

ਧਰਮੀ ਬਾਲਕ ਧਰਮ ਪਾਲ ਕੇ, ਜਾ ਪਹੁੰਚਾ ਸ੍ਵਾਮੀ ਦੇ ਦ੍ਵਾਰ।
ਨਾਮ ਛੋੜ ਗਿਆ ਦੁਨੀਆਂ ਅੰਦਰ, ਸਦ ਜੀਵਨ ਦੀ ਕਰਕੇ ਕਾਰ।
'ਧਰਮੀ' ਪਦ ਲੈ ਸੁਰਪੁਰ ਪਹੁੰਚੇ, ਹਿੰਦੂ ਧਰਮ ਦੀ ਰੱਖੀ ਆਨ।
ਤਾਰੇ ਵਾਂਗਰ ਦਮਕਨ ਹਿਤ, ਜਾ ਟਿਕੇ ਹਕੀਕਤ ਉੱਚ ਸਥਾਨ।
ਹੋਇ ਸੁਰਖਰੂ ਪੈਧੇ ਪਹੁੰਚੇ ਸਾਈਂ ਸੱਚੇ ਦੇ ਦਰਬਾਰ।
ਨਾਮ ਪਵਿੱਤਰ ਯਾਦ ਰੱਖਣ ਹਿਤ, ਰਹੇ ਬਿਰਾਜ ਲਾਹੌਰ ਮਝਾਰ।
ਚਮਕੇ ਸਦਾ ਸਮਾਧ ਆਪ ਦੀ, ਦਰਸ਼ਨ ਕਰ ਕਰ ਆਵੇ ਯਾਦ।
ਧਰਮ ਪੁਰੋਂ ਕੁਰਬਾਨ ਹੋਇ ਇਉਂ, ਮਾਂ ਪਿਉ ਦੀ ਧਰਮੀ ਔਲਾਦ।
ਮਨ ਨੂੰ ਪੁੱਛਣਾ
ਪਾਪੀ ਤੇ ਅਪਰਾਧੀ ਹਿਰਦੇ, ਕੰਬਣ ਸੁਣ ਧਰਮੀ ਦੀ ਕਾਰ।
ਕਾਮ ਕ੍ਰੋਧ ਅਰ ਲੋਭ ਮੋਹ ਵਿਚ, ਜੂਏ ਜਨਮ ਲਿਆ ਜਿਨ ਹਾਰ।
ਨਾਮ ਮਾਤ੍ਰ ਦੇ ਧਰਮ ਪਿਆਰ ਪਰ, ਆਪਣੇ ਜੀ ਵਿਚ ਪਏ ਵਿਚਾਰ।
ਮਾਨੁਖ ਦੇਹੀ ਮਹਾਂ ਅਮੋਲਕ, ਮਦ ਮਤਸਰ ਵਿਚ ਛੱਡੀ ਗੁਜ਼ਾਰ।
ਧਰਮ ਰਾਜ ਦੀ ਉੱਚ ਕਚਹਿਰੀ, ਦੁੱਧੋਂ ਪਾਣੀ ਲਏ ਨਿਤਾਰ।
ਪਾਪ ਕਮੱਤੇ ਉੱਘੜ ਜਾਸਨ, ਪੋਚਾ ਪਏ ਨ ਚਲੇ ਟਪਾਰ।
ਪੁੱਤਰ ਨਾਰੀ ਸਾਕ ਕਬੀਲੇ, ਪਹਿਰਾ ਦੇਣ ਨ ਜਾਂਦੀ ਵਾਰ।
ਕਰਮ ਕਮਾਏ ਪੱਲੇ ਪੈਂਦੇ, ਕੰਮ ਨ ਆਵੇ ਧਨ ਬਲਕਾਰ।
ਤਾਂ ਤੇ ਹੇ ਮਨ ! ਕਪਟ ਤਿਆਗ ਕੇ, ਕਰੀਂ ਸਚਾਈ ਅੰਗੀਕਾਰ।
ਜਿਸ ਦੇ ਬਲ ਦਰਗਾਹੇ ਜਾ ਕੇ, ਹੋਵੇ ਆਦਰ ਅਰ ਸਤਕਾਰ।
ਸੱਚੇ ਪਿਤਾ ! ਸੱਚਾਈ ਬਖਸ਼ੀਂ, ਦੇਵੀਂ ਸੱਚ ਧਰਮ ਦਾ ਪਯਾਰ।
ਪਾਪ ਕਪਟ ਛਲ ਛਿਦ੍ਰ ਤੋਂ, ਮਨ ਮੂਰਖ ਨੂੰ ਲਈਂ ਨਿਵਾਰ।
------------------
ਨੋਟ- ਸ਼ਾਹਕਾਕੂ ਮੁਸਲਮਾਨ ਦਰਵੇਸ਼ ਨੇ ਵੀ ਮੁੱਲਾਂ ਕਾਜ਼ੀਆਂ ਨੂੰ ਏਸ ਅਨੀਤ ਤੋਂ ਠਾਕਿਆ ਤੇ ਕਿਹਾ ਕਿ ਤੁਸੀਂ ਏਸ ਗਰੀਬ ਤੇ ਅਨਿਆਇ ਨਾ ਕਰੋ, ਨਹੀਂ ਤਾਂ ਤੁਹਾਡਾ ਖੁਰਾ ਖੋਜ ਹੰਕਾਰ ਮਲੀਆਮੇਟ ਹੋ ਜਾਵੇਗਾ ਪਰ ਇਹ ਕੁਝ ਨਾ ਮੰਨੇ ਤੇ ਏਹ ਸਾਕਾ ੧੧ ਮੁਹਰਮ ੧੧੦੦ ਹਿੱਜਰੀ ਮੁਤਾਬਿਕ ੧੮੦੦ ਬਿਕ੍ਰਮੀ ਨੂੰ ਵਰਤ ਗਿਆ ਤੇ ੧੮੧੦ ਵਿਚ ਸਰਦਾਰ ਹਰੀ ਸਿੰਘ ਨੇ ਸ਼ਾਹਕਾਕੂ ਦੇ ਵਾਕ ਨੂੰ ਪੂਰਾ ਕਰ ਦਿੱਤਾ।