

'ਜਿਨ ਜਿਨ ਹੋਣਾ ਹੋਇ ਸ਼ਹੀਦ। ਕਲਗੀਧਰ ਦੇ ਪ੍ਰੇਮ ਮੁਰੀਦ।
ਨਾਲ ਅਸਾਡੇ ਚਲਿਆ ਆਵੇ। ਧਰਮ ਹੇਤ ਸਿਰ ਭੇਟ ਕਰਾਵੇ'।
ਦੋਹਿਰਾ॥
ਦੋਹੀ ਸੁਣ ਕੇ ਧਰਮ ਦੀ, ਜਾਗਯਾ ਪੰਥ ਪਿਆਰ।
ਸੂਰਾ ਸਿਰ ਬਲੀ ਦੇਣ ਨੂੰ, ਜੁੜਿਆ ਪੰਜ ਹਜ਼ਾਰ।
ਏਧਰ ਸੈਨਾ ਜੁੜੀ ਦੁਰਾਨੀ। ਸਿੰਘਾਂ ਦੀ ਜੋ ਦੁਸ਼ਮਨ ਜਾਨੀਂ।
ਦਲ ਕਾਲੇ ਬਾਦਲ ਵਤ ਛਾਏ। ਖਾਲੀ ਕੋਈ ਨ ਥਾਉਂ ਦਿਸਾਏ।
ਅੰਮ੍ਰਿਤਸਰੋਂ ਗੋਲ੍ਹਵੜ ਤੋੜੀ। ਛੇ ਕੋਹਾਂ ਵਿਚ ਸੈਨਾ ਜੋੜੀ।
ਸਿੰਘ ਸੂਰਮੇ ਪੰਜ ਹਜ਼ਾਰ। ਤੁਰਕਾਂ ਦਾ ਕੁਝ ਪਾਰ ਨਾ ਵਾਰ।
ਪਰ ਸ੍ਰੀ ਗੁਰ ਫੌਜਾਂ ਦਾ ਵਾਲੀ। ਧਰਮ ਕਲਾ ਜਿਨ ਬੰਨ੍ਹ ਬਹਾਲੀ।
ਬੀਰਾਂ ਦੇ ਹਿਰਦੇ ਵਿਚ ਵੱਸੇ। ਫਿਰ ਰਣ ਵਿਚੋਂ ਕੇਹੜਾ ਨੱਸੇ।
ਚੱਲ ਪਈ ਓੜਕ ਤਲਵਾਰ। ਗੋਲ੍ਹਵਾੜ ਦੇ ਲਾਗੇ ਵਾਰ।
ਬਾਬਾ ਜੀ ਹੋ ਗਏ ਦਲੇਰ। ਕਹਿੰਦੇ, ਸਿੰਘੋ ! ਬਣਨਾ ਸ਼ੇਰ।
ਸਫਾਂ ਚੀਰਦੇ ਤੁਰਦੇ ਆਣਾ। ਅੰਮ੍ਰਿਤਸਰ ਚਲ ਦਰਸ਼ਨ ਪਾਣਾ।
ਐਥੋਂ ਛੀ ਕੋਹਾਂ ਦੀ ਵਾਟ। ਲੰਘ ਦਿਖਾਣਾ ਔਘਟ ਘਾਟ।
ਸਿੰਘਾਂ ਸੂਤ ਲਈ ਤਲਵਾਰ। ਲੱਗੇ ਕਰਨ ਦੁਸ਼ਟ ਸੰਘਾਰ।
ਬਿਜਲੀ ਵਾਂਗ ਕਰੇਂਦੇ ਧਾਈ। ਤੁਰਕ ਰਕਤ ਦੀ ਨਦੀ ਵਗਾਈ।
ਦੋ ਕੋਹਾਂ ਦੇ ਵਿਚ ਦਰਿਆਇ। ਲੋਹੂ ਦਾ ਇਕ ਦੇਣ ਵਹਾਇ।
ਸਿਰ ਤੁਰਕਾਂ ਦੇ ਰੁੜ੍ਹਦੇ ਫਿਰਦੇ। ਧੜ ਹੀ ਧੜ ਰਹਿ ਗਏ ਚੁਗਿਰਦੇ।
ਦੋ ਕੋਹਾਂ ਵਿਚ ਧਰਤੀ ਸਾਰੀ। ਮੁਰਦੇ ਕਰਕੇ ਫੌਜ ਖਿਲਾਰੀ।
ਗੱਜਦੇ ਆਵਨ ਦੂਲੇ ਸ਼ੇਰ। ਲਾਈ ਜਾਵਨ ਤੁਰਕਾਂ ਢੇਰ।
ਪ੍ਰਣ ਅਪਣਾ ਨਹੀਂ ਦਿਲੋਂ ਭੁਲਾਯਾ
ਦੋਹਿਰਾ॥
ਲੜਦੇ ਮਰਦੇ ਮਾਰਦੇ, ਲੋਹੂ ਨਦੀ ਵਹਾਇ।
ਸ੍ਰੀ ਗੁਰੂ ਦ੍ਵਾਰੇ ਰਾਮਸਰ, ਲਾਗੇ ਪਹੁੰਚੇ ਆਇ।
ਏਥੇ ਫੌਜ ਜੁੜੀ ਸੀ ਭਾਰੀ। ਸਿੰਘਾਂ ਦੀ ਜਿਨ ਵਾਗ ਖਲ੍ਹਾਰੀ।
ਤੁਰਕਾਂ, ਸਿੰਘ ਦਾ ਘਮਸਾਣ। ਬਹੁਤੇ ਲੱਥੇ ਲੋਹੂ ਘਾਣ।
ਪੰਜ ਹਜ਼ਾਰੀ ਸ਼ਾਹ ਜਮਾਲ। ਆ ਜੁੱਟਾ ਬਾਬਾ ਜੀ ਨਾਲ।
ਕੱਲੇ ਕੱਲੇ ਕਰਨ ਲੜਾਈ। ਲਾਂਭੇ ਸਾਰੀ ਫੌਜ ਹਟਾਈ।