ਅਨੇਕਾਂ ਰਾਜੇ ਮਹਾਰਾਜੇ, ਚਕ੍ਰਵਰਤੀ ਮਹਾਰਾਜੇ ਆਏ ਤੇ ਚਲੇ ਗਏ ਪਰ ਇਤਿਹਾਸ ਦੇ ਪਤ੍ਰੇ ਕਈਆਂ ਦਾ ਨਾਮ ਵੀ ਨਹੀਂ ਦੱਸ ਸਕਦੇ। ਸੋ ਜਸ ਦਾ ਟਿੱਕਾ ਲੈਣ ਵਾਲੇ ਭਲੇ ਪੁਰਸ਼ਾਂ ਦਾ ਨਾਉਂ ਹੀ ਅਟੱਲ ਰਹਿੰਦਾ ਹੈ। ਇਕ ਪਾਸੇ ਓਹ ਬਲੀ ਸ਼ਹਿਨਸ਼ਾਹ ਔਰੰਗਜ਼ੇਬ ਜਿਸ ਦੇ ਨਾਮ ਦੀ ਦੋਹੀ ਕੰਨਿਆਕੁਮਾਰੀ ਤੋਂ ਹਿਮਾਲਯ ਤਕ ਫਿਰਦੀ ਸੀ, ਜਿਸ ਨੇ ਆਪਣੇ ਪਿਤਾ ਨੂੰ ਕੈਦ ਕਰਕੇ ਬੰਦੀਖਾਨੇ ਸਿੱਟ ਦਿੱਤਾ ਤੇ ਭਰਾਵਾਂ ਦੀਆਂ ਜਾਨਾਂ ਵੀ ਕੋਹੀਆਂ, ਅਮਿਤ ਲਾਉ-ਲਸ਼ਕਰ, ਤਰਕਸ਼ ਤੇ ਖਜ਼ਾਨੇ ਦੇ ਮਦ ਵਿਚ ਭਾਰਤ ਦੀ ਛਾਤੀ 'ਤੇ ਪਾਪ ਕਮਾਉਂਦਾ ਆਪਣੇ ਨਾਉਂ ਨੂੰ ਕਲੰਕੀ ਕਰ ਗਿਆ। ਦੂਜੇ ਪਾਸੇ ਉਹ ਗਰੀਬ ਪਰ ਮਹਾਨ ਬਲੀ-ਆਤਮਾ ਕਿਸ ਤਰ੍ਹਾਂ ਜਰਵਾਣਿਆਂ ਦੀ ਅਨੀਤੀ ਤੇ ਜ਼ੁਲਮ ਸਹਾਰ ਕੇ "ਸੀ" ਨਹੀਂ ਕਰਦੇ ਤੇ ਆਪਣਾ ਤਨ ਮਨ ਤੇ ਧਨ ਵਾਰ ਕੇ ਇਤਿਹਾਸ ਨੂੰ ਉੱਜਲਾ ਕਰਦੇ ਹਨ। ਕੀ ਹੋਰ ਮਾਂਦਗੀਆਂ ਤੇ ਦੂਜੇ ਕਾਰਣਾਂ ਕਰਕੇ ਅਨੇਕਾਂ ਆਦਮੀ 'ਰੋਜ਼ ਕਾਲ ਦਾ ਗ੍ਰਾਸ ਨਹੀਂ ਬਣਦੇ? ਕੋਈ ਉਨ੍ਹਾਂ ਦਾ ਨਾਉਂ ਵੀ ਨਹੀਂ ਦਸਦਾ, ਪਰ ਉਹ ਪ੍ਰੋਪਕਾਰੀ ਜੀਵ ਜੋ ਦੂਜੇ ਦੇ ਦੁੱਖ ਝੇਲਣ ਲਈ ਆਪ ਕਸ਼ਟ ਸਹਾਰ ਕੇ ਦੂਜੇ ਦਾ ਭਲਾ ਕਰਨ ਤੇ ਦੁੱਖ ਹਟਾਉਣ ਲਈ ਜਾਨ ਵੀਟਦੇ ਹਨ ਉਹ ਸਦਾ ਜੀਉਂਦੇ ਤੇ ਅਮਰ ਪਦਵੀ ਪਾਉਂਦੇ ਹਨ। ਉਹ ਮਹਾਨ ਪ੍ਰਤਾਪੀ ਸੱਤਾਂ ਪੀੜ੍ਹੀਆਂ ਦਾ ਸ਼ਹਿਨਸ਼ਾਹ ਪਾਪ ਜ਼ੁਲਮ ਦੇ ਕਾਰਨ ਆਪਣੇ ਰਾਜ ਦੀ ਜੜ੍ਹ ਮੇਖ ਗੁਆ ਜਾਂਦਾ ਹੈ, ਪਰ ਇਹ ਗਰੀਬ ਬੇਸਰੋ ਸਾਮਾਨ ਅਮਿਤ ਕਸ਼ਟ ਸਹਾਰ ਕੇ ਵੀ, ਏਨੀ ਵੱਡੀ ਤਾਕਤ ਨੂੰ ਮਲੀਆ-ਮੇਟ ਕਰ ਦੇਂਦੇ ਹਨ. ਇਹ ਹੋਰ ਕੁਝ ਨਹੀਂ।
