੀਲ, ਅਨਾਦ, ਅਸੰਭ, ਬ੍ਰਹਮਾ ਵਿਸ਼ਨੂੰ ਦਾ ਸਿਰਜਣਹਾਰ ਦੱਸਦੇ ਹੋਏ ਆਪਣਾ ਜੁੱਧ ਦੇਵ ਮੰਨਕੇ ਉਸੇ ਅੱਗੇ ਬੀਰ-ਰਸੀ ਅਰਦਾਸ ਕੀਤੀ ਹੈ।