ਆਦਿ-ਕਥਾ
ਸਤਿਆਵ੍ਰਤ ਪ੍ਰਾਚੀਨ ਗ੍ਰੰਥਾਂ ਵਿਚ ਤ੍ਰਿਸ਼ੰਕੂ ਦੇ ਨਾਂ ਨਾਲ ਮਸ਼ਹੂਰ ਹੈ। ਤ੍ਰਿਸੰਕੂ ਦੀ ਕਥਾ ਰਮਾਇਣ (ਵਾਲਮੀਕੀ ਰਮਾਇਣ -ਬਾਲ ਕਾਂਡ, ਸਰਗ 57-59), ਸ੍ਰੀ 'ਮਦ ਭਾਗਵਤ (ਨੌਵਾਂ ਸਕੰਦ), ਹਰੀਵੰਸ਼ (ਅਧਿਆਇ 12 ਤੇ 13) ਅਤੇ ਦੇਵੀ ਭਾਗਵਤ ਵਿਚ ਮਿਲਦੀ ਹੈ। ਸਤਿਆਵ੍ਰਤ ਤੋਂ ਇਲਾਵਾ ਪੁਰਾਤਨ ਰਿਖੀ ਵਸਿਸ਼ਠ ਤੇ ਵਿਸ਼ਵਾਮਿੱਤਰ ਇਸ ਕਥਾ ਦੇ ਹੋਰ ਪ੍ਰਮੁੱਖ ਪਾਤਰ ਹਨ। ਇਨ੍ਹਾਂ ਰਿਸ਼ੀਆਂ ਦੇ ਆਪਸੀ ਝਗੜੇ ਦੇ ਵਰਣਨ ਇਨ੍ਹਾਂ ਗ੍ਰੰਥਾਂ ਵਿਚ ਤੇ ਕੁਝ ਹੋਰ ਪ੍ਰਾਚੀਨ ਗ੍ਰੰਥਾਂ ਵਿਚ (ਜਿਵੇਂ ਮਹਾਂਭਾਰਤ-ਆਦਿਪਰਵ) ਮਿਲਦੇ ਹਨ। ਕਈ ਗ੍ਰੰਥਾਂ ਵਿਚ ਕਥਾ ਸੰਪੂਰਨ ਰੂਪ ਵਿਚ ਹੈ ਪਰ ਕਈ ਥਾਵਾਂ ਤੇ ਇਸਦਾ ਰੂਪ ਖੰਡਿਤ ਤੇ ਬਹੁਤ ਹੀ ਛੋਟਾ ਹੈ। ਜੇ ਕਥਾ ਨੂੰ ਇਕੱਠਿਆਂ ਕਰ ਲਿਆ ਜਾਏ ਤਾਂ ਇਹਦਾ ਸੰਯੁਕਤ ਰੂਪ ਹੇਠ ਲਿਖੇ ਅਨੁਸਾਰ ਬਣਦਾ ਹੈ :
ਸਤਿਆਵ੍ਰਤ ਅਯੋਧਿਆ ਦੇ ਰਾਜੇ ਤ੍ਰਿਆਅਰੁਣ ਦਾ ਪੁੱਤਰ ਸੀ । ਉਸ ਦੇ ਸੁਭਾਅ ਤੇ ਬਾਹੂਬਲ ਬਾਰੇ ਵੱਖ ਵੱਖ ਪੁਰਾਣਾਂ ਵਿਚ ਕਈ ਤਰ੍ਹਾਂ ਦੇ ਵਰਣਨ ਮਿਲਦੇ ਹਨ। ਇਕ ਵਾਰ ਜਦ ਇਕ ਬ੍ਰਾਹਮਣ ਦੀ ਧੀ ਦਾ ਵਿਆਹ ਹੋ ਰਿਹਾ ਸੀ ਤਾਂ ਸਤਿਆਵ੍ਰਤ ਵਿਆਹ-ਮੰਡਪ ਵਿਚ ਦਾਖਲ ਹੋਇਆ ਅਤੇ ਲਾੜੀ ਨੂੰ ਉਠਾ ਕੇ ਲੈ ਗਿਆ । ਇਸ ਗੱਲ ਤੋਂ ਗੁੱਸੇ ਹੋ ਕੇ ਮਹਾਰਾਜ ਤ੍ਰਿਆਅਰੁਣ ਨੇ ਸਤਿਆਵ੍ਰਤ ਨੂੰ ਅਯੋਧਿਆ ਛੱਡ ਦੇਣ ਦਾ ਆਦੇਸ਼ ਦਿੱਤਾ ਅਤੇ ਸਤਿਆਵ੍ਰਤ ਨਗਰ ਤੇ ਬਾਹਰ ਤਥਾ ਕਥਿਤ ਨੀਵੇਂ ਲੋਕਾਂ (ਦਲਿਤਾਂ ਤੇ ਸ਼ਵ-ਪਾਚਕਾਂ) ਨਾਲ ਰਹਿਣ ਲੱਗਾ । ਪੁਰਾਣਾਂ ਵਿਚ ਇਸ ਗੱਲ ਦਾ ਸਾਫ ਇਸ਼ਾਰਾ ਮਿਲਦਾ ਹੈ ਕਿ ਇਹ ਆਦੇਸ਼ ਅਯੋਧਿਆ ਦੇ ਪ੍ਰੋਹਿਤ ਮਹਾਰਿਸ਼ੀ ਵਸਿਸ਼ਠ ਦੇ ਕਹਿਣ ਤੇ ਦਿੱਤਾ ਗਿਆ। ਵਸਿਸ਼ਠ ਦਾ ਵਰਣਨ ਕਈ ਥਾਵਾਂ ਤੇ ਭਗਵਾਨ ਵਸਿਸ਼ਠ ਕਰਕੇ ਮਿਲਦਾ ਹੈ, ਜੋ ਉਸਦੇ ਪ੍ਰਭਾਵ ਤੇ ਮਹੱਤਤਾ ਦੀ ਗਵਾਹੀ ਹੈ। ਇਸ ਗੱਲ ਦੇ ਪੂਰੇ ਸੰਕੇਤ ਮਿਲਦੇ ਹਨ ਕਿ ਸਤਿਆਵ੍ਰਤ ਦੇ ਮਨ ਵਿਚ ਵਸਿਸ਼ਠ ਪ੍ਰਤੀ ਬਹੁਤ ਘ੍ਰਿਣਾ ਤੇ ਨਿਰਾਸ਼ਾ ਉਤਪੰਨ ਹੋਈ, ਕਿਉਂਕਿ ਉਸਨੂੰ ਯਕੀਨ ਸੀ ਕਿ ਪਿਤਾ ਦੇ ਇਸ ਆਦੇਸ਼ ਪਿੱਛੇ ਰਿਸ਼ੀ ਵਸਿਸ਼ਠ ਦਾ ਹੱਥ ਹੈ।
ਪੁੱਤਰ ਦੇ ਨਗਰ ਜਾਣ ਤੋਂ ਬਾਅਦ ਤ੍ਰਿਆਅਰੁਣ ਦੇ ਮਨ ਵਿਚ ਵੀ ਵੈਰਾਗ ਆਇਆ ਤੇ ਉਹ ਵੀ ਤਪ ਕਰਨ ਜੰਗਲਾਂ ਵਿਚ ਚਲਾ ਗਿਆ। ਪੁਰਾਣਾਂ ਵਿਚ ਵਰਣਨ ਹੈ ਕਿ ਉਸ ਸਮੇਂ, ਪ੍ਰੋਹਤਾਈ ਤੇ ਜਜਮਾਨੀ ਸੰਬੰਧ ਕਾਰਨ ਰਾਜਕਾਜ ਦਾ ਸਾਰਾ ਕੰਮਕਾਰ ਰਿਸ਼ੀ ਵਸਿਸ਼ਠ ਦੇ ਹੱਥਾਂ ਵਿਚ ਚਲਾ ਗਿਆ। ਇਸੇ ਸਮੇਂ ਦੌਰਾਨ ਹੀ ਰਾਜ ਵਿਚ ਭਿਆਨਕ ਕਾਲ ਪਿਆ ਤੇ ਕਈ ਸਾਲ ਵਰਖਾ ਨਹੀਂ ਹੋਈ। ਉਦੋਂ ਹੀ ਰਿਸ਼ੀ ਵਿਸ਼ਵਾਮਿੱਤਰ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿੱਛੇ ਛੱਡਕੇ, ਤਪੱਸਿਆ ਕਰਨ ਲਈ ਜੰਗਲਾਂ ਵਿਚ ਗਏ ਹੋਏ ਸਨ। ਇਕ ਦਿਨ ਭੁੱਖ ਤੋਂ ਤੰਗ ਆ ਕੇ ਵਿਸ਼ਵਾਮਿੱਤਰ ਦੀ