Back ArrowLogo
Info
Profile

ਆਦਿ ਕਥਨ

ਕਥਾਵਸਤੂ ਦੀ ਪੁਨਰ ਸਿਰਜਣਾ

ਸਵਰਾਜਬੀਰ ਨੇ ਆਪਣੇ ਨਾਟਕ ਧਰਮ ਗੁਰੂ ਦੀ ਕਥਾਵਸਤੂ ਪੁਰਾਣ-ਇਤਿਹਾਸ, ਵਾਲਮੀਕੀ ਰਾਮਾਇਣ ਅਤੇ ਮਹਾਂਭਾਰਤ ਵਿਚੋਂ ਲਈ ਹੈ। ਇਹਨਾਂ ਪ੍ਰਾਚੀਨ ਗ੍ਰੰਥਾਂ ਵਿਚ ਅਯੋਧਿਆ ਦੇ ਰਾਜਕੁਮਾਰ ਸਤਿਆਵ੍ਰਤ ਦੀ ਕਥਾ-ਕਹਾਣੀ ਥਾਂ ਥਾਂ ਪਈ ਹੋਈ ਮਿਲਦੀ ਹੈ। ਇਸ ਦਾ ਘੇਰਾ ਵਿਸ਼ਾਲ ਹੈ। ਇਹ ਰਾਜਕੁਮਾਰ ਸਤਿਆਵ੍ਰਤ ਦੀ ਜਵਾਨੀ ਤੋਂ ਲੈ ਕੇ ਉਸ ਦੇ ਸਵਰਗ ਜਾਣ ਅਤੇ ਸਵਰਗ ਤੋਂ ਉਸਦੇ ਬਾਹਰ ਕੱਢੇ ਜਾਣ ਤੱਕ ਫੈਲੀ ਹੋਈ ਹੈ। ਇਸ ਕਥਾ ਵਿਚ ਅਨੇਕਾਂ ਘਟਨਾਵਾਂ ਹਨ। ਉਹਨਾਂ ਦੇ ਵੱਖਰੇ ਵੱਖਰੇ ਸੰਦਰਭ ਹਨ। ਉਹ ਸੰਦਰਭ ਵੱਖਰੇ ਵੱਖਰੇ ਚਰਿਤ੍ਰਾਂ ਨਾਲ ਜੁੜੇ ਹੋਏ ਹਨ। ਸਵਰਾਜਬੀਰ ਨੇ ਰਾਜਕੁਮਾਰ ਸੱਤਿਆਵਤ ਦੀ ਇਸੇ ਖਿਲਰੀ ਹੋਈ ਕਥਾ ਨੂੰ ਆਧਾਰ ਬਣਾ ਕੇ ਆਪਣੇ ਨਾਟਕ ਧਰਮ ਗੁਰੂ ਦੀ ਕਥਾਵਸਤੂ ਦੀ ਪੁਨਰ ਸਿਰਜਣਾ ਕੀਤੀ ਹੈ ।

