ਭੂਮਿਕਾ
ਲਾਲਾ ਧਨੀ ਰਾਮ ਚਾਤ੍ਰਿਕ ਠੇਠ ਪੰਜਾਬੀ ਦੇ ਸ੍ਰੇਸ਼ਟ ਕਵੀ ਸਨ। ਉਨ੍ਹਾਂ ਦੀਆਂ ਕਵਿਤਾਵਾਂ ਵਿਚ ਕਾਵ੍ਯ ਦੇ ਸਾਰੇ ਗੁਣਾਂ ਦੀ ਭੰਮਕ ਹੈ। ਕੁਦਰਤੀ ਸ਼ਿੰਗਾਰਾਂ ਨਾਲ ਭੂਸ਼ਤ ਮੁਹਾਵਰੇਦਾਰ ਬੋਲੀ ਹੋਣ ਕਾਰਨ ਪੜ੍ਹਨ ਵਾਲਿਆਂ ਦੀ ਜ਼ਬਾਨ ਦੀ ਨੋਕ ਉੱਤੇ ਚੜ੍ਹ ਜਾਣ ਦੀ ਸਮਰੱਥਾ ਰੱਖਦੀ ਹੈ। ਚਾਤ੍ਰਿਕ ਜੀ ਕਿੱਸਾ-ਕਾਵਿ ਦੇ ਕਵੀਆਂ ਤੋਂ ਲੈ ਕੇ ਮੱਧ ਕਾਲ ਦੇ ਸ਼ਾਸਤ੍ਰੀ ਗੁਣਾਂ, ਅਲੰਕਾਰਾਂ, ਛੰਦਾਂ ਤੇ ਰੂਪਕਾਂ ਦੇ ਯੁਗ ਵਿਚੋਂ ਦੀ ਹੁੰਦੇ ਹੋਏ ਉੱਚ-ਖਿਆਲੀ ਪ੍ਰਵੀਨ ਕਵੀਆਂ ਦੇ ਹਮ-ਜੋਲੀ ਹੋ ਕੇ ਵਿਚਰੇ। ਚਾਤ੍ਰਿਕ ਜੀ ਵਰਤਮਾਨ ਤੇ ਭਵਿੱਖ ਨੂੰ ਪ੍ਰਭਾਵਤ ਕਰਨ ਵਾਲੇ ਸਾਹਿਤਕਾਰ ਸਨ।
ਪੁਰਾਣੇ ਜ਼ਮਾਨੇ ਦੇ ਸ਼ੌਂਕ ਉਨ੍ਹਾਂ ਹੰਢਾਏ ਅਤੇ ਲੋਕ-ਜੀਵਨ ਵਿੱਚ ਉਹ ਜੰਮੇ, ਪਲੇ: ਕਵਿਤਾ 'ਕੇਸਰ ਕਿਆਰੀ' ਦੀ ਗੰਧ-ਸੁਗੰਧ ਉਨ੍ਹਾਂ ਦੀਆਂ ਹੋਰ ਰਚਨਾਵਾਂ, ਖਾਸ ਕਰ ਵਾਰਤਕ ਵਿਚ ਪੰਜਾਬ ਦਾ ਜੀਵਨ ਸਮੋਇਆ ਹੁੰਦਾ ਹੈ।
ਉਨ੍ਹਾਂ ਨੇ ਪਿੰਡਾਂ ਦੇ ਜੀਵਨ ਦੇ ਚੱਜ-ਅਚਾਰ ਵਰਤ-ਵਰਤਾਉ ਦੇਖੇ ਸਨ, ਸ਼ਹਿਰੀ ਜੀਵਨ ਸ਼ਾਨ ਨਾਲ ਜੀਵਿਆ ਸੀ, ਵੱਡੇ-ਵੱਡੇ ਵਿਦਵਾਨਾਂ ਦੀ ਸੰਗਤ ਮਾਣੀ ਸੀ, ਜਿਸ ਕਾਰਨ ਜੀਵਨ ਦੇ ਕਈ ਪੱਖਾਂ ਤੋਂ ਅਮੀਰ ਸਨ। ਪੰਜਾਬੀ ਦੇ ਪ੍ਰੇਮੀ ਸਨ, ਪੰਜਾਬੀ ਸਾਹਿਤ ਸਿਰਜਿਆ ਤੇ ਪੰਜਾਬੀ ਸਭਾਵਾਂ ਵੀ ਬਣਾਈਆਂ ਤੇ ਚਲਾਈਆਂ ਸਨ। ਉੱਤਮ ਮਨੁੱਖਤਾ ਦੇ ਗੁਣਾਂ ਦੇ ਮਾਲਕ ਸਨ।
ਭਾਈ ਵੀਰ ਸਿੰਘ ਜੀ ਪਾਸ ਉਨ੍ਹਾਂ ਆਰੰਭਕ ਤੌਰ 'ਤੇ ਪ੍ਰੈਸ ਵਿਚ ਕੰਮ ਸ਼ੁਰੂ ਕੀਤਾ। ਅੱਖਰ ਲਿਖਣ ਦਾ ਕੰਮ ਸ਼ੁਰੂ ਕਰਨ ਤੋਂ ਸੋਹਣੇ ਅੱਖਰ ਲਿਖਣ ਦੀ ਕਲਾ ਸਿੱਖੀ। ਵੱਡੇ ਹੋ ਕੇ ਗੁਰਮੁਖੀ ਦੇ ਸੋਹਣੇ ਟਾਈਪ ਬਣਵਾਏ ਜਿਸ ਵਿਚ ਸੁੰਦਰ ਕਿਤਾਬਾਂ ਛਪਣ ਲੱਗੀਆਂ। ਜਿਨ੍ਹਾਂ ਨੂੰ ਦੇਖ ਕੇ ਭਾਈ ਕਾਨ੍ਹ ਸਿੰਘ ਰਚਿਤ 'ਮਹਾਨ ਕੋਸ਼' ਛਾਪਣ ਲਈ ਉਨ੍ਹਾਂ ਦਾ ‘ਸੁਦਰਸ਼ਨ ਪ੍ਰੈਸ' ਚੁਣਿਆ ਗਿਆ। 'ਮਹਾਨ ਕੋਸ਼' ਲਈ ਕੁਝ ਵਿਸ਼ੇਸ਼ ਕਿਸਮ ਦੇ ਅੱਖਰ ਵੀ ਬਣਵਾਏ। 'ਮਹਾਨ ਕੋਸ਼' ਨੂੰ ਪੂਰੀ ਰੀਝ ਨਾਲ ਛਾਪਿਆ। ਸੁੰਦਰ ਛਪਾਈ ਤੇ ਗੈਟ-ਅਪ, ਜਿਹੋ ਜਿਹੀ ਕਿਸੇ ਪ੍ਰਮਾਣਿਕ ਪੁਸਤਕ ਦੀ ਚਾਹੀਦੀ ਸੀ, ਇਸ ਗ੍ਰੰਥ ਦੇ ਰੂਪ ਵਿਚ ਸਾਹਮਣੇ ਆਈ। ਇਸ ਤੋਂ ਪਹਿਲਾਂ ਕਿਸੇ