ਚ. ਸਾਰੇ ਗੁਰ ਬਿਲਾਸਾਂ ਵਿਚ ਬਿਨਾਂ ਹਵਨ ਤੋਂ ਹੋਰ ਕੋਈ ਸਾਬਤ ਨਹੀਂ ਕਰਦਾ ਕਿ ਗੁਰੂ ਜੀ ਕਦੇ ਨੈਨਾਂ ਦੇਵੀ ਪਰ ਗਏ ਹੋਣ ਅਰ ਕਿਸੇ ਮੇਲੇ ਮੁਸਾਹਬੇ ਪਰ ਜਾਕੇ ਕੁਛ ਭੇਟਾ ਦਿੱਤੀ ਹੋਵੇ। ਕੇਵਲ ਇਹ ਇਕੋ ਵੇਰ ਦੀ ਗਲ ਦੱਸਦੇ ਹਨ, ਇਸ ਤੋਂ ਭੀ ਸਿੱਧ ਹੁੰਦਾ ਹੈ ਕਿ ਜੇ ਗੁਰੂ ਜੀ ਦੇਵੀ ਦੇ ਸ਼ਰਧਾਲੂ ਹੁੰਦੇ ਤਾਂ ਹਫਤੇ ਵਿਚ ਨਹੀਂ ਤਾਂ ਮਹੀਨੇ ਵਿਚ ਤਾਂ ਜ਼ਰੂਰ ਹੀ ਜਾਕੇ ਦਰਸਨ ਕਰਦੇ।”
(ਦੁਰਗਾ ਪ੍ਰਬੋਧ ਪੰਨਾ ੪੯੦-੯੫)੨
ਛ. ਇਸੀ ਤਰ੍ਹਾਂ ਸਰਦਾਰ ਬਹਾਦਰ ਭਾਈ ਕਾਹਨ ਸਿੰਘ ਨਾਭਾ ਨਿਵਾਸੀ ਜੀ ਨੇ ਦਸਮ ਗ੍ਰੰਥ ਦੀਆਂ ਬਾਣੀਆਂ ਪਰ ਟਿੱਪਣੀਆਂ ਦਿੰਦਿਆਂ ਚੰਗੀ ਵਿੱਦੁਤਾ ਨਾਲ ਦੇਵੀ ਦਾ ਨਾ ਪੂਜੇ ਜਾਣਾ ਸਿੱਧ ਕੀਤਾ ਹੈ ਤੇ ਦੱਸਿਆ ਹੈ ਕਿ ਦੇਵੀ ਦੇ ਪ੍ਰਸੰਗ ਤੇ ਉਸਤੁਤੀ ਸੰਸਕ੍ਰਿਤ ਅਸਲੀ ਗ੍ਰੰਥਾਂ ਦੇ ਭਾਵ ਤਰਜਮੇ ਹਨ, ਜੋ ਬੀਰ ਰਸੀ ਉਮਾਹ ਲਈ ਲਿਖੇ ਗਏ ਕਿੱਸੇ ਕਹਾਣੀਆਂ ਹਨ। ਏਹ ਗੁਰੂ ਜੀ ਨੂੰ ਦੇਵੀ ਪੂਜਕ ਹਰਗਿਜ਼ ਸਿੱਧ ਨਹੀਂ ਕਰਦੇ। ਦੇਖੋ ਗੁਰਮਤ ਸੁਧਾਕਰ ਆਦਿ।
੪. ਸਿਧਾਂਤ।
ਪਿਛਲੇ ਸਾਰੇ ਲੇਖਾਂ ਨੂੰ ਫੇਰ ਥੋੜੇ ਪਦਾਂ ਵਿਚ ਦੁਹਰਾ ਕੇ ਵਿਚਾਰ ਕਰੀਏ ਤਾਂ ਸਮਝ ਵਿਚ ਪੈਂਦਾ ਹੈ ਕਿ 'ਕਾਲੀ' ਅਪਣੇ ਅਰੰਭ ਵਿਚ ਹਿੰਦੂ(= ਆਰਯ) ਦੇਵਤਾ ਨਹੀਂ ਪਰ ਇਥੋਂ ਦੇ ਪਹਿਲੇ ਅਸਲੀ ਕਾਲੇ ਰੰਗ ਵਾਲੇ ਵਾਸੀਆਂ ਦੀ ਪੂਜ੍ਯ ਮੂਰਤੀ ਸੀ, ਜਿਨ੍ਹਾਂ ਨੂੰ ਆਰਯ ਲੋਕ ਯਾ ਪੁਰਾਤਨ ਹਿੰਦੂ ਦਸ੍ਯੂ ਤੇ ਰਾਖਸ਼ ਕਿਹਾ ਕਰਦੇ ਸਨ। ਆਰਯ ਵਡਕਿਆਂ ਵਿੱਚ ਅਪਣੇ ਦੇਵਤਿਆਂ ਦੀਆਂ ਸ਼ਕਤੀਆਂ ਦਾ ਖਿਆਲ ਤੇ ਉਸ ਨੂੰ ਉਨ੍ਹਾਂ ਦੀਆਂ ਇਸਤ੍ਰੀਆਂ ਦੇ ਰੂਪ ਵਿਚ ਵ੍ਯਾਖ੍ਯਾ ਦੇਣੀ ਹਿੰਦੂਆਂ ਦਾ ਮਗਰੋਂ ਦਾ ਖਿਆਲ ਹੈ। ਇਨ੍ਹਾਂ ਵਿਚ
–––––––––––––––––
੧. ਸੋ ਸਾਖੀ ਤੇ ਗੁ: ਪ੍ਰ: ਸੂ: ਵਿਚ ਨੈਣੇ ਗੁੱਜਰ (ਯਾ ਜੱਟ) ਦੇ ਨਾਮ ਤੋਂ ਟਿੱਲੇ ਦਾ ਨਾਮ ਪਿਆ ਸਹੀ ਹੁੰਦਾ ਹੈ ਨਾ ਕਿ ਨੈਣਾਂ ਦੇਵੀ ਤੋਂ। ੨.ਪੈਰਾ ੨੧ (ਪੰਨਾ ੬੭ ਤੋਂ ੭੪ (ਚ) ਤਕ) ਸਾਰਾ 'ਦੁਰਗਾ ਪ੍ਰਬੋਧ' ਵਿਚੋਂ ਲਿਆ ਜਾਪਦਾ ਹੈ।