Back ArrowLogo
Info
Profile

ਦੀਵਾ ਬੁਝ ਗਿਆ ਜੇ ਸਾਡਾ, ਪਿੱਛੇ ਪਾਣੀ ਦੇਸੀ ਕੌਣ?

ਗੋਦੀ ਦੇ ਵਿਚ ਕੌਣ ਬਹੇਗਾ, ਮਾਂ ਕਹਿ ਲਾਡ ਕਰੇਸੀ ਕੌਣ।

ਲੜ ਲਾਈਂ ਤੇ ਤਰਸ ਕਰੀਂ, ਨਾ ਉਸ ਦਾ ਸਿਰ 'ਤੇ ਚੁੱਕੀਂ ਪਾਪ।

ਸੂਹੇ ਅਜੇ ਨ ਮੈਲੇ ਹੋਏ, ਦੇਉਗ ਸਾਰੀ ਉਮਰ ਸਰਾਪ।

ਖਾਹਿ ਹੰਢਾਇ ਨ ਡਿੱਠਾ ਬੱਚਾ, ਕੀਤੇ ਕੋਇ ਨ ਚਾਓ ਮਲ੍ਹਾਇ।

ਕੋਮਲ ਕਲੀ ਫਲੀ ਨਾ ਫੁੱਲੀ, ਜਾਸੀ ਬਿਨ ਖਿੜਿਆਂ ਕੁਮਲਾਇ।

ਪਤੀ ਪ੍ਰੇਮ ਦੀ ਛਾਓਂ ਹੀਣੀ, ਝੋਲੀ ਸੁੰਞੀ, ਗੋਦ ਨ ਲਾਲ।

ਕੌਣ ਤੁਰੇਗਾ ਪਿੱਛੇ ਹੋ ਕੇ, ਜੀ ਪਰਚੇਗਾ ਕਿਸਦੇ ਨਾਲ?

ਪਿਉ ਆਖੇ ਓਇ ਲਾਲ ਨ ਹਠ ਕਰ, ਮੇਰਾ ਹੋਸੀ ਮੰਦਾ ਹਾਲ।

ਬੁੱਢੇ ਵਾਰੇ ਉਮਰ ਕਟੇਗੀ, ਮੇਰੀ ਕਿਸ ਡੰਗੋਰੀ ਨਾਲ?

ਆਪਣਾ ਆਪ ਨਹੀਂ ਜੇ ਪਿਆਰਾ, ਸਾਡੇ 'ਤੇ ਕਰ ਪਰਉਪਕਾਰ।

ਨ ਕਰ ਅੜੀ ਮੁਸਲਮਾਂ ਹੋ ਜਾ, ਜੀਉਂਦਾ ਰਹੁ ਅੱਖਾਂ ਨੂੰ ਠਾਰ।

ਦੁਨੀਆਂ ਦਾ ਕੁਝ ਦੇਖ ਨ ਸੱਕੋਂ, ਮਾਣ ਨ ਚੁੱਕੋਂ ਐਸ਼ ਬਹਾਰ।

ਕਾਹਦੇ ਜੋਗੀ ਉਮਰ ਤੇਰੀ ਹੈ, ਕਰ ਲੈ ਮੌਜ ਅਜੇ ਦਿਨ ਚਾਰ।

 

ਧਰਮੀ ਦੇ ਅਚੱਲ ਹਿਰਦੇ ਦੇ ਬੋਲ

ਸੁਣ ਹਾੜੇ ਮਾਂ ਪਿਉ ਦੇ, ਧਰਮੀ ਕਹਿੰਦਾ ਬ੍ਰਿਥਾ ਕਰੋ ਵਿਰਲਾਪ।

ਕੱਚੇ ਹਨ ਸਨਬੰਧ ਜਗਤ ਦੇ, ਸਦਾ ਨ ਨਿਭਣ ਕਦੇ ਭੀ ਸਾਕ।

ਆਤਮ ਸਦਾ ਅਬੰਧ ਰਹੇ, ਦੁਨੀਆਂਚਾਰੀ ਹਨ ਸਾਕ ਸੰਜਾਇ।

ਕੌਣ ਪਿਤਾ ਅਰ ਕੌਣ ਪੁਤ੍ਰ ਹੈ, ਕੌਣ ਭੈਣ ਅਰ ਕੌਣ ਭਰਾਇ?

ਨਾਸਮਾਨ ਮਿੱਟੀ ਦਾ ਪੁਤਲਾ, ਅੱਜ ਨ ਕੱਲ੍ਹ ਹੋ ਜਾਸੀ ਨਾਸ।

ਧਰ ਤਯਾਗ ਜੇ ਜੀਉਣਾ ਲੋੜਾਂ, ਤਦ ਕੀ ਵਧ ਜਾਵਣਗੇ ਸਾਸ?

ਹੁਣ ਡਰ ਕੇ ਜੇ ਜਿੰਦ ਬਚਾਈ, ਤਦ ਭੀ ਟਲ ਨ ਸਕੇਗਾ ਕਾਲ।

ਉਸ ਵੇਲੇ ਕੀ ਯਤਨ ਕਰੋਗੇ, ਮਰੇ ਪੁਤ੍ਰ ਬੀਮਾਰੀ ਨਾਲ?

ਮਾਲਕ ਵੱਲੋਂ ਮੂੰਹ ਭੁਆ ਕੇ, ਪੁੱਤਰ ਨਾਲ ਨ ਕਰੋ ਪਿਆਰ।

ਓਹ ਹੈ ਸਭ ਦਾ ਮਾਲਕ ਪਾਲਕ, ਕੱਚੀ ਪੱਕੀ ਵੱਢਣਹਾਰ।

ਧਨ ਦੌਲਤ ਅਰ ਚੈਨ ਜਗਤ ਦੇ, ਚਾਰ ਦਿਨਾਂ ਦੀ ਮੌਜ ਬਹਾਰ।

ਧਰਮ ਸਹਾਈ ਦੀਨ ਦੁਨੀ ਦਾ, ਉਸ ਤੋਂ ਸਭ ਕੁਝ ਦੇਵਾਂ ਵਾਰ।

ਸੁਖ ਵਾਰਾਂ, ਸੰਪਤ ਨੂੰ ਵਾਰਾਂ, ਵਾਰ ਦਿਆਂ ਉਸ ਤੋਂ ਪਰਵਾਰ।

ਸਦਕੇ ਕਰ ਦਿਆਂ ਜਿੰਦ ਆਪਣੀ, ਪਰ ਨਾ ਤਿਆਗਾਂ ਧਰਮ ਪਿਆਰ।

163 / 173
Previous
Next