ਸ਼ਕੁੰਤਲਾ (ਅਭਿਗਿਆਨ ਸਾਕੁੰਤਲਮ) ਨਾਟਕ ਇਸ ਤਰ੍ਹਾਂ ਦੀ ਰਚਨਾ-ਕਿਰਿਆ ਦਾ ਠੋਸ ਪ੍ਰਮਾਣ ਹੈ। ਇਸ ਨਾਟਕ ਦੀ ਕਥਾ ਪੁਰਾਣ ਸਾਹਿਤ ਅਤੇ ਮਹਾਂਭਾਰਤ ਵਿਚੋਂ ਲਈ ਗਈ ਹੈ। ਜਾਣਕਾਰ ਜਾਣਦੇ ਹਨ ਕਿ ਪ੍ਰਾਚੀਨ ਗ੍ਰੰਥਾਂ ਵਿਚ ਕਥਾ ਦਾ ਸਰੂਪ ਬੜਾ ਸਰਲ ਤੇ ਸਿੱਧਾ ਹੈ। ਉਸ ਵਿਚ ਦੁਸ਼ਯੰਤ ਨੂੰ ਸ਼ਕੁੰਤਲਾ ਦੀ ਪਹਿਚਾਣ ਅਕਾਸ਼ਵਾਣੀ ਰਾਹੀਂ ਹੁੰਦੀ ਹੈ। ਦੁਸ਼ਯੰਤ ਵਲੋਂ ਸ਼ਕੁੰਤਲਾ ਨੂੰ ਦਿੱਤੀ ਜਾਣ ਵਾਲੀ ਅੰਗੂਠੀ ਦਾ ਕੋਈ ਜ਼ਿਕਰ ਨਹੀਂ ਹੈ। ਪਰ ਇਸ ਘਟਨਾ ਨੂੰ ਕਾਲੀ ਦਾਸ ਨੇ ਨਾਟਕ ਦਾ ਪ੍ਰਮੁੱਖ ਸੂਤਰ ਬਣਾਇਆ ਹੈ । (ਅੰਗੂਠੀ ਗੰਧਰਵ ਵਿਆਹ ਕਰਨ ਦੀ ਨਿਸ਼ਾਨੀ ਹੈ। ਪਹਿਚਾਣ ਦਾ ਚਿੰਨ੍ਹ ਹੈ ਅਤੇ ਇਸੇ ਚਿੰਨ੍ਹ ਕਾਰਨ ਹੀ ਕਾਲੀਦਾਸ ਨੇ ਆਪਣੇ ਨਾਟਕ ਦਾ ਨਾਂ ਅਭਿਗਿਆਨ ਸਾਕੁੰਤਲਮ ਰੱਖਿਆ ਹੈ ।) ਇਸ ਤੋਂ ਬਿਨਾਂ ਵੀ ਕਾਲੀਦਾਸ ਨੇ ਬਹੁਤ ਸਾਰੇ ਕਾਲਪਨਿਕ ਪ੍ਰਸੰਗਾਂ ਤੇ ਘਟਨਾਵਾਂ ਦੀ ਸ੍ਰਿਸ਼ਟੀ ਕਰਕੇ ਨਾਟਕ ਦੀ ਕਥਾਵਸਤੂ ਦੀ ਪੁਨਰ ਸਿਰਜਣਾ ਕੀਤੀ ਹੈ*।
1. ਕਣਵ ਰਿਸ਼ੀ ਤੀਰਥ ਯਾਤਰਾ ਤੋਂ ਮੁੜ ਆਉਂਦੇ ਹਨ। ਉਹ ਦੁਸ਼ਯੰਤ-ਸ਼ਕੁੰਤਲਾ ਦੇ ਵਿਆਹ ਨੂੰ ਪਰਵਾਨਗੀ ਦੇ ਦਿੰਦੇ ਹਨ।
2. ਇਕ ਦਿਨ ਗਰਭਵਤੀ ਸ਼ਕੁੰਤਲਾ ਰਾਜਾ ਦੁਸ਼ਯੰਤ ਬਾਰੇ ਸੋਚ ਰਹੀ ਸੀ । ਦੁਰਵਾਸਾ ਰਿਸ਼ੀ ਭਿੱਖਿਆ ਮੰਗਣ ਆਉਂਦਾ ਹੈ । ਸੋਚੀਂ ਪਈ ਸ਼ਕੁੰਤਲਾ ਉਸ ਨੂੰ ਕੋਈ ਜਵਾਬ ਨਹੀਂ ਦਿੰਦੀ। ਉਹ ਸਰਾਪ ਦੇ ਦਿੰਦਾ ਹੈ ਕਿ ਤੂੰ ਜਿਸ ਬਾਰੇ ਸੋਚ ਰਹੀ ਏਂ. ਉਹ ਸਮਾਂ ਪੈਣ ਤੇ ਤੈਨੂੰ ਭੁੱਲ ਜਾਵੇਗਾ।
