ਭਾਈ ਸ਼ਬੇਗ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ, ਭਾਈ ਤਾਰਾ ਸਿੰਘ ਜੀ (ਵਾਂ) ਵਾਲੇ ਆਦਿਕ ਸ਼ਹੀਦਾਂ ਦੇ ਨਾਂਵਾਂ ਦੀ ਮਾਲਾ ਅਸੀਂ ਨਿਤ ਫੇਰਦੇ ਹਾਂ। ਵਿਸ਼ੇਸ਼ ਕਰਕੇ ਮਾਈਆਂ, ਭੈਣਾਂ, ਸਿੰਘਣੀਆਂ ਜਿਨ੍ਹਾਂ ਨੇ ਚੱਕੀਆਂ ਪੀਸੀਆਂ, ਖੰਨੀ-ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ ਤੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ, ਪਰ ਸਿੱਖੀ ਸਿਦਕ ਨਹੀਂ ਹਾਰਿਆ, ਸਿੱਖ ਇਤਿਹਾਸ ਦੇ ਅਤੀ ਦਰਦਨਾਕ ਕਾਂਡ ਅੱਖਾਂ ਅੱਗੇ ਲਿਆਉਂਦੇ ਹਾਂ।
ਸ਼ਹੀਦ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਆਦਿ ਅਨੇਕ ਅਜਿਹੇ ਕੁਰਬਾਨੀ ਦੇ ਪੁੰਜ ਹੋਏ ਜਿਨ੍ਹਾਂ ਵਿਚੋਂ ਹਰ ਇਕ ਦੀ ਸ਼ਹੀਦੀ ਦਾ ਪ੍ਰਸੰਗ ਸੁੱਤੀ ਕੌਮ ਨੂੰ ਜਗਾਉਣ ਦੀ ਸਮਰੱਥਾ ਰੱਖਦਾ ਹੈ। ਕੌਮ ਉਹ ਹੀ ਜਿਉਂਦੀ ਰਹਿੰਦੀ ਹੈ ਜੋ ਆਪਣੇ ਸ਼ਹੀਦਾਂ, ਯੋਧਿਆਂ, ਗਿਆਨੀਆਂ, ਵਿਦਵਾਨਾਂ, ਗੁਰਮੁਖਾਂ ਅਤੇ ਸੱਚੇ ਸੰਤਾਂ ਨੂੰ ਯੋਗ ਸਤਿਕਾਰ ਦੇ ਕੇ ਉਨ੍ਹਾਂ ਦੀ ਕਰਣੀ ਕਮਾਈ ਤੋਂ ਪ੍ਰੇਰਨਾ ਲੈਂਦੀ ਰਹਿੰਦੀ ਹੈ।
ਬਹੁਤ ਸਾਰੇ ਪੁਰਾਤਨ ਸਿੱਖ ਵਿਦਵਾਨਾਂ ਨੇ ਵਿਸ਼ੇਸ਼ ਰੂਪ ਵਿਚ ਸ਼ਹੀਦਾਂ ਦੇ ਪ੍ਰਸੰਗ ਨੂੰ ਆਪਣੀ ਰੂਹ ਪਾ ਕੇ ਕਲਮ-ਬੰਦ ਕੀਤਾ ਹੈ। ਇਨ੍ਹਾਂ ਵਿੱਚ 'ਸੂਰਜ ਪ੍ਰਕਾਸ਼' ਦੇ ਕਰਤਾ ਕਵੀ ਭਾਈ ਸੰਤੋਖ ਸਿੰਘ, ‘ਪ੍ਰਾਚੀਨ ਪੰਥ ਪ੍ਰਕਾਸ਼' ਅਤੇ ਗਿਆਨੀ ਗਿਆਨ ਸਿੰਘ ਲਿਖਤ ਵੱਡਾ ਪੰਥ ਪ੍ਰਕਾਸ਼ ਮੁੱਢਲੇ ਗ੍ਰੰਥ ਹਨ। ਗਿਆਨੀ ਦਿੱਤ ਸਿੰਘ ਨੇ ਵੀ ਸ਼ਹੀਦੀਆਂ ਦੇ ਪ੍ਰਸੰਗ ਲਿਖੇ ਹਨ ਜਿਨ੍ਹਾਂ ਵਿੱਚ ਇੱਕ ਸਿੱਖ ਬੱਚੇ ਦੀ ਸ਼ਹੀਦੀ ਖ਼ਾਸ ਤੌਰ 'ਤੇ ਵਰਣਨ ਯੋਗ ਹੈ। ਫਿਰ ਭਾਈ ਵੀਰ ਸਿੰਘ ਜੀ ਨੇ ਸਿੱਖ ਕੌਮ ਨੂੰ ਉਨ੍ਹਾਂ ਦੇ ਸ਼ਹੀਦੀ ਵਿਰਸੇ ਦੀਆਂ ਕਥਾਵਾਂ ਸੁਣਾਈਆਂ। ਕੁਝ ਹੋਰ ਲੇਖਕਾਂ, ਕਵੀਸ਼ਰਾਂ ਨੇ ਪ੍ਰਸੰਗਾਂ ਦੇ ਰੂਪ ਵਿੱਚ ਤੇ ਕੁਝ ਨੇ ਲੋਕ ਕਵਿਤਾਵਾਂ ਅਤੇ ਛੰਦ-ਬੱਧ ਰੂਪ ਵਿੱਚ ਪ੍ਰਸੰਗ ਲਿਖੇ, ਜੋ ਸਿੱਖ ਸੰਗਤਾਂ ਦੇ ਦੀਵਾਨਾਂ ਵਿਚ ਗਾਏ ਤੇ ਸੁਣਾਏ ਜਾਂਦੇ ਰਹੇ ਹਨ। ਧਨੀ ਰਾਮ ਚਾਤ੍ਰਿਕ ਦਾ ਸਿੱਖ ਸ਼ਹੀਦਾਂ ਦੇ ਸਾਕਿਆਂ ਦੇ ਪ੍ਰਸੰਗਾਂ ਦਾ ਸੰਗ੍ਰਹਿ ‘ਧਰਮ ਬੀਰ ਇਸੇ ਵੰਨਗੀ ਦੀ ਅਜਿਹੀ ਉੱਤਮ ਕਿਰਤ ਹੈ ਜਿਸ ਵਿੱਚ ਅੰਕਿਤ ਪ੍ਰਸੰਗਾਂ ਨੂੰ ਬੜੀ ਦੇਰ ਤੱਕ ਪਾਠਕ ਪੜ੍ਹਦੇ ਤੇ ਢਾਡੀ ਗਾਉਂਦੇ ਰਹੇ ਅਤੇ ਕਵੀ ਦੀਆਂ ਇਹ ਰਚਨਾਵਾਂ ਗੁਰੂ ਸੰਗਤਾਂ ਦੀ ਪ੍ਰਸੰਸਾ ਦੀਆਂ ਪਾਤਰ ਬਣੀਆਂ ਰਹੀਆਂ। ਉਨ੍ਹਾਂ ਦੇ ਸਰਲ ਜਿਹੇ ਦਿਲ ਟੁੰਬਣ ਵਾਲੇ ਬੋਲ ਸੁਣਨ-ਪੜ੍ਹਨ ਵਾਲਿਆਂ ਅੰਦਰ ਸੁੱਤੀਆਂ ਕਲਾਂ ਜਗਾਉਂਦੇ ਰਹੇ।
ਲਾਲਾ ਧਨੀ ਰਾਮ ਚਾਤ੍ਰਿਕ ਦਾ ਜਨਮ ੧੮ ਅੱਸੂ ਸੰਮਤ ੧੯੩੩ (ਅਕਤੂਬਰ ੧੮੬੭ ਈ.) ਨੂੰ ਪਿੰਡ ਪਸੀਆਂ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਇਹ ਪਿੰਡ ਕਿੱਸਾ ਲੇਖਕ ਇਮਾਮ ਬਖਸ਼ ਦੇ ਕਿੱਸਿਆਂ ਕਰਕੇ ਪਹਿਲਾਂ ਹੀ ਬਹੁਤ ਪ੍ਰਸਿੱਧ