ਸਿੱਖ ਇਤਿਹਾਸ ਉੱਤੇ ਇਕ ਸਰਸਰੀ ਝਾਤ ਹੀ ਦੱਸ ਦਿੰਦੀ ਹੈ ਕਿ ਇਸ ਕੌਮ ਵਿੱਚ ਸ਼ਹੀਦੀਆਂ ਦੀ ਪਰੰਪਰਾ ਨੂੰ ਸ਼ਿਰੋਮਣੀ ਸਥਾਨ ਪ੍ਰਾਪਤ ਹੈ। ਹਰ ਰੋਜ਼ ਜਿਥੇ ਸਿੱਖ ਆਪਣੀ ਅਰਦਾਸ ਵਿਚ, ਸਿੱਖ ਧਰਮ ਦੇ ਸੰਚਾਲਕ ਗੁਰੂ ਸਾਹਿਬਾਨ ਦੇ ਨਾਮ ਸਿਮਰਨ ਵਿਚ ਲਿਆਉਂਦੇ ਹਨ, ਉਥੇ ਆਪਣੇ ਸ਼ਹੀਦਾਂ ਨੂੰ ਇਨ੍ਹਾਂ ਸ਼ਬਦਾਂ ਨਾਲ ਯਾਦ ਕੀਤਾ ਜਾਂਦਾ ਹੈ:
"ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ।"
ਸਿੱਖ ਧਰਮ ਦਾ ਇਤਿਹਾਸ ਹੋਰਨਾਂ ਪੁਸਤਕਾਂ ਨਾਲੋਂ ਹਟ ਕੇ ਕੇਸਰ ਦੇ ਛਿੱਟਿਆਂ ਦੀ ਥਾਂ ਧਰਮ ਹੇਤ ਜੀਅ ਦਾਨ ਦੇਣ ਵਾਲੇ ਸ਼ਹੀਦਾਂ ਦੇ ਲਹੂ ਦੀਆਂ ਲੀਕਾਂ ਨਾਲ ਰੰਗਿਆ ਹੋਇਆ ਹੈ। ਭਾਰਤ ਦੀ ਧਰਮ ਪਰੰਪਰਾ ਵਿਚ ਸ਼ਹੀਦੀ ਦਾ ਗਾਡੀ ਰਾਹ ਚਲਾਉਣ ਵਾਲੇ ਪੰਜਵੇਂ ਸਤਿਗੁਰੂ, ਗੁਰੂ ਅਰਜਨ ਦੇਵ ਜੀ ਸਨ। ਉਨ੍ਹਾਂ ਨੇ ਆਪਣੀ ਸ਼ਹੀਦੀ ਰਾਹੀਂ ਪਿਛਲੇ ਪ੍ਰਚਲਿਤ ਕਰਮ-ਫਲ ਦੇ ਸਿਧਾਂਤ ਨੂੰ ਅਸਲੋਂ ਨਿਰਮੂਲ ਸਿੱਧ ਕਰ ਦਿੱਤਾ, ਜਿਵੇਂ ਭਾਰਤੀ ਫਲਸਫੇ ਦੀ ਇੱਕ ਮਨੌਤ ਸੀ ਕਿ ਚੰਗੇ ਕਰਮ ਕਰਨ ਵਾਲੀਆਂ ਹਸਤੀਆਂ ਕਦੇ ਦੁੱਖ ਨਹੀਂ ਸਹਿੰਦੀਆਂ ਜਾਂ ਜੋ ਦੁੱਖ ਸਹਿੰਦੇ ਹਨ, ਉਹ ਆਪਣੇ ਕਰਮਾਂ ਦਾ ਫਲ ਭੋਗਦੇ ਹਨ। ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ,
"ਜਦ ਹਿੰਦ ਵਾਸੀਆਂ ਦੀ ਸਭ ਤੋਂ ਪਿਆਰੀ, ਇੱਜ਼ਤ ਤੇ ਧਰਮ ਨੂੰ ਹੱਥ ਪਾਇਆ ਗਿਆ ਤਾਂ ਲੋਕਾਂ ਦੀ ਗ਼ੈਰਤ ਨੇ ਸਿੱਖੀ ਦਾ ਰੂਪ ਧਾਰਿਆ ਅਤੇ ਨਵੇਂ ਸਿਰਿਓਂ ਅਮਲੀ ਜੀਵਨ ਦੀ ਪੱਧਤੀ ਚਲ ਪਈ। ਲੋਕਾਂ ਨੂੰ ਸਮਝ ਆਉਣ ਲੱਗੀ ਕਿ, ਨੇਕੀ ਤਾਂ ਨਾਂ ਹੀ ਕੁਰਬਾਨੀ ਦਾ ਹੈ।" (ਸਿੱਖ ਸਭਿਆਚਾਰ ਤੇ ਹੋਰ ਧਾਰਮਿਕ ਲੇਖ, ਪੰਨਾ ੧੧੨)
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪਿਛੋਂ ਜਿਵੇਂ ਸਿੱਖ ਧਰਮ ਸ਼ਹੀਦੀਆਂ ਦਾ ਇਕ ਪ੍ਰਵਾਹ ਹੀ ਬਣ ਗਿਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਅਨੰਦਪੁਰ ਦੇ ਅਨੇਕਾਂ ਸ਼ਹੀਦ, ਮੁਕਤਸਰ ਦੇ ਚਾਲੀ ਮੁਕਤੇ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁੱਖਾ ਸਿੰਘ ਜੀ ਤੇ ਮਤਾਬ ਸਿੰਘ ਜੀ,