ਹਾਂ ਤਾਂ ਅਸਲੀ ਪ੍ਰਯੋਜਨ ਦੀ ਕਾਮਯਾਬੀ ਬੀ ਨਜ਼ਰ ਨਹੀਂ ਪੈਂਦੀ, ਕਿਉਂਕਿ ਹਵਨ ਦੀ ਸਮਾਪਤੀ ਵਿਚ ਇਨ੍ਹਾਂ ਲੇਖਕਾਂ ਦੇ ਆਪਣੇ ਲਿਖੇ ਮੂਜਬ ਕਈ ਬਰਸ ਲਗੇ ਤਾਂ ਕੁਝ ਨਾ ਬਣਿਆ, ਫਿਰ ਥਾਂ ਦਾ ਕਸੂਰ ਲੱਭਾ, ਜਦ ਉੱਚੇ ਤੇ ਏਕਾਂਤ ਥਾਂ ਤੇ ਗਏ ਤਾਂ ਕਦੇ ਬ੍ਰਹਮਚਰਯ ਦਾ ਬਹਾਨਾ, ਕਦੇ ਅਹਿੰਸਾ ਦਾ ਬਹਾਨਾ, ਆਖਰ ਪੁੱਤ ਬਲੀ ਦੇਣਾ ਕਹਿਣ ਤੇ ਗੁਰੂ ਜੀ ਨੂੰ ਦਮੋਂ ਕੱਢਣ ਦਾ ਯਤਨ ਕਰਨਾ ਤੇ ਛੇਕੜ ਹੋਤਾ ਜੀ ਦਾ ਬਹਾਨਾ ਬਣਾਕੇ ਟੁਰ ਆਉਣਾ, ਦਲੀਲਾਂ ਹਨ ਇਸ ਰਾਲ ਦੀਆਂ ਕਿ ਦੇਵੀ ਕੋਈ ਨਹੀਂ ਪ੍ਰਗਟੀ। ਨਾ ਸ਼ੇਰ ਤੇ ਚੜ੍ਹਕੇ ਗਣ ਲੈਕੇ ਮੈਦਾਨ ਵਿਚ ਉਤਰੀ ਤੇ ਨਾਂ ਸੁੰਭ ਨਿਸੁੰਭ ਆਦਿਕਾਂ ਵਾਂਗ ਔਰੰਗਜ਼ੇਬ ਤੇ ਉਸਦੇ ਰਾਖ਼ਸ਼ ਦਲ ਨੂੰ ਸੰਘਾਰਿਆ। ਪਿੱਛੋਂ ਬ੍ਰਾਹਮਣਾਂ ਨੇ ਅਪਣੀ ਵਡਿਆਈ ਲਈ ਜਾਂ ਸਮਾਂ ਪਾ ਕੇ ਬਾਜ਼ੇ ਸਿੱਖਾਂ ਦਾ ਇਹ ਵਡਿਆਈ ਲੈਣ ਲਈ ਕਿ ਸਾਡੇ ਗੁਰੂ ਜੀ ਨੇ ਕਲਜੁਗ ਵਿਚ ਦੇਵੀ ਪ੍ਰਗਟਾ ਹੀ ਲਈ ਜੋ ਕਿ ਅਵਤਾਰ ਦਾ ਕੰਮ ਹੈ, ਕਹਿ ਦੇਣਾ ਕਿ ਪ੍ਰਗਟੀ ਸੀ ਕੁਛ ਔਖਾ ਨਹੀਂ। ਵਿਚਾਰ ਜੋਗ ਬਾਤ ਇਹ ਹੈ ਕਿ ਜੋ ਲੜਨਾ ਮਰਨਾ ਸਿੱਖਾਂ ਨੇ ਹੀ ਸੀ ਤੇ ਦੇਵੀ ਨੇ ਨਿਰਾ ਵਰ ਹੀ ਦੇਣਾ ਸੀ, ਜਾਂ ਜੁੱਧ ਵੇਲੇ ਉਤੋਂ ਪ੍ਰਭਾਵ ਮਾਤ੍ਰ ਹੀ ਦੇਣਾ ਸੀ ਤਾਂ ਉਹੋ ਪ੍ਰਭਾਵ ਸਿੱਧਾ ਹੀ ਅਕਾਲ ਪੁਰਖ ਤੋਂ ਲੈਣ ਵਿਚ ਕੀ ਕਮੀ ਸੀ, ਜਦ ਕਿ ਦੇਵੀ ਆਪ ਉਸੇ ਅਕਾਲ ਪੁਰਖ ਤੋਂ ਸੱਤਯਾ ਲੈਣ ਦੀ ਮੁਥਾਜ ਹੈ। ਜੇ ਦੇਵੀ ਸੁੰਭ ਨਿਸੁੰਭ ਆਦਿਕਾਂ ਨਾਲ ਲੜਨ ਸਮੇਂ ਸਰੀਰ ਧਾਰੀ ਹੋਈ ਸੀ ਤੇ ਦੇਵੀ ਨੇ ਕਿਸੇ ਅਸਥੂਲ ਤੱਤਾਂ ਵਾਲੇ ਸਰੀਰ ਵਿਚ ਤਦੋਂ ਕਾਰਨਾਮੇ ਕੀਤੇ ਸਨ ਤੇ ਸੁੰਭ ਨਿਸੁੰਭ ਆਦਿਕਾਂ ਦੇ ਸੀਸ ਕੱਟੇ ਸਨ ਤਦ ਹੁਣ ਬੀ ਉਸੇ ਤਰ੍ਹਾਂ ਸਾਰਾ ਜੰਗ ਦਾ ਕੰਮ ਆਪ ਕਰਨਾ ਸੀ। ਕਿਉਂਕਿ ਸੁੰਭ ਨਿਸੁੰਭ ਵੇਲੇ ਕਿਸੇ ਦੇ ਸਿਰ ਪ੍ਰਭਾਵ ਪਾਕੇ ਆਪ ਅਰਸ਼ਾਂ ਵਿਚ ਨਹੀਂ ਸੀ ਖੜੋਤੀ ਰਹੀ, ਪ੍ਰਤੱਖ ਮੈਦਾਨਿ ਜੰਗ ਵਿਚ ਆਕੇ ਲੜੀ ਸੀ। ਜੇ ਉਹ ਆਦਿ ਭਵਾਨੀ ਤੇ ਜ੍ਯੋਤਿ ਮਹਾਨੀ ਤੇ ਮਹਾਂਸ਼ਕਤੀ ਤੇ ਰਚਨ ਪਾਲਨ ਸੰਹਾਰਕਰਤਾ ਸੀ ਤਦ ਉਸ ਲਈ ਸਰੀਰ ਧਾਰਕੇ ਪ੍ਰਗਟ ਹੋਣਾ ਖੱਬੇ ਹੱਥ ਦਾ ਕਰਤਬ ਸੀ। ਉਸ