ਪੁਰਾਣ-ਸਾਹਿਤ ਦੀਆਂ ਕਥਾਵਾਂ ਮੂੰਹੋਂ ਮੂੰਹ ਚੱਲੀਆਂ ਆਉਣ ਵਾਲੀਆਂ ਰਵਾਇਤੀ ਕਥਾਵਾ ਹਨ। ਕਿਤੇ ਇਹ ਸਿੱਧੀਆਂ ਪੱਧਰੀਆਂ ਹਨ ਅਤੇ ਕਿਤੇ ਜਟਿਲ। ਕੋਈ ਵੀ ਰਚਨਾਕਾਰ ਜਦੋਂ ਪੁਰਾਣ- ਸਾਹਿਤ ਵਿਚੋਂ ਕਥਾ-ਕਹਾਣੀ ਲੈਂਦਾ ਹੈ ਤਾਂ ਉਹ ਆਪਣੀ ਰਚਨਾ ਨੂੰ ਕਲਾਤਮਕ ਬਨਾਉਣ ਵਾਸਤੇ ਉਸ ਦਾ ਰੂਪਾਂਤਰਣ ਕਰਦਾ ਹੈ, ਉਸ ਦੇ ਪਹਿਲੇ ਰਵਾਇਤੀ ਰੂਪ ਨੂੰ ਤੋੜਕੇ ਉਸਨੂੰ ਨਵੇਂ ਰੂਪ ਵਿਚ ਢਾਲਦਾ ਹੈ, ਉਸ ਦੀ ਪੁਨਰ-ਸਿਰਜਣਾ ਕਰਦਾ ਹੈ। ਕਥਾਵਸਤੂ ਦੀ ਰਚਨਾ-ਕਿਰਿਆ ਵਿਚੋਂ ਦੀ ਗੁਜ਼ਰਦੇ ਹੋਏ ਉਹ ਰਵਾਇਤੀ ਕਹਾਣੀ ਦੇ ਕਈ ਅੰਸ਼ ਛੱਡ ਦਿੰਦਾ ਹੈ ਅਤੇ ਕਈ ਨਵੇਂ ਅੰਸ਼ ਜੋੜ ਦਿੰਦਾ ਹੈ। ਇਸ ਦੇ ਨਾਲ ਹੀ ਉਹ ਕਥਾ ਦੀਆਂ ਘਟਨਾਵਾਂ, ਉਹਨਾਂ ਦੇ ਸਮੁੱਚੇ ਸੰਦਰਭਾਂ ਅਤੇ ਚਰਿਤ੍ਰਾ ਨੂੰ ਤਾਰਕਿਕ ਸੰਗਤੀ ਦੇਣ ਵਾਸਤੇ ਨਵੀਆਂ ਘਟਨਾਵਾਂ ਦੀ ਸ੍ਰਿਸ਼ਟੀ ਕਰਦਾ ਹੈ । ਇਸ ਰਚਨਾ-ਕਿਰਿਆ ਤੋਂ ਬਾਅਦ ਹੀ ਰਵਾਇਤੀ ਕਥਾ ਕਲਾਤਮਕ ਕਥਾਵਸਤੂ ਬਣਦੀ ਹੈ। ਸਵਰਾਜਬੀਰ ਨੇ ਰਾਜਕੁਮਾਰ ਸੱਤਿਆਵਤ (ਤ੍ਰਿਸ਼ੰਕੂ) ਦੀ ਪੁਰਾਣਕ ਕਥਾ ਦਾ ਰੂਪਾਂਤਰਣ ਕਰਦੇ ਸਮੇਂ ਇਸੇ ਰਚਨਾ- ਕਿਰਿਆ ਦਾ ਸਹਾਰਾ ਲਿਆ ਹੈ । ਆਧੁਨਿਕ ਭਾਰਤੀ ਭਾਸ਼ਾਵਾਂ ਦੇ ਰਚਨਾਕਾਰ, ਜੋ ਪੁਰਾਣ, ਵਾਲਮੀਕੀ ਰਾਮਾਇਣ ਅਤੇ ਮਹਾਂਭਾਰਤ ਵਿਚੋਂ ਕਥਾ-ਕਹਾਣੀ ਲੈ ਕੇ ਕਲਾ ਕਿਰਤ ਦੀ ਰਚਨਾ ਕਰਦੇ ਹਨ, ਇਸੇ ਰਚਨਾ-ਕਿਰਿਆ ਦਾ ਸਹਾਰਾ ਲੈਂਦੇ ਹਨ । ਸੰਸਕ੍ਰਿਤ ਦੇ ਕਵੀ ਅਤੇ ਨਾਟਕਕਾਰ ਆਪਣੇ ਮਹਾਂਕਾਵਿ ਅਤੇ ਨਾਟਕ ਲਿਖਣ ਵੇਲੇ ਇਸੇ ਵਿਧੀ ਦੇ ਸਹਾਰੇ ਕਥਾ ਦਾ ਰੂਪਾਂਤਰਣ ਕਰਦੇ ਰਹੇ ਹਨ। ਨਾਟਕਕਾਰ ਮਹਾਂਕਵੀ ਕਾਲੀਦਾਸ ਨੇ ਵੀ ਇਸੇ ਵਿਧੀ ਰਾਹੀਂ ਆਪਣੇ ਨਾਟਕਾਂ ਦੀ ਕਥਾਵਸਤੂ ਦੀ ਸਿਰਜਣਾ ਕੀਤੀ ਸੀ।

7 / 94
Previous
Next