ਸਿਰਫ ਸੱਚ ਨੂੰ ਪਿਆਰ ਕਰਨ ਵਾਲੀ ਆਤਮਾ
ਦਾ ਸਿੱਟਾ ਹੈ ਜੋ ਇੱਕ-ਇੱਕ ਸਿੱਖ ਸੈਂਕੜੇ ਹਜ਼ਾਰਾਂ 'ਤੇ ਭਾਰੂ ਸੀ, ਇਕ ਬੂੰਦ ਪਾਣੀ ਦਾ ਸਮੁੰਦ੍ਰ ਨਾਲ ਹੀ ਟਾਕਰਾ ! ਪਰ "ਧਰਮ" ਇਕ ਅਜਿਹੀ ਅਚੱਲ, ਅਮਰ, ਅਜ਼ਰ, ਅਡੋਲ ਤੇ ਸੁਖ ਸੰਪੱਤੀ ਦਾ ਬੜਾ ਵੱਡਾ ਭੰਡਾਰ ਹੈ ਕਿ ਜਿਸ ਦੇ ਸਾਹਵੇਂ ਪਾਪਾਂ ਦਾ ਪੱਕਾ' ਕੋਟ ਕੁਝ ਚਿਰ ਵੀ ਨਹੀਂ ਠਹਿਰ ਸਕਦਾ। ਜੇ ਕਦੀ ਸਾਡੇ ਪਾਠਕਾਂ ਵਿਚੋਂ ਸੱਚ ਦੇ ਪਿਆਰੇ ਤੇ ਧਰਮ ਦੇ ਵਾਸਤਵਿਕ ਚਾਹੁਣ ਵਾਲੇ ਸੱਜਣ ਅੱਜ ਕਲ੍ਹ ਦੀ ਪਾਪਾਂ ਵੇੜ੍ਹੀ ਕਾਲੀ ਬੋਲੀ ਹਨੇਰ ਘੁਪ-ਘੇਰ ਰਾਤ ਵਿਚ, ਜਦ ਸੱਚ ਤੇ ਧਰਮ ਦਾ ਸੂਰਜ ਅਸਤਾਂਚਲ ਬਿਰਾਜਮਾਨ ਹੋ ਰਿਹਾ ਹੈ, ਆਪਣੇ ਘਟਾਂ ਵਿਚ ਪ੍ਰਕਾਸ਼ ਕਰਕੇ ਦੂਜਿਆਂ ਨੂੰ ਸੁਮਾਰਗ ਦਾ ਪੱਥ ਦੱਸਣ ਵਾਲੇ ਪੈਦਾ ਹੋ ਜਾਣ ਤਾਂ ਸਾਡੀ ਮੇਹਨਤ ਸਫਲੀ ਹੈ ਤੇ ਤਦੇ ਹੀ ਅਸੀਂ ਵਾਧੇ ਵਿਚ ਪੈਰ ਰੱਖ ਸਕਦੇ ਹਾਂ। ਜਿਸ ਨਾਲ ਸਮਗ੍ਰ ਘਰਾਂ ਦਾ ਆਚਰਨ ਉੱਚਾ ਤੇ ਧਰਮ ਦੇ ਪਿਆਰ ਕਰਨ ਵਾਲਾ ਹੋਵੇ ਅਤੇ ਸਾਡੇ ਬਜ਼ੁਰਗਾਂ ਦੀ ਅਮਿਟ ਤੇ ਅਦੁਤੀ ਕੀਰਤੀ ਨੂੰ ਜੋ ਸਾਡੇ ਗੰਦੇ ਕਰਤਵਾਂ ਦੇ ਸਬੱਬ ਗ੍ਰਹਿਣ ਲੱਗ ਰਿਹਾ ਹੈ ਫੇਰ ਉਸੇ ਤਰ੍ਹਾਂ ਪ੍ਰਕਾਸ਼ ਹੋ ਆਵੇ ਤੇ ਅਸੀਂ ਸਾਬਤ ਕਰ ਵਿਖਾਈਏ ਕਿ ਅਸੀਂ ਠੀਕ ਉਨ੍ਹਾਂ ਹੀ ਬਜ਼ੁਰਗਾਂ ਦੇ ਨਾਮ ਲੇਵੇ ਹਾਂ ਤੇ ਠੀਕ ਉਨ੍ਹਾਂ ਦਾ ਹੀ ਬਲਵਾਨ ਪਵਿਤ੍ਰ ਖੂਨ ਸਾਡੇ ਰਗੋ-ਰੇਸ਼ੇ ਵਿਚ ਹੈ ਤੇ ਅਸੀਂ ਵਾਸਤਵ ਵਿਚ ਬਿਨਾਂ ਕਿਸੇ ਟਪਾਰ ਦਿਖਾਵੇ ਦੇ ਧਰਮ ਦੇ ਪਿਆਰੇ ਹਾਂ। ਧਰਮ ਹੀ ਇਕ ਸਾਰ ਵਸਤੂ