3. ਕਣਵ ਰਿਸ਼ੀ ਰਾਜਾ ਦੁਸ਼ਯੰਤ ਕੋਲ ਜਾਣ ਲਈ ਸ਼ਕੁੰਤਲਾ ਨੂੰ ਵਿਦਾ ਕਰ ਦਿੰਦਾ ਹੈ। ਜਦੋਂ ਸ਼ਕੁੰਤਲਾ ਬੇੜੀ ਵਿਚ ਬੈਠੀ ਨਦੀ ਪਾਰ ਕਰ ਰਹੀ ਹੁੰਦੀ ਹੈ ਤਾਂ ਦੁਸ਼ਯੰਤ ਦੀ ਪਹਿਨਾਈ ਅੰਗੂਠੀ ਉਸ ਦੀ ਉਂਗਲੀ ਵਿਚੋਂ ਨਿਕਲਕੇ ਨਦੀ ਵਿਚ ਡਿੱਗ ਜਾਂਦੀ ਹੈ ਅਤੇ ਮੱਛੀ ਉਸ ਨੂੰ ਖਾਣ ਵਾਲੀ ਚੀਜ਼ ਸਮਝ ਕੇ ਨਿਗਲ ਜਾਂਦੀ ਹੈ।
4.ਸ਼ਕੁੰਤਲਾ ਰਾਜਾ ਦੁਸ਼ਯੰਤ ਦੇ ਰਾਜਦਰਬਾਰ ਵਿਚ ਪਹੁੰਚਦੀ ਹੈ। ਰਾਜਾ ਉਸਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੰਦਾ ਹੈ। ਉਹ ਆਪਣੇ ਤੇ ਰਾਜੇ ਦੇ ਗੰਧਰਵ ਵਿਆਹ ਕਰਨ ਦੀ ਅੰਗੂਠੀ ਨਿਸ਼ਾਨੀ ਵਜੋਂ ਦਿਖਾਉਣ ਲਗਦੀ ਹੈ ਤਾਂ ਆਪਣੀ ਉਂਗਲੀ ਵਿਚ ਅੰਗੂਠੀ ਨਾ ਦੇਖ ਕੇ ਹੈਰਾਨ ਰਹਿ ਜਾਂਦੀ ਹੈ।
5. ਰਾਜਾ ਦੇ ਸਵੀਕਾਰ ਨਾ ਕਰਨ ਤੇ ਉਹ ਉਦਾਸ ਅਤੇ ਪਰੇਸ਼ਾਨ ਹੋਈ ਮਾਰੀਚ ਰਿਸ਼ੀ ਦੇ ਆਸ਼ਰਮ ਵਿਚ ਚਲੀ ਜਾਦੀ ਹੈ। ਉੱਥੇ ਹੀ ਉਹ ਆਪਣੇ ਪੁੱਤਰ ਭਰਤ ਨੂੰ ਜਨਮ ਦਿੰਦੀ ਹੈ।
6. ਇਕ ਦਿਨ ਕੋਈ ਮਛੇਰਾ ਰਾਜਾ ਦੁਸ਼ਯੰਤ ਦੀ ਰਾਜ ਸਭਾ ਵਿਚ ਆਉਂਦਾ ਹੈ ਤੇ ਮਛਲੀ ਦੇ ਪੇਟ ਵਿਚੋਂ ਮਿਲੀ ਅੰਗੂਠੀ ਰਾਜੇ ਨੂੰ ਦਿੰਦਾ ਹੈ। ਅੰਗੂਠੀ ਦੇਖ ਕੇ ਦੁਸ਼ਯੰਤ ਨੂੰ ਸਕੁੰਤਲਾ ਨਾਲ ਕੀਤੇ ਗੰਧਰਵ ਵਿਆਹ ਦੀ ਯਾਦ ਆਉਂਦੀ ਹੈ । ਉਹ ਬਿਰਹੇ ਵਿਚ ਤੜਪ ਪੈਂਦਾ ਹੈ।