

ਦੋਹਿਰਾ॥
ਧਰਮ ਧੁਜਾ ਫਹਿਰਾ ਗਏ, ਕਰ ਕੁਰਬਾਨ ਸਰੀਰ।
ਜਗ ਪ੍ਰਸਿੱਧ ਅੱਜ ਹੋ ਰਹੇ, ਦੀਪ ਸਿੰਘ ਬਲਬੀਰ।
ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ
ਖਾਲਸੇ ਦਾ ਪ੍ਰਣ
ਬਾਬਾ ਦੀਪ ਸਿੰਘ ਗੁਰੂ ਪਯਾਰੇ। ਮਿਸਲ ਸ਼ਹੀਦ ਬਨਾਵਣ ਹਾਰੇ।
ਅਰ ਬਾਬਾ ਗੁਰੁਬਖਸ਼ ਮ੍ਰਿਗਿੰਦ। ਉਕਤ ਮਿਸਲ ਦੇ ਚਾਨਣ ਇੰਦ।
ਸ੍ਰੀ ਕਲਗੀਧਰ ਪੰਥ ਸਹਾਈ। ਤਿਨ੍ਹਾਂ ਸੰਗ ਬਹੁ ਉਮਰ ਲੰਘਾਈ।
ਸ੍ਰੀ ਗੁਰੂ ਜਿੱਥੇ ਜੁੱਧ ਮਚਾਂਦੇ। ਤੇਗ ਪਕੜ ਏਹ ਦੋਨੋਂ ਜਾਂਦੇ।
ਕਲਗੀਧਰ ਜਦ ਦੱਖਣ ਗਏ। ਇਹ ਦੋਨੋਂ ਤਦ ਪਿੱਛੇ ਰਹੇ।
ਜਦ ਫਿਰ ਬਾਬਾ ਬੰਦਾ ਆਯਾ। ਸ਼ੇਰ ਖਾਲਸਾ ਆਣ ਜਗਾਯਾ।
ਤਦ ਏਹ ਦੋਨੋਂ ਰਲਕੇ ਨਾਲ। ਕਰਦੇ ਰਹੇ ਜੁੱਧ ਬਹੁ ਕਾਲ।
ਬਾਬਾ ਦੀਪ ਸਿੰਘ ਫਿਰ ਆਕੇ। ਵਿੱਚ ਦਮਦਮੇ ਆਸਣ ਲਾਕੇ।
ਗੁਰੂ ਬਾਣੀ ਕਰਦੇ ਪਰਚਾਰ। ਗੁਰੂ ਗ੍ਰੰਥ ਜੀ ਕਰਨ ਉਤਾਰ।
ਵਡੇ ਵਡੇ ਜੋ ਗੁਰੂ ਦੁਆਰੇ। ਸਭ ਥਾਈਂ ਭੇਜੇ ਅਸਵਾਰੇ।
ਬਾਬਾ ਗੁਰਬਖਸ਼ ਸਿੰਘ ਪਯਾਰੇ। ਰਹਿੰਦੇ ਆਨੰਦ ਪੁਰੇ ਮਝਾਰੇ।
ਗੁਰਬਾਣੀ ਦਾ ਜਾਪ ਜਪਾਂਦੇ। ਉਪਦੇਸ਼ਾਂ ਦਾ ਮੀਂਹ ਵਸਾਂਦੇ।
ਦੋਹਿਰਾ॥
ਅਹਿਮਦ ਸ਼ਾਹ ਦੁਰਾਨੀਆ ਆ ਕੇ ਵਿਚ ਪੰਜਾਬ।
ਭੜਥੂ ਪਾਯਾ ਜ਼ੁਲਮ ਦਾ, ਝੱਲੇ ਕੋਈ ਨਾ ਤਾਬ।
ਸ੍ਰੀ ਅੰਮ੍ਰਿਤਸਰ ਜੀ ਗੁਰ ਦ੍ਵਾਰਾ। ਆ ਇਸ ਨੇ ਬਹੁ ਪਾਪ ਗੁਜ਼ਾਰਾ।
ਮੰਦਰ ਦੀ ਬੇਅਦਬੀ ਕਰੇ। ਖੌਫ ਕਿਸੇ ਦਾ ਮੂਲ ਨ ਧਰੇ।
ਬਾਬਾ ਦੀਪ ਸਿੰਘ ਜੀ ਪਿਆਰੇ। ਬੈਠੇ ਸੇ ਦਮਦਮੇ ਮਝਾਰੇ।
ਜਦ ਸੁਣਿਆ ਜ਼ੁਲਮਾਂ ਦਾ ਹਾਲ। ਜੀ ਵਿਚ ਆਇਆ ਬੜਾ ਉਬਾਲ।
ਉਸੇ ਸਮੇਂ ਕਰ ਲਏ ਤਿਆਰੇ। ਕਾਰਜ ਹੋਰ ਵਿਸਾਰੇ ਸਾਰੇ।
ਅੰਮ੍ਰਿਤਸਰ ਵੱਲ ਕੀਤੀ ਧਾਈ। ਰਸਤੇ ਵਿਚ ਇਹ ਸੱਦ ਸੁਣਾਈ।