ਪੰਜਾਬੀ ਗ੍ਰੰਥ ਦੀ ਛਪਾਈ ਅਜਿਹੀ ਹੋਈ ਨਹੀਂ ਮਿਲਦੀ। 'ਮਹਾਨ ਕੋਸ਼' ਨੂੰ ਸੋਧਣ ਵਾਲੇ ਪ੍ਰੋ: ਤੇਜਾ ਸਿੰਘ ਜੀ ਨਾਲ ਆਪ ਦਾ ਮੇਲ-ਮਿਲਾਪ ਵਧਿਆ। ਭਾਈ ਧਰਮਾਨੰਤ ਸਿੰਘ ਜੀ ਦੀ ਵੀ ਨਾਲੋਂ-ਨਾਲ ਸੰਗਤ ਮਾਣਦੇ ਰਹੇ, ਜੋ 'ਮਹਾਨ ਕੋਸ਼' ਦੀ ਛਪਾਈ ਵਿਚ ਪਰੂਵ ਪੜ੍ਹਨ ਵਾਲੇ ਸਹਾਇਕ ਸਨ।
'ਮਹਾਨ ਕੋਸ਼' ਵਿਚ ਜਿੰਨੇ ਵੀ ਵਿਅਕਤੀ ਸਹਾਇਕ ਸਨ ਉਨ੍ਹਾਂ ਦੀ ਸੰਗਤ ਮਾਨਣੀ ਤਾਂ ਸੁਭਾਵਕ ਹੀ ਸੀ, ਹੋਰ ਹਸਤੀਆਂ ਅਤੇ ਵਿਦਵਾਨਾਂ ਨਾਲ ਵੀ ਆਪ ਦੀਆਂ ਸਾਂਝਾਂ ਤੇ ਪ੍ਰੇਮ-ਪਿਆਰ ਰਿਹਾ।
ਪਹਿਲਾਂ 'ਹਰਿ ਧਨੀ' ਕਹਾਉਣ ਵਾਲੇ 'ਧਨਵਾਨ' ਬਣ ਕੇ ਆਪਣੇ ਕਾਰੋਬਾਰ ਨੂੰ ਉੱਨਤ ਕਰਦੇ ਕਰਦੇ ਧਨੀ ਰਾਮ ਜੀ ਸੱਚੀ-ਮੁੱਚੀ ਧਨੀ ਬਣ ਗਏ, ਗੁਣਾਂ ਦੇ ਧਨੀ ਅਤੇ ਉਨ੍ਹਾਂ ਅਰਥਾਂ ਵਿਚ ਵੀ ਧਨੀ ਜਿਨ੍ਹਾਂ ਕਾਰਨ ਕਿਸੇ ਵਿਅਕਤੀ ਨੂੰ ਧਨਵਾਨ ਜਾਣਿਆ ਜਾਂਦਾ ਹੈ।
ਉਨ੍ਹਾਂ ਕਈ ਰਚਨਾਵਾਂ ਲਿਖੀਆਂ। 'ਚੰਦਨ ਵਾੜੀ' ਛਪੀ ਤਾਂ ਬੜਾ ਜਸ ਹੋਇਆ। ਹੋਰ ਧਾਰਮਕ, ਸਮਾਜਕ, ਸਾਹਿਤਕ ਕਵਿਤਾਵਾਂ ਵੀ ਲਿਖਦੇ ਰਹੇ। ਅਰੰਭਕ ਕਾਲ ਵਿਚ ਹੀ, ਕਈ ਵਰ੍ਹੇ ਹੋਏ, ਉਨ੍ਹਾਂ ਦੀ ਪੁਸਤਕ ‘ਧਰਮ ਬੀਰ' ਸੋਹਣੀ ਛਪੀ ਹੋਈ ਪ੍ਰਾਪਤ ਹੋਈ। ਕਿਤਾਬ ਵਿਚ ਧਰਮ ਹੇਤ, ਜੀਅ ਦਾਨ ਦੇਣ ਵਾਲੀਆਂ ਕਵਿਤਾਵਾਂ, ਵਾਰਾਂ ਤੇ ਸਰਲ ਛੰਦ ਦੇ ਰੂਪ ਵਿਚ ਪੜ੍ਹਨ ਨੂੰ ਮਿਲੀਆਂ ਤਾਂ ਅਨੁਭਵ ਹੋਇਆ ਧਨੀ ਰਾਮ ਜੀ ਨੇ ਪੰਜਾਬ ਦੇ ਇਤਿਹਾਸ ਦੇ ਸ਼ਹੀਦਾਂ ਦੇ ਪੱਖ ਦਾ ਸਾਹਿਤਕ ਖੱਪਾ ਪ੍ਰੇਮ ਤੇ ਪ੍ਰਸੰਨਤਾ ਨਾਲ ਪੂਰਿਆ ਹੈ।
ਕੁਝ ਚਿਰ ਤੋਂ ਇਹ ਪੁਸਤਕ ਅਲੱਭ ਸੀ ਪਰ ਅਤੀ ਲੋੜੀਂਦੀ ਵੀ ਸੀ, ਸੋ ਹੁਣ ਇਹ ਛਪ ਕੇ ਪਾਠਕਾਂ ਦੇ ਸਾਹਮਣੇ ਆਈ ਹੈ। ਬੇਸ਼ੱਕ ਪਿੱਛੇ ਜਿਹੇ ਭਾਸ਼ਾ ਵਿਭਾਗ ਵਲੋਂ ਲਾਲਾ ਧਨੀ ਰਾਮ ਜੀ ਦੀਆਂ ਛਾਪੀਆਂ ਗਈਆਂ ਸਾਰੀਆਂ ਪੁਸਤਕਾਂ ਦੇ ਛਾਪੇ ਸੰਗ੍ਰਹਿ ਵਿੱਚ ਇਹ ਪੁਸਤਕ ਵੀ ਆ ਗਈ ਹੈ ਪਰੰਤੂ ਅਸੀਂ ਇਸ ਪੁਸਤਕ ਨੂੰ ਅੱਜ ਦੇ ਜ਼ਮਾਨੇ ਵਿੱਚ ਪ੍ਰਾਸੰਗਕ ਬਣਾਉਣ ਲਈ ਉਸ ਦੇ ਪਹਿਲੇ ਰੂਪ ਵਿਚ ਛਾਪਣ ਲਈ ਚੁਣਿਆ ਹੈ ਜਿਸ ਦਾ ਸਾਹਿਤ ਤੇ ਇਤਿਹਾਸ ਦੇ ਰਸੀਏ ਖਾਸ ਕਰ ਗਾਉਣ ਵਾਲੇ ਢਾਡੀ ਵਿਸ਼ੇਸ਼ ਲਾਭ ਉਠਾਉਣਗੇ।
ਪੰਜਾਬ ਦੇ ਮਹਾਨ ਸਿੱਖ ਸ਼ਹੀਦਾਂ ਦੇ ਕਵਿਤਾ ਵਿਚ ਪ੍ਰਸੰਗ ਲਿਖਣ ਵਾਲਾ ਕਵੀ, ਧਨੀ ਰਾਮ ਇੱਕ ਅਜਿਹੀ ਹਸਤੀ ਸੀ ਜਿਸ ਨੇ ਮਹਾਨ ਸ਼ਹੀਦਾਂ ਦੇ ਸਾਕਿਆਂ ਨੂੰ ਵਾਚ ਕੇ ਅੱਗੋਂ ਅਨੇਕਾਂ ਹੋਰਨਾਂ ਦੇ ਗਾਉਣ ਲਈ ਮਹਾਨ ਕੁਰਬਾਨੀਆਂ ਦੇ ਪ੍ਰਸੰਗ ਅੰਕਤ ਕੀਤੇ।